Welcome to Canadian Punjabi Post
Follow us on

22

April 2021
ਸੰਪਾਦਕੀ

ਅਮਰੀਕਾ ਵਿੱਚ ਜਾਰਜ ਫਲਾਇਡ ਦਾ ਕਤਲ: ਬਾਬਾ ਬੋਲਨਾ ਕਿਆ ਕਹੀਐ!

June 05, 2020 05:21 AM

ਪੰਜਾਬੀ ਪੋਸਟ ਸੰਪਾਦਕੀ

ਯੁੱਗਾਂ ਯੁਗਾਂਤਰਾਂ ਤੋਂ ਮਨੁੱਖਤਾ ਨਸਲਵਾਦ ਦਾ ਸੰਤਾਪ ਕਈ ਰੰਗਾਂ ਰੂਪਾਂ ਅਤੇ ਭੇਖਾਂ ਵਿੱਚ ਭੋਗਦੀ ਆਈ ਹੈ ਅਤੇ ਇਹ ਕੋਝਾ ਵਰਤਾਰਾ ਅੱਜ ਵੀ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਨਿਰੰਤਰ ਜਾਰੀ ਹੈ। ਅਮਰੀਕਾ ਵਿੱਚ ਜਾਰਜ ਫਲਾਇਡ ਦਾ ਗੋਰੇ ਪੁਲੀਸ ਅਫ਼ਸਰ ਦੇ ਹੱਥੋਂ ਕਤਲ ਇਸ ਕੋਝੇ ਵਰਤਾਰੇ ਦੀ ਇੱਕ ਤਾਜ਼ਾ ਮਿਸਾਲ ਹੈ। ਕੀ ਫੇਸਬੁੱਕ, ਟਵਿੱਟਰ ਉੱਤੇ ਹੈਸ਼ਟੈਗ ਸਿੱਖ (#sikh) ਦਾ ਮਾਰਚ ਮਹੀਨੇ ਤੋਂ ਲੈ ਕੇ ਜੂਨ ਦੇ ਆਰੰਭ ਹੋਣ ਤੱਕ ਬਲਾਕ ਹੋਇਆ ਰਹਿਣਾ ਨਸਲਵਾਦ ਦਾ ਹੀ ਇੱਕ ਰੂਪ ਨਹੀਂ ਹੈ? ਕੀ ਵਰਤਮਾਨ ਹਾਲਾਤ ਇਸ ਗੱਲ ਦੇ ਸਬੂਤ ਨਹੀਂ ਕਿ ਨਸਲਵਾਦ ਵਿਰੁੱਧ ਆਵਾਜ਼ ਚੁੱਕਣਾ ਸਿਰਫ਼ ਪੀੜਤਾਂ ਦਾ ਹੀ ਨਹੀਂ ਸਗੋਂ ਮਨੁੱਖੀ ਸੰਵੇਦਨਾ ਭਰੇ ਹਰ ਮਨੁੱਖ ਅਤੇ ਸੰਸਥਾ ਦਾ ਫਰਜ਼ ਬਣਦਾ ਹੈ!

ਕੁੱਝ ਫਰਜ਼ ਹਨ ਜਿਹੜੇ ਸਿਆਸਤੀ ਮਜ਼ਬੂਰੀਆਂ ਨੂੰ ਮੱਦੇਨਜ਼ਰ ਰੱਖ ਕੇ ਪੂਰੇ ਕੀਤੇ ਜਾਂਦੇ ਹਨ ਜਿਸਨੂੰ ਅੰਗਰੇਜ਼ੀ ਵਿੱਚ politically correct ਹੋਣਾ ਕਿਹਾ ਜਾਂਦਾ ਹੈ। ਸਿਆਸੀ ਮਨਸਿ਼ਆਂ ਨਾਲ ਓਤਪੋਤ ਅਜਿਹੇ ਬਿਆਨਾਂ/ਬੋਲਾਂ ਵਿੱਚ ਸੰਜੀਦਗੀ ਨਹੀਂ ਸਗੋਂ ਲਿਫਾਫੇਬਾਜ਼ੀ ਹੁੰਦੀ ਹੈ। ਪਰ ਉਹਨਾਂ ਬੋਲਾਂ ਬਾਰੇ ਕੀ ਕਿਹਾ ਜਾਵੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਦੇ ਮੁੱਖ ਵਿੱਚੋਂ ਨਿਕਲਣ ਤੋਂ ਪਹਿਲਾਂ 21 ਸਕਿੰਟ ਲਈ ਕੈਮਰਿਆਂ ਦੀਆਂ ਲਾਈਟਾਂ ਦੀ ਮੌਜੂਦਗੀ ਵਿੱਚ ਬਰਫ਼ ਦੀ ਸਿੱਲ੍ਹ ਵਾਗੂੰ ਜੰਮ ਜਾਂਦੇ ਹਨ। ਕੀ ਜਸਟਿਨ ਟਰੂਡੋ ਦੀ ਆਵਾਜ਼ ਦਾ ਬੰਦ ਹੋ ਜਾਣਾ ਉਸਦੀ ਅੰਤਰ-ਵਿਵੇਚਨਾ ਦਾ ਸੂਚਕ ਹੈ ਜਾਂ ਅੰਦਰ ਛੁਪੇ ਚੋਰ ਦਾ! ਜੇ ਟਰੂਡੋ ਦੀ ਥਾਂ ਕੋਈ ਕੰਜ਼ਰਵੇਟਿਵ ਜਾਂ ਸੱਜੇ ਪੱਖੀ ਨੇਤਾ ਅਜਿਹੀ ਚੁੱਪ ਦਾ ਸਿ਼ਕਾਰ ਹੋ ਜਾਂਦਾ ਤਾਂ ਅੱਜ ਸੋਸ਼ਲ ਮੀਡੀਆ ਤੋਂ ਲੈ ਕੇ ਮੁੱਖ ਧਾਰਾ ਤੱਕ ਕਹਾਣੀ ਕੁੱਝ ਹੋਰ ਹੀ ਹੋਣੀ ਸੀ। ਡੱਗ ਫੋਰਡ ਦਾ ‘ਸਾਡੇ ਉਂਟੇਰੀਓ ਵਿੱਚ ਅਮਰੀਕਾ ਵਰਗਾ ਨਸਲਵਾਦ ਨਹੀਂ’ ਆਖਣਾ, ਮੁੜ ਕੇ ਆਪਣਾ ਬਿਆਨ ਵਾਪਿਸ ਲੈਣਾ, ਬਲੈਕ ਕਮਿਉਨਿਟੀ ਨਾਲ ਸਬੰਧਿਤ ਯੂਥ ਲਈ ਪ੍ਰੀਮੀਅਰ ਕਾਉਂਸਲ ਦੀ ਸਥਾਪਨਾ ਕਰਨਾ ਅਤੇ ਬਲੈਕ ਪਰਵਿਾਰਾਂ ਨੂੰ ਸਹਾਇਤਾ ਦੇਣ ਲਈ 1.5 ਮਿਲੀਅਨ ਡਾਲਰ ਫੰਡ ਦੇਣਾ ਆਪਣੇ ਆਪ ਵਿੱਚ ਇੱਕ ਕਹਾਣੀ ਹੈ।

ਜਾਰਜ ਫਲਾਇਡ ਦੇ ਕਤਲ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਬਾਰੇ ਸਿੱਖਾਂ ਦੀਆਂ ਮੁੱਖ ਸੰਸਥਾਵਾਂ ਦਾ ਚੁੱਪ ਰਹਿਣਾ ਵੀ ਅਜੀਬ ਜਾਪਦਾ ਹੈ। ਮਿਸਾਲ ਵਜੋਂ ਪੰਜਾਬੀ ਪੋਸਟ ਵੱਲੋਂ ਕੱਲ ਸ਼ਾਮ ਤੱਕ ਕੀਤੀ ਗਈ ਜਾਂਚ ਮੁਤਾਬਕ ਸਿੱਖ ਕੋਲੀਸ਼ਨ (the Sikh Coalition) ਤੋਂ ਇਲਾਵਾ ਕਿਸੇ ਹੋਰ ਜੱਥੇਬੰਦੀ ਦੁਆਰਾ ਕੋਈ ਬਿਆਨ ਜਾਂ ਐਕਸ਼ਨ ਨਹੀਂ ਲਿਆ ਗਿਆ ਨਹੀਂ ਵੇਖਿਆ ਗਿਆ। ਸਾਧਾਰਨ ਸਿੱਖ ਅਤੇ ਸਥਾਨਕ ਪੱਧਰ ਉੱਤੇ ਕੰਮ ਕਰਦੀਆਂ ਜੱਥੇਬੰਦੀਆਂ ਬਾਰੇ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਕੋਲ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਪ੍ਰਤੀਕਰਮ ਦੇਣ ਲਈ ਲੋੜੀਂਦੇ ਸਾਧਨ ਨਹੀਂ ਹੋ ਸਕਦੇ। ਪਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਯੂਨਾਈਟਡ ਸਿੱਖਜ਼, ਖਾਲਸਾ ਏਡ, ਇੰਗਲੈਂਡ ਵਿੱਚ ਸਿੱਖ ਕਾਉਂਸਲ, ਨੈੱਟਵਰਕ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼, ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾ ਕਾਉਂਸਲ ਜਾਂ ਉਂਟੇਰੀਓ ਗੁਰਦੁਆਰਾ ਕਮੇਟੀ ਦਾ ਕੋਈ ਬਿਆਨ ਵੇਖਣ ਪੜਨ ਨੂੰ ਨਾ ਮਿਲਣਾ ਹੈਰਾਨ ਕਰਦਾ ਹੈ।

ਜਦੋਂ 2012 ਵਿੱਚ ਇੱਕ ਗੋਰੇ ਨਸਲਵਾਦੀ Wade Michael Page ਨੇ ਮਿਲਵਾਕੀ ਦੇ ਵਿਸਕੋਨਸਿਨ ਗੁਰਦੁਆਰਾ ਸਾਹਿਬ ਵਿੱਚ 6 ਸਿੱਖਾਂ ਦਾ ਕਤਲ ਕਰ ਦਿੱਤਾ ਸੀ ਤਾਂ ਅੰਤਮ ਅਰਦਾਸ ਵਿੱਚ ਬਲੈਕ ਭਾਈਚਾਰੇ ਸਮੇਤ ਹਰ ਨਸਲ ਨਾਲ ਸਬੰਧਿਤ ਲੋਕਾਂ ਦੀ ਸ਼ਮੂਲੀਅਤ ਵੇਖੀ ਗਈ ਸੀ। ਉਸ ਵੇਲੇ ਪੰਜਾਬੀ ਪੋਸਟ ਵਿੱਚ ਅਸੀਂ ਆਰਟੀਕਲ ਲਿਖਿਆ ਸੀ ਜਿਸਦਾ ਸਿਰਲੇਖ ਸੀ, “ਮੈਂ ਓਬਾਮਾ ਬੋਲਦਾ ਹਾਂ”। ਕਤਲੇਆਮ ਤੋਂ 2-3 ਘੰਟੇ ਅੰਦਰ ਹੀ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਮਿਲਵਾਕੀ ਗੁਰੁਦਆਰਾ ਸਾਹਿਬ ਦੇ ਪ੍ਰਧਾਨ ਨੂੰ ਨਿੱਜੀ ਫੋਨ ਕਰਕੇ ਕਿਹਾ ਸੀ ਕਿ ਸਿੱਖ ਭਾਈਚਾਰੇ ਨੂੰ ਸੁਨੇਹਾ ਦੇਣਾ ਕਿ ਇੱਕੇ ਦੁੱਕੇ ਨਸਲਵਾਦੀ ਦੇ ਕੁਕਰਮ ਕਾਰਣ ਇਹ ਨਾ ਸਮਝ ਲੈਣਾ ਕਿ ਅਮਰੀਕਾ ਤੁਹਾਡਾ ਦੇਸ਼ ਨਹੀਂ ਹੈ, ਸਗੋਂ ਸੱਚ ਇਹ ਹੈ ਕਿ ਤੁਸੀਂ ਅਮਰੀਕਾ ਦੇ ਹੋ ਅਤੇ ਅਮਰੀਕਾ ਤੁਹਾਡਾ’। ਜਿਹਨਾਂ ਨੂੰ ਜਸਟਿਨ ਟਰੂਡੋ ਦੀ 21 ਸਕਿੰਟ ਦੀ ਚੁੱਪ ਵਿੱਚ ਰੱਬੀ ਰਾਜ਼ ਲੁਕਿਆ ਵਿਖਾਈ ਦੇਂਦਾ ਹੈ, ਉਹ ਟਰੂਡੋ ਦੇ ਮਿੱਤਰ ਓਬਾਮਾ ਦੇ ਪ੍ਰਤੀਕਰਮ ਨਾਲ ਮੁਕਾਬਲਾ ਕਰਕੇ ਫੈਸਲਾ ਕਰ ਸਕਦੇ ਹਨ ਕਿ ਸੰਵੇਦਨਸ਼ੀਲਤਾ ਕਿਸ ਚੀਜ਼ ਦਾ ਨਾਮ ਹੁੰਦਾ ਹੈ। ਟਰੰਪ ਤੋਂ ਡਰ ਕੇ ਉਸਦਾ ਨਾਮ ਨਾ ਲੈਣਾ ਜੇ ਸੰਵੇਦਨਸ਼ੀਲਤਾ ਹੈ ਤਾਂ ਟਰੂਡੋ ਦੇ ਪ੍ਰਤੀਕਰਮ ਨੂੰ ਮੁਬਾਰਕਵਾਦ ਆਖਣ ਵਾਲਿਆਂ ਨੂੰ ਮੁਬਾਰਕਵਾਦ ਹੋਵੇ।

ਜਾਰਜ ਫਲਾਇਡ ਦੇ ਕਤਲ ਬਾਰੇ ਆਵਾਜ਼ ਇਸ ਲਈ ਨਹੀਂ ਚੁੱਕਣੀ ਚਾਹੀਦੀ ਕਿ ਉਹ ਬਲੈਕ ਕਮਿਉਨਿਟੀ ਨਾਲ ਸਬੰਧਿਤ ਸੀ ਸਗੋਂ ਇਸ ਲਈ ਕਿ ਜਿੱਥੇ ਕਿਤੇ ਵੀ ਕਿਸੇ ਮਜ਼ਲੂਮ ਨਾਲ ਧੱਕਾ ਹੁੰਦਾ ਹੈ, ਉਹ ਮਨੁੱਖੀ ਸੰਵੇਦਨਸ਼ੀਲਤਾ ਦਾ ਹੱਕਦਾਰ ਹੈ। ਇਹ ਭਾਰਤ ਵਿੱਚ ਸੱਜੇ ਪੱਖੀਆਂ ਦਾ ਸਿ਼ਕਾਰ ਹੋਇਆ ਕੋਈ ਮੁਸਲਮਾਨ ਹੋ ਸਕਦਾ ਹੈ, ਅਫਗਾਨਸਤਾਨ ਵਿੱਚ ਸਿੱਖ, ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨ, ਮੱਧ ਪੂਰਬ ਵਿੱਚ ਈਸਾਈ ਜਾਂ ਅਮਰੀਕਾ ਵਿੱਚ ਬਲੈਕ ਭਾਈਚਾਰਾ ਹੋ ਸਕਦਾ ਹੈ। ਇੱਕ ਮਨੁੱਖ ਹੱਥੋਂ ਕਿਸੇ ਹੋਰ ਮਨੁੱਖ ਨਾਲ ਕੀਤੀ ਜਿ਼ਆਦਤੀ ਪ੍ਰਤੀ ਬੋਲਣ ਦਾ ਹੀਆ ਕਰਨਾ ਹੀ ਮਨੁੱਖੀ ਬਰਾਬਰਤਾ ਦੀ ਨੇਮ ਪਾਲਣਾ ਹੈ।

Have something to say? Post your comment