ਟੋਰਾਂਟੋ, 30 ਜੂਨ (ਪੋਸਟ ਬਿਊਰੋ) : ਟੋਰਾਂਟੋ ਸਿਟੀ ਕਾਉਂਸਲ ਵੱਲੋਂ ਇੱਕ ਅਜਿਹੇ ਬਾਇਲਾਅ ਨੂੰ ਮਨਜੂ਼ਰੀ ਦਿੱਤੀ ਗਈ ਜਿਸ ਨਾਲ ਹੁਣ ਇੰਡੋਰ ਪਬਲਿਕ ਥਾਂਵਾਂ ਉੱਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।
ਟੋਰਾਂਟੋ ਦੇ ਉੱਘੇ ਹੈਲਥ ਅਧਿਕਾਰੀ ਨੇ ਪਹਿਲਾਂ ਇਹ ਸਿਫਾਰਿਸ਼ ਕੀਤੀ ਸੀ ਕਿ ਸਿਟੀ ਕਾਉਂਸਲ ਵੱਲੋਂ ਅਜਿਹਾ ਨਵਾਂ ਬਾਇਲਾਅ ਲਿਆਂਦਾ ਜਾਣਾ ਚਾਹੀਦਾ ਹੈ ਜਿਸ ਤਹਿਤ ਇੰਡੋਰ ਪਬਲਿਕ ਥਾਂਵਾਂ ਉੱਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਜਾਵੇ। ਮੰਗਲਵਾਰ ਸਵੇਰੇ ਮੈਡੀਕਲ ਆਫੀਸਰ ਆਫ ਹੈਲਥ ਡਾ. ਐਲੀਨ ਡੀ ਵਿੱਲਾ ਨੇ ਨਿਊਜ਼ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਿਟੀ ਵੱਲੋਂ ਵੱਧ ਤੋਂ ਵੱਧ ਲੋਕਾਂ ਦੇ ਕੱਪੜੇ ਦੇ ਮਾਸਕ ਪਾਉਣੇ ਤੇ ਮੂੰਹ ਢਕਣੇ ਲਾਜ਼ਮੀ ਕਰ ਦਿੱਤੇ ਗਏ ਹਨ।
ਇਹ ਨਿਯਮ ਇਸ ਸਾਲ ਦੇ ਅੰਤ ਤੱਕ ਸਿਟੀ ਕਾਉਂਸਲ ਦੀ ਹੋਣ ਵਾਲੀ ਪਹਿਲੀ ਮੀਟਿੰਗ, ਜੋ ਕਿ ਇਸ ਸਮੇਂ 30 ਸਤੰਬਰ ਤੋਂ ਪਹਿਲੀ ਅਕਤੂਬਰ ਤੱਕ ਹੋਣੀ ਨਿਰਧਾਰਤ ਹੈ, ਤੱਕ ਪ੍ਰਭਾਵੀ ਰਹਿਣਗੇ।
ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਕਿਸੇ ਮੈਡੀਕਲ ਕਾਰਨ ਕਰਕੇ ਕਿਸੇ ਨੂੰ ਪਰੇਸ਼ਾਨੀ
ਹੋਣ ਵਰਗੀ ਸਥਿਤੀ ਵਿੱਚ ਮਾਸਕ ਪਾਉਣ ਤੋਂ ਛੋਟ ਹੋਵੇਗੀ। ਇਹ ਐਲਾਨ ਕਰਦਿਆਂ ਵਿਲਾ ਨੇ ਆਖਿਆ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਉਹ ਸਾਰਿਆਂ ਨੂੰ ਇੱਕ ਦੂਜੇ ਦਾ ਧਿਆਨ ਰੱਖਣ ਲਈ ਆਖ ਰਹੇ ਹਨ। ਅੱਜ ਇਕ ਵਾਰੀ ਫਿਰ ਅਜਿਹੀ ਬੇਨਤੀ ਸਾਰਿਆਂ ਨੂੰ ਕੀਤੀ ਜਾ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ਏਰੀਆ ਦੀਆਂ ਮਿਉਂਸਪੈਲਿਟੀਜ਼ ਦੇ ਮੇਅਰਜ਼ ਤੇ ਚੇਅਰਜ਼ ਨੇ ਸੋਮਵਾਰ ਨੂੰ ਇੱਕ ਖੁਲ੍ਹਾ ਪੱਤਰ ਲਿਖ ਕੇ ਮਾਸਕਸ ਨੂੰ ਲਾਜ਼ਮੀ ਕਰਨ ਦੀ ਮੰਗ ਕੀਤੀ ਸੀ ਪਰ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਐਲੀਅਟ ਨੇ ਇਹ ਆਖਿਆ ਸੀ ਕਿ ਹੈਲਥ ਪ੍ਰੋਟੈਕਸ਼ਨ ਐਂਡ ਪ੍ਰਮੋਸ਼ਨ ਐਕਟ ਤਹਿਤ ਲੋਕਲ ਅਧਿਕਾਰੀਆਂ ਕੋਲ ਪਹਿਲਾਂ ਹੀ ਅਜਿਹੀ ਪਾਲਿਸੀ ਲਾਗੂ ਕਰਨ ਦਾ ਅਧਿਕਾਰ
ਹੈ।