Welcome to Canadian Punjabi Post
Follow us on

12

July 2025
 
ਸੰਪਾਦਕੀ

ਨਸਲਵਾਦ ਅਤੇ ਨਜ਼ਰੀਏ ਦੇ ਨਿਵੇਕਲੇ ਰੰਗ

June 26, 2020 09:36 AM

ਪੰਜਾਬੀ ਪੋਸਟ ਸੰਪਾਦਕੀ

ਅੰਗਰੇਜ਼ੀ ਦੀ ਕਹਾਵਤ ਹੈ ਕਿ ਖੂਬਸੂਰਤੀ ਵੇਖਣ ਵਾਲੇ ਦੀ ਅੱਖ ਵਿੱਚ ਸਮਾਈ ਹੁੰਦੀ ਹੈ (Beauty is in the eye of the beholder) ਜਿਸਦਾ ਇੱਕ ਅਰਥ ਇਹ ਵੀ ਹੈ ਕਿ ਵੇਖਣ ਵਾਲਾ ਵਿਅਕਤੀ ਨਿਰਧਾਰਤ ਕਰਦਾ ਹੈ ਕਿ ਖੂਬਸੂਰਤੀ ਕੀ ਹੈ। ਇਸੇ ਤਰੀਕੇ ਅੱਜ ਦੇ ਦੌਰ ਦੇ ਸੰਦਰਭ ਵਿੱਚ ਆਖਿਆ ਜਾ ਸਕਦਾ ਹੈ ਕਿ ਭੇਦਭਾਵ ਜਾਂ ਨਸਲਵਾਦ ਦਾ ਵਰਤਾਰਾ ਵੀ ਵੇਖਣ ਵਾਲੇ ਦੀ ਨਜ਼ਰ ਵਿੱਚ ਸਮਾਇਆ ਹੈ ਅਤੇ ਵੇਖਣ ਵਾਲਾ ਵਿਅਕਤੀ ਹੀ ਨਸਲਵਾਦ ਜਾਂ ਭੇਦਭਾਵ ਦੀ ਪ੍ਰੀਭਾਸ਼ਾ ਨਿਰਧਾਰਤ ਕਰਦਾ ਹੈ। ਜਾਂ ਇੰਝ ਆਖ ਲਿਆ ਜਾਵੇ ਕਿ ਸਾਡੀ ਦ੍ਰਿਸ਼ਟੀ ਸਮੂਹਿਕ ਨਾ ਹੋ ਕੇ ਨਿੱਜ ਦ੍ਰਿਸ਼ਟੀ ਬਣ ਚੁੱਕੀ ਹੈ ਜਿਸ ਕਾਰਣ ਸਮਾਜ ਵਿੱਚ ਬਰਾਰਬਤਾ ਦੇ ਨਾਮ ਉੱਤੇ ਨਾ-ਬਰਾਬਰਤਾ ਦਾ ਪਸਾਰਾ ਫੈਲਿਆ ਮਿਲਦਾ ਹੈ। ਇਹੀ ਕਾਰਣ ਹੈ ਕਿ ਅੱਜ ਕੱਲ ਆਮ ਆਦਮੀ ਦੀ ਗੱਲ ਤਾਂ ਦੂਰ ਸਗੋਂ ਡਰ ਬਣਿਆ ਰਹਿੰਦਾ ਹੈ ਕਿ ਜੋ ਸ਼ਖਸਿ਼ਅਤਾਂ ਕੱਲ ਤੱਕ ਪੂਜਨੀਕ ਸਨ, ਅੱਜ ਪਤਾ ਨਹੀਂ ਟਵਿੱਟਰ ਜਾਂ ਫੇਸਬੁੱਕ ਉੱਤੇ ਕੌਣ ਕਿਸ ਨੂੰ ਕਿਸ ਰੋਸ਼ਨੀ ਵਿੱਚ ਪੇਸ਼ ਕਰ ਦੇਵੇ।

ਸ਼ਾਇਦ ਇਹ ਤਿੜਕੇ ਹੋਏ ਨਜ਼ਰੀਏ ਦਾ ਹੀ ਨਤੀਜਾ ਸੀ ਕਿ 6 ਅਪਰੈਲ 2018 ਨੂੰ ਸਸਕੈਚਵਨ ਵਿੱਚ ਜਸਕੀਰਤ ਸਿੰਘ ਸਿੱਧੂ ਨਾਮਕ ਨੌਜਵਾਨ ਤੋਂ ਹੋਏ ਹਾਸਦੇ ਦਾ ਜਿੰਨਾ ਜਿ਼ਕਰ ਸਮੁੱਚੇ ਮੀਡੀਆ ਨੇ ਅਣਆਈ ਮੌਤ ਮਾਰੇ ਗਏ ਹਾਕੀ ਖਿਡਾਰੀਆਂ ਅਤੇ ਕੋਚ ਦਾ ਜਿ਼ਕਰ ਕੀਤਾ ਸੀ, ਉਸਤੋਂ ਜੇਕਰ ਵੱਧ ਨਹੀਂ ਤਾਂ ਉੱਨਾ ਹੀ ਮੁੱਦਾ ਜਸਕੀਰਤ ਸਿੰਘ ਸਿੱਧੂ ਦੀ ਡਰਾਈਵਿੰਗ ਨੂੰ ਲੈ ਕੇ ਉਠਾਇਆ ਗਿਆ। ਅਨੇਕਾਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਸਮੁੱਚੇ ਸਾਊਥ ਏਸ਼ੀਅਨ ਡਰਾਈਵਰਾਂ ਨੂੰ ਨਿਕੰਮੇ ਅਤੇ ਹਰ ਹਾਦਸੇ ਲਈ ਜੁੰਮੇਵਾਰ ਹੋਣ ਵਾਲੇ ਠਹਿਰਾਇਆ ਗਿਆ। ਚਲੋ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਟਿੱਪਣੀਆਂ ਦਾ ਕੀਤਾ ਜਾਣਾ ਸਮਝਿਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਸੀ ਕਿ ਮੁੱਖ ਧਾਰਾ ਦੇ ਅਖਬਾਰਾਂ ਨੇ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਜਸਕੀਰਤ ਦੇ ਪਿਛੋਕੜ, ਪੰਜਾਬ ਦੇ ਰਿਸ਼ਤੇਦਾਰਾਂ ਆਦਿ ਤੱਕ ਮੁਲਾਕਾਤਾਂ ਕਰਕੇ ਇੱਕ ਖਾਸ ਕਿਸਮ ਦਾ ਅਕਸ ਪੈਦਾ ਕੀਤਾ। ਇਸ ਉਦਾਹਰਣ ਤੋਂ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਨਸਲਵਾਦ ਕਈ ਰੂਪਾਂ ਅਤੇ ਭੇਖਾਂ ਵਿੱਚ ਵਾਪਰਦੀ ਹੈ।

ਹਾਲ ਵਿੱਚ ਹੀ ਬਰੈਂਪਟਨ ਵਿੱਚ ਹੋਏ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਮਾਂ ਅਤੇ ਉਸਦੀਆਂ ਤਿੰਨ ਬਾਲੜੀਆਂ ਦੀ ਜਾਨ ਗਈ। ਇਹ ਗੱਲ ਸਪੱਸ਼ਟ ਕੀਤੀ ਜਾਂਦੀ ਹੈ ਕਿ ਦੋਵੇਂ ਹਾਦਸਿਆਂ ਤੋਂ ਨਸਲਵਾਦ ਬਾਰੇ ਸਬਕ ਲੈਣ ਦੀ ਪ੍ਰਕਿਰਿਆ ਵਿੱਚ ਜਾਨਾਂ ਗੁਆਉਣ ਵਾਲੇ ਨਿਰਦੋਸ਼ ਵਿਅਕਤੀਆਂ ਜਾਂ ਬੱਚਿਆਂ ਬਾਰੇ ਗੱਲ ਨਹੀਂ ਕੀਤੀ ਜਾ ਰਹੀ। ਹਰ ਮਨੁੱਖ ਦਾ ਅਣਆਈ ਮੌਤ ਮਰ ਜਾਣਾ ਖਾਸ ਕਰਕੇ ਕਿਸੇ ਹੋਰ ਦੀ ਗਲਤੀ ਕਾਰਣ ਬੇਵਕਤ ਮਾਰਿਆ ਜਾਣਾ ਬਹੁਤ ਹੀ ਦੁਖਦਾਈ ਗੱਲ ਹੈ। ਸੋ ਗੱਲ ਪੀੜਤਾਂ ਬਾਰੇ ਨਹੀਂ ਸਗੋਂ ਹਾਦਸੇ ਲਈ ਜੁੰਮੇਵਾਰ ਵਿਅਕਤੀਆਂ ਬਾਰੇ ਉੱਠੇ ਪ੍ਰਤੀਕਰਮ ਬਾਰੇ ਹੈ। ਬਰੈਂਪਟਨ ਹਾਦਸੇ ਤੋਂ ਤੁਰੰਤ ਬਾਅਦ ਪੰਜਾਬੀ ਪਰਿਵਾਰਾਂ ਖਾਸਕਰਕੇ ਪੰਜਾਬੀ ਨੌਜਵਾਨਾਂ ਵਿੱਚ ਇਹ ਕਾਹਲ ਪਾਈ ਗਈ ਕਿ ਰੱਬ ਕਰੇ ਚਾਲਕ ਕੋਈ ਪੰਜਾਬੀ ਨਾ ਹੋਵੇ। ਕਾਰਣ ਇਹ ਕਿ ਅਜਿਹਾ ਹੋਣ ਦੀ ਸੂਰਤ ਵਿੱਚ ਸਮੁੱਚੇ ਭਾਈਚਾਰੇ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈ ਸਕਦਾ ਸੀ। ਬਰੈਂਪਟਨ ਵਿੱਚ ਹੋਏ ਹਾਦਸੇ ਲਈ ਜੁੰਮੇਵਾਰ 20 ਸਾਲਾ ਬਰੈਡੀ ਰੌਬਰਟਸਨ ਨੇ ਨਸ਼ਾ ਕੀਤਾ ਹੋਇਆ ਸੀ, ਉਸਦਾ ਰਿਕਾਰਡ ਪਹਿਲਾਂ ਹੀ ਬਹੁਤ ਮਾੜਾ ਰਿਹਾ ਹੈ ਪਰ ਉਸਨੂੰ ਮੀਡੀਆ ਵਿੱਚ ਉਸ ਕਦਰ ਮਾੜੀ ਰੋਸ਼ਨੀ ਵਿੱਚ ਨਹੀਂ ਵਿਖਾਇਆ ਗਿਆ ਜਿਵੇਂ ਜਸਕੀਰਤ ਦਾ ਹਸ਼ਰ ਕੀਤਾ ਗਿਆ। ਹਾਲਾਂਕਿ ਜਸਕੀਰਤ ਨੇ ਨਸ਼ਾ ਨਹੀਂ ਸੀ ਕੀਤਾ ਹੋਇਆ, ਉਸਦਾ ਕੋਈ ਮਾੜਾ ਰਿਕਾਰਡ ਨਹੀਂ ਸੀ। ਸੋ ਜੇ ਬਰੈਂਪਟਨ ਹਾਦਸੇ ਲਈ ਕੋਈ ਸਾਊਥ ਏਸ਼ੀਅਨ ਜਾਂ ਹੋਰ ਘੱਟ ਗਿਣਤੀ ਡਰਾਈਵਰ ਹੁੰਦਾ ਤਾਂ ਸ਼ਾਇਦ ਸਮੁੱਚੇ ਮੀਡੀਆ ਦੀ ਕਹਾਣੀ ਦੀ ਸੂਈ ਵੱਖਰੀ ਹੀ ਦਿਸ਼ਾ ਵਿੱਚ ਘੁੰਮ ਰਹੀ ਹੁੰਦੀ।

ਇਵੇਂ ਹੀ ਬੀਤੇ ਦਿਨੀਂ ਮਾਲਟਨ ਵਿੱਚ ਪੁਲੀਸ ਐਕਸ਼ਨ ਵਿੱਚ ਮਾਰੇ ਗਏ ਮਾਨਸਿਕ ਰੋਗੀ ਈਜ਼ਾਜ ਚੌਧਰੀ ਦੀ ਗੱਲ ਹੈ। ਹੈਰਾਨੀ ਦੀ ਗੱਲ ਹੈ ਕਿ ਮੁੱਖ ਧਾਰਾ ਦੇ ਇੱਕਾ ਦੁੱਕਾ ਮੀਡੀਆ ਨੂੰ ਛੱਡ ਕੇ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਹੋ ਜਿਹੀ ਤਿੜਕੀ ਪਹੁੰਚ ਦੇ ਚੱਲਦਿਆਂ ਕੀ ਇਹ ਸਹੀ ਸਮਾਂ ਨਹੀਂ ਕਿ ਸੰਵਾਦ ਆਰੰਭਿਆ ਜਾਵੇ ਕਿ ਨਸਲਵਾਦ ਅਤੇ ਵਿਤਕਰੇ ਨੂੰ ਲੈ ਕੇ ਹੋਣ ਵਾਲੇ ਬਦਲਾਅ ਵਿੱਚ ਹਰ ਭਾਈਚਾਰੇ ਦੀ ਸ਼ਮੂਲੀਅਤ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ। ਨਸਲਵਾਦ ਕਿਸੇ ਇੱਕ ਭਾਈਚਾਰੇ ਜਾਂ ਵਰਗ ਦਾ ਸਰੋਕਾਰ ਬਣ ਕੇ ਨਹੀਂ ਹੋਣਾ ਚਾਹੀਦਾ ਸਗੋਂ ਇਹ ਸੱਭਨਾਂ ਦਾ ਸਾਂਝਾ ਮੁੱਦਾ ਹੈ। ਗੋਰੇ, ਕਾਲੇ, ਭੁਰੇ ਜਾਂ ਪੀਲੇ ਰੰਗ ਦੀ ਬੁਨਿਆਦ ਉੱਤੇ ਪਹਿਰਾ ਦੇਣ ਦੀ ਥਾਂ ਇੱਕ ਸਾਂਝੀ ਪਹੁੰਚ ਅਪਣਾਉਣ ਦੀ ਲੋੜ ਹੈ ਜਿਸਤੋਂ ਕੈਨੇਡੀਅਨ ਸਮਾਜ ਹਾਲੇ ਕਾਫੀ ਦੂਰ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ