ਕਰਾਚੀ, 28 ਮਈ (ਪੋਸਟ ਬਿਊਰੋ)- ਕਰਾਚੀ ਹਵਾਈ ਅੱਡੇ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਦਾ ਕਾਕਪਿਟ ਵਾਇਸ ਰਿਕਾਰਡਰ ਹਾਲੇ ਬਰਾਮਦ ਨਹੀਂ ਕੀਤਾ ਜਾ ਸਕਿਆ। ਹਵਾਈ ਜਹਾਜ਼ ਨਿਰਮਾਤਾ ਕੰਪਨੀ ਏਅਰਬੇਸ ਦਾ ਇੱਕ ਜਾਂਚ ਦਲ ਫਰਾਂਸ ਤੋਂ ਕਰਾਚੀ ਪਹੁੰਚ ਗਿਆ ਹੈ। ਪਿਛਲੇ ਸ਼ੁੱਕਰਵਾਰ ਹੋਏ ਇਸ ਹਵਾਈ ਹਾਦਸੇ ਵਿੱਚ ਪਾਇਲਟ ਸਮੇਤ 97 ਲੋਕਾਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਕਿਹਾ ਕਿ ਉਡਾਣ ਦੇ ਹਵਾਈ ਜਹਾਜ਼ ਦੇ ਕਾਕਪਿਟ ਵਾਇਸ ਰਿਕਾਰਡਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਨ ਅਖਬਾਰ ਦੇ ਮੁਤਾਬਕ ਮੰਤਰੀ ਨੇ ਕਿਹਾ ਕਿ ਹਵਾਈ ਜਹਾਜ਼ ਦਾ ਬਲੈਕ ਬਾਕਸ ਤਾਂ ਬਰਾਮਦ ਕਰ ਲਿਆ ਸੀ ਤੇ ਛੇਤੀ ਜਾਂਚ ਸ਼ੁਰੂ ਕਰਨ ਲਈ ਜਾਂਚ ਟੀਮ ਨੂੰ ਸੌਂਪ ਦਿੱਤਾ ਗਿਆ ਸੀ, ਪਰ ਕਾਕਪਿਟ ਵਾਇਸ ਰਿਕਾਰਡ ਹਾਲੇ ਨਹੀਂ ਮਿਲਿਆ। ਗੁਲਾਮ ਸਰਵਰ ਖਾਨ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਹਵਾਈ ਹਾਦਸੇ ਦੇ ਤੁਰੰਤ ਬਾਅਦ ਸੰਬੰਧਤ ਵਿਭਾਗਾਂ ਨੂੰ 24 ਘੰਟੇ ਦੇ ਅੰਦਰ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਲਾਸ਼ਾਂ ਬਰਾਮਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਹ ਕੰਮ ਸਮੇਂ 'ਤੇ ਪੂਰਾ ਹੋ ਗਿਆ ਸੀ।
ਜਿਓ ਨਿਊਜ਼ ਨੇ ਪੀ ਆਈ ਏ ਦੇ ਬੁਲਾਰੇ ਅਬਦੁੱਲਾ ਹਫੀਜ਼ ਖਾਨ ਦੇ ਹਵਾਲੇ ਨਾਲ ਕਿਹਾ ਹੈ ਕਿ ਹੋ ਸਕਦਾ ਹੈ ਕਿ ਵਾਇਸ ਰਿਕਾਰਡਰ ਮਾਡਲ ਰਿਹਾਇਸ਼ੀ ਇਲਾਕੇ ਦੇ ਕਿਸੇ ਘਰ ਡਿੱਗ ਗਿਆ ਹੋਵੇ। ਉਨ੍ਹਾਂ ਨੇ ਲੋਕਾਂ ਵੱਲੋਂ ਬਤੌਰ ਨਿਸ਼ਾਨੀ ਜਹਾਜ਼ ਦੇ ਮਲਬੇ ਦਾ ਕੋਈ ਹਿੱਸਾ ਆਪਣੇ ਕੋਲ ਰੱਖਣ ਤੋਂ ਮਨ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਟੁਕੜਾ ਜਾਂ ਪੁਰਜਾ ਮਿਲੇ ਤਾਂ ਉਹ ਉਸ ਨੂੰ ਪ੍ਰਸ਼ਾਸਨ ਨੂੰ ਸੌਂਪ ਦੇਵੇ।
ਹਵਾਈ ਹਾਦਸੇ ਦੀ ਜਾਂਚ ਲਈ ਫਰਾਂਸ ਦੇ ਸ਼ਹਿਰ ਟੂਲੂਜ ਤੋਂ ਏਅਰਬਸ ਕੰਪਨੀ ਦੇ ਤਕਨੀਕੀ ਮਾਹਰਾਂ ਦੀ 11 ਮੈਂਬਰੀ ਟੀਮ, ਸਥਾਨਕ ਜਾਂਚ ਸਮੂਹ ਨਾਲ ਹਾਦਸੇ ਦੀ ਜਾਂਚ ਕਰਨ ਲਈ ਮੰਗਲਵਾਰ ਨੂੰ ਪਾਕਿਸਤਾਨ ਪਹੁੰਚ ਗਈ ਹੈ।