ਐਸਆਈਯੂ ਕਰ ਰਹੀ ਹੈ ਮਾਮਲੇ ਦੀ ਜਾਂਚ
ਟੋਰਾਂਟੋ, 28 ਮਈ (ਪੋਸਟ ਬਿਊਰੋ) : ਹਾਈ ਪਾਰਕ ਦੇ ਨੇੜੇ ਇੱਕ 29 ਸਾਲਾ ਮਹਿਲਾ ਦੀ ਹੋਈ ਮੌਤ ਦੇ ਮਾਮਲੇ ਦੀ ਜਾਂਚ ਪ੍ਰੋਵਿੰਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੂੰ ਕਰਨ ਲਈ ਆਖਿਆ ਗਿਆ ਹੈ।
ਐਸਆਈਯੂ ਅਨੁਸਾਰ ਘਰੇਲੂ ਵਿਵਾਦ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਨੂੰ ਸ਼ਾਮੀਂ 5:15 ਉੱਤੇ ਹਾਈ ਪਾਰਕ ਐਵਨਿਊ ਦੀ ਰਿਹਾਇਸ਼ੀ ਬਿਲਡਿੰਗ ਵਿੱਚ ਸੱਦਿਆ ਗਿਆ। ਐਸਆਈਯੂ ਵੱਲੋਂ ਜਾਰੀ ਬਿਆਨ ਅਨੁਸਾਰ ਜਦੋਂ ਅਧਿਕਾਰੀ 24ਵੀਂ ਮੰਜਿ਼ਲ ਦੇ ਅਪਾਰਟਮੈਂਟ ਦੇ ਅੰਦਰ ਸਨ ਤਾਂ ਉਨ੍ਹਾਂ ਬਾਲਕੋਨੀ ਵਿੱਚ ਇੱਕ ਮਹਿਲਾ ਨੂੰ ਵੇਖਿਆ।
ਇਸ ਬਿਆਨ ਵਿੱਚ ਕਿਤੇ ਵੀ ਇਹ ਨਹੀਂ ਆਖਿਆ ਗਿਆ ਕਿ ਉਸ ਮਹਿਲਾ ਦੀ ਪੁਲਿਸ ਨਾਲ ਕੋਈ ਗੱਲਬਾਤ ਹੋਈ ਸੀ ਪਰ ਕੁੱਝ ਸਮੇਂ ਬਾਅਦ ਹੀ ਉਹ ਮਹਿਲਾ ਬਾਲਕੋਨੀ ਤੋਂ ਹੇਠਾਂ ਡਿੱਗ ਗਈ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮਹਿਲਾ ਦੇ ਪਰਿਵਾਰਕ ਮੈਂਬਰ ਹੋਣ ਦਾ ਦਾਅਵਾ ਕਰਨ ਵਾਲਿਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਇਹ ਦੋਸ਼ ਲਾਏ ਗਏ ਹਨ ਕਿ ਪੁਲਿਸ ਨੇ ਮਹਿਲਾ ਦੀ ਮੌਤ ਵਿੱਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ ਹੈ।