ਪਾਣੀਪਤ, 29 ਜੂਨ (ਪੋਸਟ ਬਿਊਰੋ)- ਇੱਕ ਨੌਜਵਾਨ ਨੂੰ ਅਮਰੀਕਾ ਵਿੱਚ ਟਰੱਕ ਡਰਾਈਵਰ ਲਵਾਉਣ ਦਾ ਝਾਂਸਾ ਦੇ ਕੇ ਪੰਜਾਬ ਦੇ ਪਿਤਾ-ਪੁੱਤਰ ਨੇ ਏਜੰਟ ਨਾਲ ਮਿਲ ਕੇ 18 ਲੱਖ ਰੁਪਏ ਠੱਗ ਲਏ। ਪੀੜਤ ਨੌਜਵਾਨ ਦੀ ਸਾਲੀ ਦਾ ਪਾਣੀਪਤ ਦਾ ਮਕਾਨ ਅਤੇ ਗਹਿਣੇ ਵੀ ਵਿਕ ਗਏ। ਦੂਸਰੇ ਮਕਾਨ ਨੂੰ ਦੋਸ਼ੀਆਂ ਨੇ ਆਪਣੇ ਨਾਂਅ ਕਰਵਾ ਲਿਆ।
ਟਰੱਕ ਯੂਨੀਅਨ ਵਿੱਚ ਸੱਸ ਕੋਲ ਰਹਿਣ ਵਾਲੇ 36 ਸਾਲਾ ਕਮਲਜੀਤ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਸਾਲੀ ਪਟਿਆਲਾ ਦੇ ਮਸੀਗਨ ਪਿੰਡ ਵਿੱਚ ਰਹਿੰਦੀ ਹੈ ਅਤੇ ਸਾਂਢੂ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਉਸ ਦੇ ਕੋਲ ਆਮਦਨ ਦਾ ਸਾਧਨ ਨਹੀਂ ਸੀ। ਸਾਲੀ ਨੇ ਦੱਸਿਆ ਕਿ ਮਸੀਗਨ ਦਾ ਏਜੰਟ ਬਲਵਿੰਦਰ ਉਰਫ ਬਿੰਦਰ ਉਸ ਨੂੰ ਅਮਰੀਕਾ ਵਿੱਚ ਭਿਜਵਾ ਦੇਵੇਗਾ ਅਤੇ ਉਥੇ ਟਰੱਕ ਡਰਾਈਵਰ ਦੀ ਨੌਕਰੀ ਵੀ ਦਿਵਾ ਦੇਵੇਗਾ। ਅਗਸਤ 2018 ਵਿੱਚ ਉਹ ਸਾਲੀ ਦੇ ਕੋਲ ਗਿਆ। ਏਜੰਟ ਨੇ ਇੱਕ ਨਵੰਬਰ ਨੂੰ ਅਮਰੀਕਾ ਭਿਜਵਾਉਣ ਦਾ ਵਾਅਦਾ ਕੀਤਾ ਅਤੇ 18 ਲੱਖ ਮੰਗੇ। ਉਸ ਨੇ ਦੋ ਲੱਖ ਰੁਪਏ ਅਤੇ ਪਾਸਪੋਰਟ ਏਜੰਟ ਨੂੰ ਦਿੱਤੇ। 13 ਅਗਸਤ ਨੂੰ ਬਲਵਿੰਦਰ, ਉਸ ਦਾ ਦੋਸਤ ਤਲਵਿੰਦਰ ਸਿੰਘ ਪੋਲ ਅਤੇ ਤਲਵਿੰਦਰ ਦਾ ਪਿਤਾ ਲਾਭ ਸਿੰਘ ਪੋਲ ਪਾਣੀਪਤ ਆਏ ਤੇ ਉਸ ਨੂੰ ਦਿੱਲੀ ਲਿਜਾ ਕੇ ਹੋਟਲ ਵਿੱਚ ਠਹਿਰਾਇਆ। ਤਲਵਿੰਦਰ ਨੇ ਮੋਬਾਈਲ ਨੰਬਰ ਦੇ ਕੇ ਕਿਹਾ ਕਿ ਰਸਤੇ ਵਿੱਚ ਦਿੱਕਤ ਹੋਵੇ ਤਾਂ ਫੋਨ ਕਰ ਲੈਣਾ। ਉਸ ਨੂੰ ਅਮਰੀਕਾ ਦੇ ਬਾਰੇ ਜਾਣਕਾਰੀ ਦਿੱਤੀ। 14 ਅਗਸਤ ਨੂੰ 2.45 ਵਜੇ ਹੋਟਲ ਮਾਲਕ ਨੇ ਉਸ ਨੂੰ ਹਵਾਈ ਜਹਾਜ਼ ਦੀ ਟਿਕਟ ਦਿੱਤੀ ਅਤੇ ਉਸ ਨੂੰ ਏਜਿਸਵਾਇਆ, ਸਾਈਪੋਲੋ, ਲੀਮਾ, ਪੀਰੂ, ਗਵਾਈਕਲਵਾ, ਐਕਵਾਜੋਟ ਲਿਜਾਇਆ ਗਿਆ। 15 ਦਿਨ ਤੱਕ ਉਸ ਨੂੰ ਟਰਬੋ ਵਿੱਚ ਰੱਖਿਆ ਤੇ ਮੋਬਾਈਲ ਫੋਨ ਖੋਹ ਲਿਆ। ਸਾਲੀ ਨੂੰ ਏਜੰਟ ਨੇ ਧਮਕੀ ਦਿੱਤੀ ਕਿ ਰੁਪਏ ਨਾ ਦਿੱਤੇ ਤਾਂ ਕਮਲਜੀਤ ਨੂੰ ਮਰਵਾ ਦੇਣਗੇ। ਇਸ 'ਤੇ ਸਾਲੀ ਨੇ ਪੰਜ ਲੱਖ ਰੁਪਏ ਦਿੱਤੇ ਤਾਂ ਉਸ ਨੂੰ ਤਿੰਨ ਸਤੰਬਰ ਨੂੰ ਪਨਾਮਾ ਭੇਜ ਦਿੱਤਾ। ਤਿੰਨ ਮਹੀਨੇ ਘਰ ਕੈਦ ਰੱਖਿਆ, 17 ਮਹੀਨੇ ਕੈਲੀਫੋਰਨੀਆ ਜੇਲ੍ਹ ਵਿੱਚ ਰਿਹਾ। ਕਮਲਜੀਤ ਨੇ ਦੱਸਿਆ ਕਿ 15 ਦਿਨ ਉਸ ਨੂੰ ਪਨਾਮਾ ਦੇ ਜੰਗਲਾਂ ਵਿੱਚ ਅਤੇ ਤਿੰਨ ਮਹੀਨੇ ਗੁਆਟੇਮਾਲਾ ਵਿੱਚ ਇੱਕ ਵਿਅਕਤੀ ਦੇ ਘਰ ਰੱਖਿਆ। ਸਾਲੀ ਨੇ ਗਹਿਣੇ ਵੇਚ ਕੇ 11 ਲੱਖ ਤਿੰਨਾਂ ਦੋਸ਼ੀਆਂ ਨੂੰ ਦਿੱਤੇ। ਏਜੰਟ ਨੇ 15 ਦਿਨ ਤੱਕ ਮੈਕਸੀਕੋ ਵਿੱਚ ਹੋਟਲ ਵਿੱਚ ਰੱਖਿਆ। ਤਨਵਾਨਾ ਬਾਰਡਰ ਤੋਂ ਵੀਹ ਜਨਵਰੀ 2019 ਨੂੰ ਦੀਵਾਰ ਟਪਾ ਕੇ ਅਮਰੀਕਾ ਭੇਜ ਦਿੱਤਾ। ਤਿੰਨ ਘੰਟੇ ਬਾਅਦ ਕੈਲੀਫੋਰਨੀਆ ਪੁਲਸ ਨੇ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। 22 ਜੂਨ ਨੂੰ ਅਮਰੀਕਾ ਸਰਕਾਰ ਨੇ ਭਾਰਤ ਭੇਜ ਦਿੱਤਾ। ਤਦ ਤੋਂ ਉਹ ਕੁਰੂਕਸ਼ੇਤਰ ਵਿੱਚ ਕਵਾਰੰਟਾਈਨ ਹੈ। ਸਤਵਿੰਦਰ ਕੌਰ ਨੇ ਕਿਹਾ ਕਿ ਪਤੀ ਕਮਲਜੀਤ ਤੋਂ ਬਲਵਿੰਦਰ ਅਤੇ ਦੋਸਤ ਨੇ 18 ਲੱਖ ਰੁਪਏ ਠੱਗ ਲਏ। ਉਹ ਕਰਜ਼ਾਈ ਹੋ ਗਏ ਹਨ। ਥਾਣਾ ਚਾਂਦਨੀ ਬਾਗ ਇੰਚਾਰਜ ਅੰਕਿਤ ਕੁਮਾਰ ਨੇ ਕਿਹਾ ਕਿ ਸ਼ਿਕਾਇਤ 'ਤੇ ਠੱਗੀ ਦੇ ਦੋਸ਼ੀ ਬਲਵਿੰਦਰ, ਤਲਵਿੰਦਰ ਅਤੇ ਲਾਭ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।