ਲਾਹੌਰ, 31 ਮਈ (ਪੋਸਟ ਬਿਊਰੋ)- ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਤੋਸ਼ਾਖਾਨਾ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।
ਦੱਸਿਆ ਜਾਂਦਾ ਹੈ ਕਿ ਅਦਾਲਤ ਨੇ 15 ਮਈ ਨੂੰ ਸੰਮਨ ਭੇਜ ਕੇ ਨਵਾਜ਼ ਸ਼ਰੀਫ ਅਤੇ ਇੱਕ ਹੋਰ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਤੇ ਸਾਬਕਾ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੂੰ ਕੱਲ੍ਹ ਤੋਸ਼ਾਖਾਨਾ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਗਿਲਾਨੀ ਅਤੇ ਇੱਕ ਹੋਰ ਦੋਸ਼ੀ ਅਦਾਲਤ ਵਿੱਚ ਪੇਸ਼ ਹੋਏ, ਪਰ ਨਵਾਜ਼ ਸ਼ਰੀਫ ਅਤੇ ਜ਼ਰਦਾਰੀ ਨਹੀਂ ਪਹੁੰਚੇ। ਜ਼ਰਦਾਰੀ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮੰਨ ਲਿਆ, ਪਰ ਸ਼ਰੀਫ ਵੱਲੋਂ ਕੋਈ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਕੌਮੀ ਜਵਾਬਦੇਹੀ ਬਿਊਰੋ (ਐੱਨ ਏ ਬੀ) ਦੇ ਡਿਪਟੀ ਪ੍ਰੋਸੀਕਿਊਟਰ ਜਨਰਲ ਸਰਦਾਰ ਮੁਜ਼ੱਫਰ ਨੇ ਸ਼ਰੀਫ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਉੱਤੇ ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ, ਜਿਸ ਨੂੰ ਅਦਾਲਤ ਨੇ ਮੰਨ ਲਿਆ। ਅਦਾਲਤ ਨੇ ਨਾਲ ਹੀ ਜ਼ਰਾਦਰੀ, ਸ਼ਰੀਫ ਅਤੇ ਹੋਰ ਸਾਰੇ ਮੁਲਜ਼ਮਾਂ ਨੂੰ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 11 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।