· ਹੋਮ ਦੀ ਮੈਨੇਜਮੈਂਟ ਆਪਣੇ ਹੱਥਾਂ ਵਿੱਚ ਲਵੇ ਫੋਰਡ ਸਰਕਾਰ : ਐੱਸਈਆਈਯੂ
ਟੋਰਾਂਟੋ, 31 ਮਈ (ਪੋਸਟ ਬਿਊਰੋ) : ਵੱੁਡਬ੍ਰਿਜ ਲਾਂਗ ਟਰਮ ਕੇਅਰ ਹੋਮ ਦੇ ਅਠਾਰਾਂ ਮਰੀਜ਼ਾਂ, ਜੋ ਕਿ ਕੋਵਿਡ-19 ਪਾਜ਼ੀਟਿਵ ਆਏ ਸਨ, ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੈਰਾਮੈਡਿਕਸ ਵੱਲੋਂ ਸਟੀਲਜ਼ ਐਵਨਿਊ ਅਤੇ ਮਾਰਟਿਨ ਗਰੋਵ ਰੋਡ ਉੱਤੇ ਸਥਿਤ ਵੱੁਡਬ੍ਰਿਜ ਵਿਸਟਾ ਕੇਅਰ ਕਮਿਊਨਿਟੀ ਦੇ 18 ਮਰੀਜ਼ਾਂ ਨੂੰ ਸ਼ਨਿੱਚਰਵਾਰ ਰਾਤ ਯੌਰਕ ਰੀਜਨ ਦੇ ਬਾਹਰ ਸਥਿਤ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਇਸ ਹੋਮ ਦੀ ਆਪਰੇਟਰ ਵੱਲੋਂ ਜਾਰੀ ਬਿਆਨ ਅਨੁਸਾਰ ਜਿਸ ਤਰ੍ਹਾਂ ਦੀ ਕੇਅਰ ਦੀ ਇਨ੍ਹਾਂ ਸੀਨੀਅਰਜ਼ ਨੂੰ ਲੋੜ ਸੀ ਉਹ ਇੱਥੇ ਮੁਹੱਈਆ ਨਹੀਂ ਕਰਵਾਈ ਜਾ ਸਕਦੀ ਸੀ ਇਸ ਲਈ ਸਾਡੇ ਵੱਲੋਂ ਇਨ੍ਹਾਂ ਮਰੀਜ਼ਾਂ ਨੂੰ ਸਿ਼ਫਟ ਕਰਨ ਲਈ ਬਰੈਂਪਟਨ ਦੇ ਵਿਲੀਅਮ ਓਸਲਰ ਹੈਲਥ ਸਿਸਟਮ ਤੇ ਹਾਲਟਨ ਹੈਲਥਕੇਅਰ ਸਰਵਿਸਿਜ਼ ਦੀਆਂ ਓਕਵਿਲੇ ਤੇ ਮਿਲਟਨ ਸਾਈਟਸ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਸੀ। ਬਿਆਨ ਵਿੱਚ ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਸਾਰਿਆਂ ਵੱਲੋਂ ਦਿੱਤੇ ਸਹਿਯੋਗ ਦੇ ਅਸੀਂ ਸੁ਼ਕਰਗੁਜ਼ਾਰ ਹਾਂ।
ਇਸ ਦੌਰਾਨ ਸਿਏਨਾ ਸੀਨੀਅਰ ਲਿਵਿੰਗ ਦੇ ਐਗਜੈ਼ਕਟਿਵ ਵਾਈਸ ਪ੍ਰੈਜ਼ੀਡੈਂਟ-ਆਪਰੇਸ਼ਨਜ਼ ਜੋਏਨ ਡਾਇਕਮੈਨ ਨੇ ਆਖਿਆ ਕਿ ਮਹਾਂਮਾਰੀ ਨਾਲ ਨਜਿੱਠਣਾ ਕਾਫੀ ਔਖਾ ਹੋਇਆ ਪਿਆ ਹੈ ਤੇ ਉਨ੍ਹਾਂ ਵੱਲੋਂ ਹਰ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਯੌਰਕ ਰੀਜਨਲ ਪਬਲਿਕ ਹੈਲਥ ਅਨੁਸਾਰ ਇੱਥੇ ਕੋਵਿਡ-19 ਆਊਟਬ੍ਰੇਕ 7 ਮਈ ਨੂੰ ਐਲਾਨੀ ਗਈ ਸੀ। 244 ਬੈੱਡ ਵਾਲੀ ਇਸ ਫੈਸਿਲਿਟੀ ਦੇ 85 ਮਰੀਜ਼, ਜਿਨ੍ਹਾਂ ਵਿੱਚੋਂ 18 ਨੂੰ ਹਸਪਤਾਲਾਂ ਵਿੱਚ ਟਰਾਂਸਫਰ ਕੀਤਾ ਗਿਆ ਹੈ, ਹੁਣ ਤੱਕ ਕੋਵਿਡ-19 ਪਾਜ਼ੀਟਿਵ ਆ ਚੱੁਕੇ ਹਨ। 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੌਰਾਨ ਫਰੰਟਲਾਈਨ ਹੈਲਥ-ਕੇਅਰ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਐਸਈਆਈਯੂ ਹੈਲਥਕੇਅਰ ਨੇ ਆਖਿਆ ਕਿ ਉਨ੍ਹਾਂ ਦੇ ਮੈਂਬਰਾਂ ਵੱਲੋਂ ਵੁੱਡਬ੍ਰਿਜ ਵਿਸਟਾ ਕੇਅਰ ਕਮਿਊਨਿਟੀ ਵਿਚਲੇ ਹਾਲਾਤ ਬਾਰੇ ਲਗਾਤਾਰ ਚਿੰਤਾ ਪ੍ਰਗਟਾਈ ਜਾ ਰਹੀ ਹੈ। ਯੂਨੀਅਨ ਨੇ ਪ੍ਰੋਵਿੰਸ ਨੂੰ ਲਿਖੇ ਖੱੁਲ੍ਹੇ ਪੱਤਰ ਵਿੱਚ ਆਖਿਆ ਕਿ ਸਟਾਫ ਦਾ ਮੈਨੇਜਮੈਂਟ ਤੋਂ ਭਰੋਸਾ ੳੱੁਠ ਚੁੱਕਿਆ ਹੈ। ਸਟਾਫ ਨੂੰ ਲੱਗਦਾ ਹੈ ਕਿ ਮੈਨੇਜਮੈਂਟ ਇਸ ਸੰਕਟ ਨੂੰ ਨਿਯੰਤਰਿਤ ਕਰਨ ਦੀ ਸਮਰੱਥਾ ਗੁਆ ਚੱੁਕੀ ਹੈ। ਯੂਨੀਅਨ ਵੱਲੋਂ ਫੋਰਡ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਹੋਮ ਦੀ ਮੈਨੇਜਮੈਂਟ ਆਪਣੇ ਹੱਥਾਂ ਵਿੱਚ ਲਈ ਜਾਵੇ, ਜਿਵੇਂ ਕਿ ਪ੍ਰੋਵਿੰਸ਼ੀਅਲ ਸਰਕਾਰ ਓਨਟਾਰੀਓ ਦੇ ਹੋਰਨਾਂ ਲਾਂਗ ਟਰਮ ਕੇਅਰ ਫੈਸਿਲਿਟੀਜ਼ ਨਾਲ ਕਰ ਰਹੀ ਹੈ।