Welcome to Canadian Punjabi Post
Follow us on

22

April 2021
ਸੰਪਾਦਕੀ

ਸਵੈ ਚਿੰਤਨ ਨੂੰ ਜਨਮ ਦੇਵੇਗਾ ਨਸਲਵਾਦ ਨੂੰ ਲੈ ਕੇ ਜਗਮੀਤ ਸਿੰਘ ਦਾ ਸਟੈਂਡ

June 19, 2020 09:35 AM

ਐੱਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਦੋ ਦਿਨ ਪਹਿਲਾਂ ਪਾਰਲੀਮੈਂਟ ਸਪੀਕਰ ਐਂਥੋਨੀ ਰੂਟਾ ਨੇ ਸਭਾ ਵਿੱਚੋਂ ਇਸ ਲਈ ਦਿਨ ਭਰ ਵਾਸਤੇ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਸਨੇ ਬਲਾਕ ਕਿਉਬਿੱਕੋਆ ਦੇ ਇੱਕ ਐਮ ਪੀ ਅਲੇਨ ਥੈਰੀਅਨ ਨੂੰ ਨਸਲਵਾਦੀ ਆਖਿਆ ਸੀ। ਐਨਾ ਹੀ ਨਹੀਂ ਸਗੋਂ ਜਗਮੀਤ ਸਿੰਘ ਨੇ ਸਪੀਕਰ ਦੇ ਆਖਣ ਉੱਤੇ ਮੁਆਫ਼ੀ ਮੰਗਣ ਦੀ ਥਾਂ ਸਟੈਂਡ ਲਿਆ ਕਿ ਮੁਆਫੀ ਮੰਗਣਾ ਤਾਂ ਦੂਰ, ਉਹ ਆਪਣੇ ਬਿਆਨ ਨੂੰ ਵਾਪਸ ਤੱਕ ਨਹੀਂ ਲਵੇਗਾ। ਸੀ ਬੀ ਸੀ ਦੀ ਰਿਪੋਰਟ ਮੁਤਾਬਕ ਪਾਰਲੀਮੈਂਟ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਜਗਮੀਤ ਸਿੰਘ ਜਾਹਰਾ ਤੌਰ ਉੱਤੇ ਗੁੱਸੇ ਵਿੱਚ ਸਨ ਅਤੇ ਉਸਦੇ ਹੱਥਾਂ ਦਾ ਰਉਂ ਉਸਦੀ ਮਨੋਦਸ਼ਾ ਵੱਲ ਇਸ਼ਾਰਾ ਕਰਦਾ ਜਾਪਦਾ ਸੀ।

ਵਰਨਣਯੋਗ ਹੈ ਕਿ ਜਗਮੀਤ ਸਿੰਘ ਨੇ ਪਾਰਲੀਮੈਂਟ ਵਿੱਚ ਇੱਕ ਮੋਸ਼ਨ ਪੇਸ਼ ਕੀਤਾ ਸੀ ਜਿਸਦਾ ਮਨੋਰਥ ਸਮੂਹ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਮਤਾ ਪਾਸ ਕਰਨਾ ਸੀ ਕਿ ਆਰ ਸੀ ਐਮ ਪੀ (RCMP) ਸੰਸਥਾਗਤ ਨਸਲਵਾਦ (systemic racism) ਦਾ ਸਿ਼ਕਾਰ ਹੈ ਜਿਸਦਾ ਇੱਕ ਸਬੂਤ ਕਈ ਮੂਲਵਾਸੀ ਕੈਨੇਡੀਅਨਾਂ ਦਾ ਆਰ ਸੀ ਐਮ ਪੀ ਹੱਥੋਂ ਮਾਰਿਆ ਜਾਣਾ ਹੈ। ਥੈਰੀਅਨ ਇੱਕੋ ਇੱਕ ਐਮ ਪੀ ਸੀ ਜਿਸਨੇ ਇਸ ਮੋਸ਼ਨ ਦਾ ਸਮਰੱਥਨ ਨਹੀਂ ਕੀਤਾ ਜਿਸਨੂੰ ਜਗਮੀਤ ਸਿੰਘ ਨੇ ਇੱਕ ਨਸਲਵਾਦੀ ਪ੍ਰਤੀਕਰਮ ਕਰਾਰ ਦਿੱਤਾ ਹੈ।

ਨਸਲਵਾਦ ਨੂੰ ਲੈ ਕੇ ਅਸੀਂ ਸੰਵਦੇਨਸ਼ੀਲ ਸਮਿਆਂ ਵਿੱਚੋਂ ਗੁਜ਼ਰ ਰਹੇ ਹਾਂ। ਬੇਸ਼ੱਕ ਸਮੁੱਚੇ ਵਿਸ਼ਵ ਦਾ ਨਸਲਵਾਦ ਤੋਂ ਮੁਕਤ ਹੋਣਾ ਹਾਲ ਦੀ ਘੜੀ ਇੱਕ ਸੁਫਨਾ ਹੈ ਪਰ ਵਿਕਸਿਤ ਮੁਲਕਾਂ ਖਾਸ ਕਰਕੇ ਕੈਨੇਡਾ ਅਮਰੀਕਾ ਅਤੇ ਇੰਗਲੈਂਡ ਵਿੱਚ ਇਸ ਬਾਰੇ ਚੰਗੀ ਤੱਕੜੀ ਚਰਚਾ ਜਨਮ ਲੈ ਚੁੱਕੀ ਹੈ। ਜਗਮੀਤ ਸਿੰਘ ਵੱਲੋਂ ਪੇਸ਼ ਕੀਤੇ ਗਏ ਮੋਸ਼ਨ ਦਾ ਇੱਕ ਐਮ ਪੀ ਤੋਂ ਇਲਾਵਾ ਬਾਕੀ ਸਾਰਿਆਂ ਦਾ ਸਿਆਸੀ ਲੀਹਾਂ ਤੋਂ ਉੱਤੇ ਉੱਠ ਕੇ ਸਮਰੱਥਨ ਕਰਨਾ ਕੀ ਸਾਬਤ ਕਰਦਾ ਹੈ? ਇਹੀ ਕਿ ਸਾਡੇ ਸੰਵਿਧਾਨਕ ਢਾਂਚੇ ਵਿੱਚ ਇਸ ਕਰੂਪ ਦੈਂਤ ਨਾਲ ਸਿੱਝਣ ਦੀ ਇੱਛਾ ਸ਼ਕਤੀ ਮੌਜੂਦ ਹੈ। ਨਾਲ ਹੀ ਇਹ ਮੁੱਦਾ ਸਵੈ ਚਿੰਤਨ ਲਈ ਵੀ ਪ੍ਰੇਰਿਤ ਕਰਦਾ ਹੈ ਕਿ ਮਨੁੱਖੀ ਸਹਿਹੋਂਦ ਨੂੰ ਲੈ ਕੇ ਹਰ ਮੈਂਬਰ ਪਾਰਲੀਮੈਂਟ, ਹਰ ਪੱਤਰਕਾਰ, ਹਰ ਬਿਜਨਸਮੈਨ, ਹਰ ਕਮਿਉਨਿਟੀ ਆਗੂ ਅਤੇ ਕਮਿਉਨਿਟੀ ਮੈਂਬਰ ਆਪੋ ਆਪਣਾ ਰੋਲ ਕਿਵੇਂ ਅਦਾ ਕਰਦਾ ਹੈ।

ਜਗਮੀਤ ਸਿੰਘ ਦੇ ਸਿਆਸੀ ਜੀਵਨ ਵਿੱਚ ਹਾਲ ਦੇ ਸਾਲਾਂ ਦੌਰਾਨ ਨਸਲਵਾਦ ਨੂੰ ਲੈ ਕੇ ਹੋਈਆਂ ਦੋ ਤਿੰਨ ਘਟਨਾਵਾਂ ਇੱਕ ਦਿਲਚਸਪ ਦਵੰਦ ਵੱਲ ਇਸ਼ਾਰਾ ਕਰਦੀਆਂ ਹਨ। ਮਿਸਾਲ ਵਜੋਂ ਸਤੰਬਰ 2017 ਵਿੱਚ ਜੈਨੀਫਰ ਬੁਸ਼ ਨਾਮਕ ਔਰਤ ਨੇ ਜਗਮੀਤ ਸਿੰਘ ਦੀ ਬਰੈਂਪਟਨ ਵਿੱਚ ਇੱਕ ਸਿਆਸੀ ਰੈਲੀ ਦੌਰਾਨ ਉਸਨੂੰ ਮੁਸਲਮਾਨ ਆਖ ਕੇ ਮਿਸਰ ਦੇ ਕੱਟੜਪੰਥੀ ਗੁੱਟ ‘ਮੁਸਲਿਮ ਬਰੱਦਰਹੁੱਡ’ ਦਾ ਸਮਰੱਥਕ ਹੋਣ ਦਾ ਰੌਲਾ ਪਾਇਆ ਸੀ। ਉਸ ਵੇਲੇ ਕੈਨੇਡਾ ਭਰ ਵਿੱਚ ਜਗਮੀਤ ਸਿੰਘ ਨੇ ਪ੍ਰਸੰਸਾ ਖੱਟੀ ਸੀ ਕਿਉਂਕਿ ਉਸਨੇ ਇਸ ਔਰਤ ਪ੍ਰਤੀ ਗੁੱਸਾ ਵਿਖਾਉਣ ਦੀ ਥਾਂ ਆਖਿਆ ਸੀ, “ਅਸੀਂ ਪਰੇਮ ਅਤੇ ਹੌਸਲੇ ਵਿੱਚ ਯਕੀਨ ਰੱਖਦੇ ਹਾਂ”। ਇਸ ਘਟਨਾ ਤੋਂ ਬਾਅਦ ਉਸਦੇ ਸ਼ਬਦ ਸਮੂਹ ਕੈਨੇਡੀਅਨਾਂ ਦੇ ਦਿਲਾਂ ਵਿੱਚ ਮਧੂਰ ਸੰਗੀਤ ਵਾਗੂੰ ਗੁੰਜੇ ਸਨ ਕਿ ‘ਅਸੀਂ ਇਹ ਇਜ਼ਾਜਤ ਨਹੀਂ ਦੇ ਸਕਦੇ ਕਿ ਨਫ਼ਰਤ ਸਾਡੀ ਹਾਂ ਪੱਖੀ ਵਿਚਾਰਧਾਰਾ ਨੂੰ ਗੁਮਰਾਹ ਕਰਨ ਦੇ ਸਮਰੱਥ ਬਣੇ। ਮੈਂ ਭੂਰੀ ਚਮੜੀ ਅਤੇ ਦਸਤਾਰ ਕਾਰਣ ਇਹੋ ਜਿਹੀਆਂ ਬਹੁਤ ਘਟਨਾਵਾਂ ਦਾ ਸਾਹਮਣਾ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹਾਂਗਾ”। ਇਵੇਂ ਹੀ ਅਕਤੂਬਰ 2019 ਵਿੱਚ ਫੈਡਰਲ ਚੋਣਾਂ ਦੌਰਾਨ ਮਾਂਟਰੀਅਲ ਵਿੱਚ ਇੱਕ ਆਦਮੀ ਨੇ ਉਸਦੀ ਦਸਤਾਰ ਅਤੇ ਦਿੱਖ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਜਿਸ ਦੇ ਪ੍ਰਤੀਕਰਮ ਵਿੱਚ ਜਗਮੀਤ ਸਿੰਘ ਨੇ ਹਲੀਮੀ ਅਤੇ ਆਪਸੀ ਪਰੇਮ ਨੂੰ ਸਾਂਭਣਯੋਗ ਗੁਣ ਦੱਸ ਕੇ ਵਾਹ ਵਾਹ ਖੱਟੀ ਸੀ।

ਉਪਰੋਕਤ ਦੋਵੇਂ ਘਟਨਾਵਾਂ ਜਗਮੀਤ ਸਿੰਘ ਦੀ ਸਖ਼ਸਿ਼ਅਤ ਦੇ ਉਹਨਾਂ ਗੁਣਾਂ ਦਾ ਪ੍ਰਗਟਾਵਾ ਕਰਦੀਆਂ ਹਨ ਜਿਹੜੇ ਇੱਕ ਅ੍ਰਮਿਤਧਾਰੀ ਸਿੱਖ ਵਿੱਚ ਹੋਣ ਚਾਹੀਦੇ ਹਨ। ਵਿਸ਼ਵ ਭਰ ਦੇ ਹਰ ਜਾਤੀ, ਧਰਮ ਅਤੇ ਨਸਲ ਦੇ ਮਨੁੱਖਾਂ ਵਿੱਚ ਆਪਸੀ ਪਰੇਮ, ਭਾਈ ਘਨਈਆ ਵਾਗੂੰ ਵਿਰੋਧ ਵਿੱਚ ਖੜਨ ਵਾਲਿਆਂ ਨੂੰ ਵੀ ਮੁੱਹਬਤੀ ਪੱਟੀਆਂ ਕਰਨੀਆਂ ਅਤੇ ਸਰਬੱਤ ਦੇ ਭਲੇ ਵਿੱਚ ਯਕੀਨ ਕਰਨਾ ਆਦਿ। ਕੀ ਪਾਰਲੀਮੈਂਟ ਵਿੱਚ ਪਰਸੋਂ ਹੋਈ ਘਟਨਾ ਤੋਂ ਜਗਮੀਤ ਸਿੰਘ ਦਾ ਗੁੱਸੇ ਭਰਿਆ ਪ੍ਰਤੀਕਰਮ ਉਸਨੂੰ ਸਵੈ ਚਿੰਤਨ ਕਰਨ ਲਈ ਮਜ਼ਬੂਰ ਕਰੇਗਾ ਕਿ ਖੁਦ ਦੇ ਵਿਚਾਰ ਨਾਲ ਸਹਿਮਤੀ ਨਾ ਰੱਖਣ ਵਾਲਿਆਂ ਪ੍ਰਤੀ ਜਨਤਕ ਰੂਪ ਵਿੱਚ ਇੱਕ ਸਿੱਖ ਅਤੇ ਇੱਕ ਕੌਮੀ ਪਾਰਟੀ ਦੇ ਆਗੂ ਵਜੋਂ ਉਸਦਾ ਵਤੀਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਖਾਸ ਕਰਕੇ ਜਦੋਂ ਸਿੱਖ ਭਾਈਚਾਰਾ ਖੁਦ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਨਸਲਵਾਦ ਦਾ ਸਿ਼ਕਾਰ ਹੈ।

ਨਸਲਵਾਦ ਇੱਕ ਲਾਇਲਾਜ ਨਾਸੂਰ ਵਰਗੀ ਬਿਮਾਰੀ ਹੈ ਪਰ ਚਿੰਤਨ ਕਰਨਾ ਬਣਦਾ ਹੈ ਕਿ ਇਸਦਾ ਇਲਾਜ ਜਖ਼ਮ ਦੀ ਕੱਟ ਵੱਢ ਕਰਨ ਵਿੱਚ ਹੈ ਜਾਂ ਸਹੀ ਕਿਸਮ ਦੀ ਦਵਾ ਬੂਟੀ ਨਾਲ ਇਲਾਜ ਕਰਨ ਵਿੱਚ। ਜਿ਼ਕਰ ਕੀਤੀਆਂ ਗਈਆਂ ਪਹਿਲੀਆਂ ਦੋ ਘਟਨਾਵਾਂ ਜਗਮੀਤ ਸਿੰਘ ਨਾਲ ਨਿੱਜੀ ਤੌਰ `ਤੇ ਸੰਬੰਧਿਤ ਸਨ ਅਤੇ ਪਾਰਲੀਮੈਂਟ ਵਿਚ ਜਗਮੀਤ ਸਿੰਘ ਲੋਕ ਹਿੱਤ ਦੀ ਗੱਲ ਕਰਦੇ ਹੋਏ ਆਰ.ਸੀ.ਐੱਮ.ਪੀ. ਵਲੋਂ ਨਿਯਮਤ ਢੰਗ ਨਾਲ ਕੀਤੇ ਜਾ ਰਹੇ ਨਸਲਵਾਦ ਖਿਲਾਫ਼ ਮੋਸ਼ਨ ਪਾਸ ਕਰਵਾ ਰਹੇ ਸਨ। ਸ਼ਾਇਦ ਇਹੀ ਕਾਰਨ ਹੈ ਕਿ ਉਹ ਨਿੱਜੀ ਟਿੱਪਣੀਆਂ ਨੂੰ ਤਾਂ ਸਹਿ ਗਏ ਪਰ ਲੋਕਾਂ ਪ੍ਰਤੀ ਹੋ ਰਹੇ ਨਸਲੀ ਵਿਤਕਰੇ ਨੂੰ ਨਾ ਸਹਿਣ ਕਰ ਪਾਏ ਅਤੇ ਉਨ੍ਹਾਂ ਦੀ ਸਹਿਣਸ਼ੀਲਤਾ ਗੁੱਸੇ ਵਿਚ ਤਬਦੀਲ ਹੋ ਗਈ।

 

ਇਥੇ ਇਹ ਵੀ

Have something to say? Post your comment