ਓਸ਼ਾਵਾ, 1 ਜੂਨ (ਪੋਸਟ ਬਿਊਰੋ) : ਐਤਵਾਰ ਰਾਤ ਨੂੰ ਓਸ਼ਾਵਾ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੇ ਜਾਣ ਦੇ ਮਾਮਲੇ ਵਿੱਚ ਦਰਹਾਮ ਪੁਲਿਸ ਇੱਕ ਮਸ਼ਕੂਕ ਦੀ ਭਾਲ ਕਰ ਰਹੀ ਹੈ।
ਰਾਤੀਂ 10:30 ਵਜੇ ਤੋਂ ਠੀਕ ਪਹਿਲਾਂ ਸਿਮਕੋ ਸਟਰੀਟ ਸਾਊਥ ਤੇ ਬਲੂਰ ਸਟਰੀਟ ਸਾਊਥ ਨੇੜੇ ਈਰੀ ਸਟਰੀਟ ਉੱਤੇ ਸਥਿਤ ਇੱਕ ਘਰ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਮੌਕੇ ਉੱਤੇ ਪਹੁੰਚੇ ਐਮਰਜੰਸੀ ਅਮਲੇ ਨੇ ਦੋ ਵਿਅਕਤੀਆਂ ਨੂੰ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਪਾਇਆ ਤੇ ਫੌਰਨ ਉਨ੍ਹਾਂ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਲਿਜਾਇਆ ਗਿਆ।
ਉਨ੍ਹਾਂ ਦੀ ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾਂਦੀ ਹੈ। ਪੁਲਿਸ ਨੇ ਦੱਸਿਆ ਕਿ ਇਹ ਗੋਲੀਕਾਂਡ ਘਰ ਦੇ ਅੰਦਰ ਹੀ ਵਾਪਰਿਆ। ਅਜੇ ਤੱਕ ਕਿਸੇ ਵੀ ਮਸ਼ਕੂਕ ਦੇ ਸਬੰਧ ਵਿੱਚ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।