ਟੋਰਾਂਟੋ, 1 ਜੁਲਾਈ (ਪੋਸਟ ਬਿਊਰੋ) : ਬੱੁਧਵਾਰ ਸਵੇਰੇ ਇੱਕ ਐਨੈਕਸ ਘਰ ਵਿੱਚ ਲੱਗੀ ਅੱਗ ਕਾਰਨ ਦੋ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਨਾਲ ਹਜ਼ਾਰਾਂ ਡਾਲਰ ਦਾ ਨੁਕਸਾਨ ਹੋਇਆ।
ਟੋਰਾਂਟੋ ਫਾਇਰ ਨੇ ਆਖਿਆ ਕਿ ਸਵੇਰੇ 5:30 ਵਜੇ ਬਲੂਰ ਸਟਰੀਟ ਤੇ ਸਪੈਡਿਨਾ ਐਵਨਿਊ ਨੇੜੇ ਮੇਜਰ ਸਟਰੀਟ ਉੱਤੇ ਲੱਗੀ ਅੱਗ ਦੀ ਖਬਰ ਮਿਲਣ ਤੋਂ ਬਾਅਦ ਅਮਲੇ ਨੂੰ ਮੌਕੇ ਉੱਤੇ ਭੇਜਿਆ ਗਿਆ। ਮੌਕੇ ਉੱਤੇ ਪਹੁੰਚ ਕੇ ਫਾਇਰ ਅਮਲੇ ਨੇ ਦੇਖਿਆ ਕਿ ਇਮਾਰਤ ਦੇ ਆਲੇ ਦੁਆਲੇ ਧੂੰਆਂ ਹੀ ਧੂੰਆਂ ਸੀ। ਇਸ ਲਈ ਅੱਗ ਉੱਤੇ ਕਾਬੂ ਪਾਉਣ ਲਈ ਹਵਾਈ ਆਪਰੇਸ਼ਨ ਸ਼ੁਰੂ ਕੀਤਾ ਗਿਆ।
ਫਾਇਰ ਅਮਲੇ ਨੇ ਦੱਸਿਆ ਕਿ ਇੱਕ ਸਮੇਂ ਅੱਗ ਘਰ ਦੀ ਛੱਤ ਤੋਂ ਨਿਕਲਦੀ ਵੀ ਨਜ਼ਰ ਆਈ ਤੇ ਅੱਗ ਦੀਆਂ ਲਪਟਾਂ ਪਿਛਲੀ ਕੰਧ ਤੋਂ ਵੀ ਬਾਹਰ ਨਿਕਲ ਰਹੀਆਂ ਸਨ। ਅਮਲੇ ਨੇ ਅੱਗ ਨੂੰ ਵਧਣ ਤੋਂ ਰੋਕਣ ਲਈ ਕਾਫੀ ਮਸ਼ੱਕਤ ਕੀਤੀ ਪਰ ਗੁਆਂਢੀ ਘਰਾਂ ਨੂੰ ਵੀ ਇਸ ਅੱਗ ਕਾਰਨ ਨੁਕਸਾਨ ਪਹੁੰਚਿਆ। ਪਲਾਟੂਨ ਚੀਫ ਡੈਨ ਸੈ਼ਲਜ਼ ਨੇ ਦੱਸਿਆ ਕਿ ਕਾਫੀ ਮਿਹਨਤ ਤੋਂ ਬਾਅਦ ਅੱਗ ਉੱਤੇ ਸਵੇਰੇ 6:30 ਵਜੇ ਕਾਬੂ ਪਾਇਆ ਜਾ ਸਕਿਆ।
ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪਰ ਇੱਕ ਅੰਦਾਜ਼ੇ ਮੁਤਾਬਕ ਇਸ ਅੱਗ ਕਾਰਨ ਘਰ ਦਾ 500,000 ਡਾਲਰ ਦਾ ਨੁਕਸਾਨ ਹੋਇਆ।