ਮਿਨੀਆਪੋਲਿਸ, 28 ਮਈ, (ਪੋਸਟ ਬਿਊਰੋ)- ਅਮਰੀਕਾ ਵਿੱਚ ਹਿਰਾਸਤ ਦੌਰਾਨ ਇੱਕ ਗੈਰ-ਗੋਰੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਭਾਈਚਾਰੇ ਦੇ ਲੋਕ ਗੁੱਸੇ ਨਾਲ ਭੜਕ ਪਏ ਹਨ। ਇਸ ਦੇ ਪ੍ਰਤੀਕਰਮ ਵਜੋਂ ਮੀਨੀਆਪੋਲਿਸ ਸ਼ਹਿਰ ਵਿੱਚ ਅੱਜ ਲਗਾਤਾਰ ਦੂਸਰੇ ਦਿਨ ਵੱਡੇ ਪੱਧਰ ਉੱਤੇ ਲੁੱਟ, ਅੱਗਜ਼ਨੀ ਅਤੇ ਹਿੰਸਾ ਹੋਈ ਹੈ। ਸ਼ਹਿਰ ਦੇ ਮੇਅਰ ਨੇ ਸਰਕਾਰ ਨੂੰ ਬਿਨਾ ਦੇਰੀ ਤੋਂ ਨੈਸ਼ਨਲ ਗਾਰਡਸ ਦੀ ਤਾਇਨਾਤੀ ਕਰਨ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਹਿਰਾਸਤ ਵਿੱਚ ਹੋਈ ਮੌਤ ਦਾ ਦੋਸ਼ੀ ਕੋਈ ਗੋਰਾ ਪੁਲਿਸ ਅਧਿਕਾਰੀ ਹੈ, ਜਿਹੜਾ ਇਕ ਵੀਡੀਓ ਵਿੱਚ ਗੈਰ-ਗੋਰੇ ਵਿਅਕਤੀ ਜਾਰਜ ਫਲਾਇਡ (46) ਦੀ ਗਰਦਨ ਆਪਣੇ ਗੋਡੇ ਨਾਲ ਦਬਾਉਂਦਾ ਦਿਖਾਈ ਦੇਂਦਾ ਹੈ। ਇਸ ਵੀਡੀਓ ਤੋਂ ਭੜਕੇ ਹੋਏ ਲੋਕ ਇਸ ਨੂੰ ਨਸਲੀ ਅਪਰਾਧ ਮੰਨਦੇ ਹਨ। ਵੀਡੀਓ ਵਾਇਰਲ ਹੋਣ ਪਿੱਛੋਂ ਗੈਰ-ਗੋਰੇ ਲੋਕਾਂ ਦੀ ਅਬਾਦੀ ਸੜਕਾਂ ਉੱਤੇ ਉਤਰ ਆਈ ਅਤੇ ਭੰਨ ਤੋੜ, ਲੁੱਟ ਖਸੁੱਟ ਅਤੇ ਸਾੜ-ਫੂਕ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਸ਼ੀ ਅਧਿਕਾਰੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ੀ ਪੁਲਿਸ ਅਧਿਕਾਰੀ ਤੇ ਮੌਕੇ ਉੱਤੇ ਮੌਜੂਦ ਉਸ ਦੇ ਤਿੰਨ ਸਾਥੀ ਅਫਸਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਪਰ ਇਸ ਨਾਲ ਹਿੰਸਾ ਨਹੀਂ ਰੁਕੀ ਤੇ ਹਜ਼ਾਰਾਂ ਲੋਕ ਚਿਹਰਾ ਢੱਕ ਕੇ ਸਾੜ-ਫੂਕ ਕਰ ਰਹੇ ਹਨ। ਪੁਲਿਸ ਅੱਥਰੂ ਗੈਸ, ਪਲਾਸਟਿਕ ਬੁਲੇਟ ਅਤੇ ਲਾਠੀਚਾਰਜ ਨਾਲ ਵੀ ਇਸ ਹਿੰਸਾ ਨੂੰ ਕੰਟਰੋਲ ਨਹੀਂ ਕਰ ਸਕੀ। ਲੋਕ ਪੁਲਿਸ ਮੁਲਾਜ਼ਮਾਂ ਨੂੰ ਘੇਰ ਕੇ ਪੱਥਰਬਾਜ਼ੀ ਕਰ ਰਹੇ ਹਨ ਅਤੇ ਹਾਲਾਤ ਭੜਕਦੇ ਜਾ ਰਹੇ ਹਨ।