ਟੋਰਾਂਟੋ, 28 ਮਈ (ਪੋਸਟ ਬਿਊਰੋ) : ਵੀਰਵਾਰ ਨੂੰ ਹੋਮੀਸਾਈਡ ਡਿਟੈਕਟਿਵ ਨੇ ਦੱਸਿਆ ਕਿ ਦਿਨ ਦਿਹਾੜੇ ਜਦੋਂ ਟੋਰਾਂਟੋ ਦੇ ਰੈਪਰ ਹੁਡਿਨੀ ਨੂੰ ਗੋਲੀ ਮਾਰੀ ਗਈ ਤਾਂ ਇੱਕ ਛੇ ਸਾਲਾ ਬੱਚੇ ਤੇ ਉਸ ਦੀ ਮਾਂ ਨੇ ਮੁਸ਼ਕਲ ਨਾਲ ਪਾਸੇ ਹੋ ਕੇ ਆਪਣੀ ਜਾਨ ਬਚਾਈ। ਜਦੋਂ ਇਹ ਵਾਰਦਾਤ ਹੋਈ ਤਾਂ ਇਹ ਦੋਵੇਂ ਮਾਂ-ਪੁਤ ਉੱਥੇ ਮੌਜੂਦ ਸਨ।
ਪੁਲਿਸ ਵਲੋਂ ਸਰਵੇਲੈਂਸ ਕੈਮਰੇ ਦੀ ਫੁਟੇਜ ਜਾਰੀ ਕੀਤੀ ਗਈ ਹੈ ਜਿਸ ਵਿੱਚ ਡਾਊਨਟਾਊਨ ਸਾਈਡਵਾਕ ਉੱਤੇ ਵਾਪਰੇ ਇਸ ਗੋਲੀਕਾਂਡ ਦਾ ਪੂਰਾ ਸਬੂਤ ਮੌਜੂਦ ਹੈ। ਇੱਕ ਨਿਊਜ਼ ਕਾਨਫਰੰਸ ਵਿੱਚ ਡਿਟੈਕਟਿਵ ਸਾਰਜੈਂਟ ਐਂਡੀ ਸਿੰਘ ਨੇ ਆਖਿਆ ਕਿ ਹੁਡਿਨੀ ਉੱਤੇ ਚੱਲੀਆਂ ਗੋਲੀਆਂ ਦਾ ਜਦੋਂ ਉਸ ਦੇ ਸਾਥੀਆਂ ਵੱਲੋਂ ਗੋਲੀਆਂ ਚਲਾ ਕੇ ਜਵਾਬ ਦਿੱਤਾ ਗਿਆ ਤਾਂ ਛੇ ਸਾਲਾ ਬੱਚਾ ਵਿੱਚ ਆ ਗਿਆ। ਪਰ ਉਸ ਨੇ ਮਸ੍ਹਾਂ ਪਾਸੇ ਹੋ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਗੋਲੀਆਂ ਇਸ ਬਚੇ ਨੂੰ ਹੀ ਨਹੀਂ ਸਗੋਂ ਉਸ ਦੀ ਮਾਂ ਨੂੰ ਵੀ ਨੁਕਸਾਨ ਪਹੁੰਚਾਉਣ ਤੋਂ ਇੰਚਾ ਦੀ ਦੂਰੀ ਉਤੇ ਰਹਿ ਗਈਆਂ।
ਭੀੜ ਭੜਕੇ ਵਾਲੇ ਡਾਊਨਟਾਊਨ ਸਾਈਡਵਾਕ ਉਤੇ 23 ਗੋਲੀਆਂ ਚਲਾਈਆਂ ਗਈਆਂ। ਇਹ ਗੋਲੀਕਾਂਡ ਕਿੰਗ ਸਟਰੀਟ ਵੈਸਟ ਦੇ ਉਤਰ ਵਲੋਂ ਬਲੂ ਜੇਜ ਵੇਅ ਦੇ ਨਾਲ ਲਗਦੇ ਬੀਸਾ ਹੋਟਲ ਐਂਡ ਰੈਜੀਡੈਂਸਿਜ ਦੇ ਬਾਹਰ ਦੋ ਗਰੁਪਜ ਦਰਮਿਆਨ ਚਲੀਆਂ। ਇਸ ਗੋਲੀਕਾਂਡ ਵਿਚ 21 ਸਾਲਾ ਰੈਪਰ ਡਿਮਾਰਜੀਓ ਜੈਨਕਿੰਸ, ਜਿਸ ਨੂੰ ਹੁਡਿਨੀ ਵਜੋਂ ਜਾਣਿਆ ਜਾਂਦਾ ਸੀ, ਮਾਰਿਆ ਗਿਆ। ਉਸ ਨੂੰ ਜਾਨਣ ਵਾਲਿਆਂ ਅਨੁਸਾਰ ਮਿਊਜਿਕ ਦੇ ਖੇਤਰ ਵਿਚ ਉਸ ਦਾ ਭਵਿਖ ਕਾਫੀ ਰੋਸਨ ਸੀ।