ਚੰਡੀਗੜ੍ਹ, 31 ਮਈ (ਪੋਸਟ ਬਿਊਰੋ)- ਪੰਜਾਬ ਵਿੱਚ ਖੇਤੀ ਵਾਲੇ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਸਪਲਾਈ ਦੇ ਮਾਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੀ ਦੂਸ਼ਣਬਾਜ਼ੀ ਬਾਰੇ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾ ਨੇ ਲੰਮੇ ਸਮੇਂ ਪਿੱਛੋਂ ਕੱਲ੍ਹ ਸੁਖਬੀਰ ਸਿੰਘ ਬਾਦਲ ਨੂੰ ਕੋਸਿਆ ਤੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਪੰਜਾਬ ਨੂੰ ਰਾਹਤ ਦੇਣ ਦੀ ਥਾਂ ਸ਼ਰਤਾਂ ਥੋਪਣ ਵਾਲੀ ਕੇਂਦਰ ਸਰਕਾਰ ਵਿੱਚੋਂ ਹਰਸਿਮਰਤ ਕੌਰ ਬਾਦਲ ਫੌਰੀ ਬਾਹਰ ਆਉਣ ਅਤੇ ਸੁਖਬੀਰ ਸਿੰਘ ਬਾਦਲ ਐੱਨ ਡੀ ਏ ਗੱਠਜੋੜ ਨਾਲੋਂ ਨਾਤਾ ਤੋੜਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਫੈਸਲਾ ਲੈਣ ਦੀ ਸ਼ਰਤ ਲਾਈ ਹੈ, ਪਰ ਉਹ ਇਸ ਨੂੰ ਨਹੀਂ ਮੰਨਣਗੇ। ਕਾਂਗਰਸ ਸਰਕਾਰ ਕਿਸੇ ਕੀਮਤ 'ਤੇ ਖੇਤੀ ਮੋਟਰਾਂ ਦੀ ਮੁਫਤ ਬਿਜਲੀ ਸਪਲਾਈ ਬੰਦ ਨਹੀਂ ਕਰੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਪੇਸ਼ ਕੀਤੇ ਵਿੱਤੀ ਘਾਟੇ ਦੀ ਪੂਰਤੀ ਵਾਲੇ ਹਿੱਸੇ ਨੂੰ ਛੱਡ ਦੇਵੇਗੀ, ਪਰ ਕਿਸਾਨਾਂ ਦੇ ਹਿੱਤਾਂ ਵਿਰੁੱਧ ਸਮਝੌਤਾ ਨਹੀਂ ਕਰੇਗੀ।
ਵਰਨਣ ਯੋਗ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਾਧੂ ਕਰਜ਼ਾ ਹੱਦ ਬਦਲੇ ਖੇਤੀ ਮੋਟਰਾਂ ਲਈ ਸਿੱਧੀ ਸਬਸਿਡੀ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ ਸ਼ਰਤ ਲਾਈ ਸੀ, ਜਿਸ ਨੂੰ ਪੰਜਾਬ ਕੈਬਨਿਟ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਸੀ। ਇਸ ਮੁੱਦੇ ਉੱਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ 'ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦਾ ਸੁਝਾਅ ਦੇਸ਼ ਦੇ ਫੈਡਰਲ ਢਾਂਚੇ 'ਤੇ ਸਿੱਧਾ ਹਮਲਾ ਹੈ ਤੇ ਇਹ ਮਾਮਲਾ ਕੇਂਦਰ ਕੋਲ ਉਠਾਇਆ ਜਾਵੇਗਾ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਮੁਫਤ ਬਿਜਲੀ ਸਹੂਲਤ ਜਾਰੀ ਰਹੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਸੁਖਬੀਰ ਸਿੰਘ ਬਾਦਲ ਨੂੰ ਸੁਚੇਤ ਕੀਤਾ ਕਿ ਉਹ ਕੇਂਦਰ ਦਾ ਫੈਸਲਾ ਸੂਬਾ ਸਰਕਾਰ ਦੀ ਝੋਲੀ ਪਾਉਣ ਦੀ ਕੋਸ਼ਿਸ਼ ਨਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਕੋਵਿਡ ਦੌਰਾਨ ਰਾਹਤ ਤਾਂ ਕੀ ਦੇਣੀ ਸੀ, ਮੁਫਤ ਬਿਜਲੀ ਸਹੂਲਤ ਵਾਪਸ ਲੈਣ ਦੇ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਫੈਸਲੇ ਖਿਲਾਫ ਸੁਖਬੀਰ ਸਿੰਘ ਬਾਦਲ ਭਾਈਵਾਲ ਹੋਣ ਕਾਰਨ ਐੱਨ ਡੀ ਏ ਨਾਲੋਂ ਤੋੜ-ਵਿਛੋੜਾ ਕਰਨ ਅਤੇ ਹਰਸਿਮਰਤ ਕੌਰ ਬਾਦਲ ਕੈਬਨਿਟ 'ਚੋਂ ਅਸਤੀਫਾ ਦੇਵੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕਰਾਇਆ ਕਿ ਨਾਗਰਿਕਤਾ ਸੋਧ ਐਕਟ (ਸੀ ਏ ਏ) ਦੇ ਵਕਤ ਵੀ ਅਕਾਲੀ ਦਲ ਪਾਰਲੀਮੈਂਟ ਵਿੱਚ ਐਕਟ ਦੀ ਹਮਾਇਤ ਵਿੱਚ ਭੁਗਤਿਆ ਸੀ, ਜਿਸ ਤੋਂ ਇਹੋ ਲੱਗਦਾ ਹੈ ਕਿ ਬਾਦਲਾਂ ਦੇ ਕੋਈ ਅਸੂਲ ਨਹੀਂ, ਸਿਰਫ ਸੁਆਰਥ ਹੈ।