Welcome to Canadian Punjabi Post
Follow us on

06

July 2020
ਪੰਜਾਬ

ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ

May 28, 2020 06:59 AM

* ਮਾਲਵਾ ਖੇਤਰ ਵਿੱਚ ਹਾਈ ਅਲਰਟ ਜਾਰੀ


ਬਠਿੰਡਾ, 27 ਮਈ, (ਪੋਸਟ ਬਿਊਰੋ)- ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਵਿੱਚ ਹਮਲੇ ਦੇ ਬਾਅਦ ਟਿੱਡੀ ਦਲ ਦੇ ਪੰਜਾਬ ਵੱਲ ਵਧਣ ਦੇ ਸ਼ੱਕ ਹੇਠ ਪੰਜਾਬ ਸਰਕਾਰ ਨੇ ਮਾਲਵਾ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖੇਤੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਸੰਬੰਧ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਨਾਲ ਲਗਦੇ ਪਿੰਡਾਂ ਵਿੱਚ ਗੁਰੂ ਘਰਾਂ ਤੋਂ ਅਨਾਊਂਸਮੈਂਟ ਕਰਵਾ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਰਾਤਾਂ ਨੂੰ ਚੌਂਕਸ ਰਹਿਣ, ਕਿਉਂਕਿ ਟਿੱਡੀ ਦਲ ਆਮ ਕਰ ਕੇ ਰਾਤ ਨੂੰ ਹਮਲਾ ਕਰਦਾ ਹੈ ਤੇ ਕਰੋੜਾਂ ਦੀ ਗਿਣਤੀ ਵਿੱਚ ਟਿੱਡੀਆਂ ਕੁਝ ਘੰਟਿਆਂ ਵਿਚ ਫ਼ਸਲ ਚੱਟ ਜਾਂਦੀਆਂ ਹਨ। ਖੇਤੀ ਵਿਭਾਗ ਦੇ ਅਨੁਸਾਰ ਟਿੱਡੀ ਦਲ ਦੇ ਹਮਲੇ ਦਾ ਬਹੁਤਾ ਖਤਰਾ ਫਾਜ਼ਿਲਕਾ ਖੇਤਰ ਵਿੱਚ ਹੈ। ਇਸ ਨਾਲ ਨਜਿੱਠਣ ਲਈ ਵਿਭਾਗ ਨੇ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ, ਜਿਹੜੇ ਲਗਾਤਾਰ ਖੇਤਾਂ ਵਿਚ ਜਾ ਕੇ ਜਾਇਜ਼ਾ ਲੈਂਦੇ ਹਨ। ਕੁਝ ਸਮਾਂ ਪਹਿਲਾਂ ਵੀ ਸੰਗਤ ਬਲਾਕ ਦੇ ਪਿੰਡਾਂ ਵਿੱਚ ਛੋਟਾ ਜਿਹਾ ਟਿੱਡੀ ਦਲ ਦੇਖਿਆ ਗਿਆ ਸੀ। ਇਸ ਪਿਛੋਂ ਫਿਰ ਕੁਝ ਟਿੱਡੀਆਂ ਦੇਖੀਆਂ ਤਾਂ ਪਿੰਡ ਗਹਿਰੀ ਬੁੱਟਰ ਦੇ ਲੋਕਾਂ ਨੂੰ ਖੇਤੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ, ਪਰ ਖੇਤੀ ਅਧਿਕਾਰੀਆਂ ਅਨੁਸਾਰ ਪੰਜਾਬ ਵਿਚ ਅਜੇ ਤਕ ਇਹ ਹਮਲਾ ਵੇਖਣ ਵਿਚ ਨਹੀਂ ਆਇਆ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਵਿੱਚ ਦੋ ਦਿਨ ਪਹਿਲਾਂ ਕੁਝ ਟਿੱਡੀਆਂ ਮਿਲਣ ਬਾਰੇ ਕਿਸਾਨਾਂ ਵੱਲੋਂ ਟਿੱਡੀ ਦਲ ਦੇ ਹਮਲੇ ਦੀ ਸੂਚਨਾ ਦੇਣ ਪਿੱਛੋਂ ਖੇਤੀਬਾੜੀ ਵਿਭਾਗ ਦੀ ਟੀਮ ਨੇ ਉਸ ਪਿੰਡ ਦੇ ਖੇਤਾਂ ਦਾ ਦੌਰਾ ਕੀਤਾ ਤੇ ਖੇਤ ਵਿੱਚੋਂ ਮਿਲੀਆਂ ਟਿੱਡੀਆਂ ਦੇ ਨਮੂਨੇ ਜਾਂਚ ਲਈ ਖੇਤੀਬਾੜੀ ਯੂਨੀਵਰਸਿਟੀ ਨੂੰ ਭੇਜੇ ਸਨ। ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਇਹ ਟਿੱਡੀਆਂ ਰਾਜਸਥਾਨ ਦੇ ਟਿੱਡੀ ਦਲ ਦੀਆਂ ਨਹੀਂ, ਕਿਸੇ ਹੋਰ ਨਸਲ ਦੀਆਂ ਸਨ।
ਖੇਤੀਬਾੜੀ ਅਧਿਕਾਰੀਆਂ ਅਨੁਸਾਰ ਫ਼ਾਜ਼ਿਲਕਾ ਦੇ ਨਾਲ ਲਗਦੇ ਰਾਜਸਥਾਨ ਦੇ ਪਿੰਡ ਪੱਕਾ ਸਹਾਰਣਾ ਵਿੱਚ ਟਿੱਡੀ ਦਲ ਦੇ ਵੱਡੇ ਝੁੰਡਾਂ ਦੇ ਹਮਲੇ ਪਿੱਛੋਂ ਉਹੀ ਝੁੰਡ ਪੰਜਾਬ ਨੂੰ ਵਧਦਾ ਜਾਪਦਾ ਹੈ। ਡਾ. ਆਸਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਪਿੰਡ ਪੱਕਾ ਸਹਾਰਣਾ ਵਿੱਚ 10 ਗੁਣਾ 3 ਸਕੇਅਰ ਕਿਲੋਮੀਟਰ ਵਿੱਚ ਇਸ ਵੱਡੇ ਝੁੰਡ ਨੇ ਹਮਲਾ ਕੀਤਾ ਹੈ। ਇਹ ਪਿੰਡ ਫ਼ਾਜ਼ਿਲਕਾ ਦੇ ਬਿਲਕੁਲ ਨਾਲ ਲਗਦਾ ਹੋਣ ਕਾਰਨ ਹਮਲੇ ਦਾ ਬਹੁਤਾ ਡਰ ਉਥੇ ਹੈ, ਪਰ ਬਠਿੰਡਾ ਦੇ ਸੰਗਤ ਬਲਾਕ ਦੇ ਪਿੰਡਾਂ ਨੂੰ ਵੀ ਖਤਰਾ ਹੈ। ਰਾਜਸਥਾਨ ਸਰਕਾਰ ਨੇ ਝੁੰਡ ਉੱਤੇ ਕਾਬੂ ਪਾ ਕੇ ਇਸ ਨੂੰ 12 ਸਕੇਅਰ ਕਿਲੋਮੀਟਰ ਤਕ ਸਮੇਟ ਦਿੱਤਾ ਹੈ, ਇਸਦੇ ਬਾਵਜੂਦ ਮਾਲਵਾ ਖੇਤਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਟਿੱਡੀ ਦਲ ਦੇ ਹਮਲੇ ਦੇ ਡਰ ਕਾਰਨ ਖੇਤੀਬਾੜੀ ਵਿਭਾਗ ਨੇ ਪਾਵਰਕਾਮ, ਨਹਿਰੀ ਵਿਭਾਗ, ਲੋਕਲ ਬਾਡੀਜ਼ ਆਦਿ ਵਿਭਾਗਾਂ ਨਾਲ ਤਾਲਮੇਲ ਕੀਤਾ ਹੈ। ਜ਼ਿਲ੍ਹੇ ਵਿੱਚ ਕਰੀਬ 1400 ਸਪਰੇਅ ਪੰਪ ਤਿਆਰ ਰੱਖੇ ਗਏ ਹਨ, ਤਾਂ ਜੋ ਲੋੜ ਪੈਣ `ਤੇ ਕੀੜੇ ਮਾਰ ਦਵਾਈ ਦਾ ਛਿੜਕਾਅ ਕੀਤਾ ਜਾ ਸਕੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਖੇਤੀਬਾੜੀ ਵਿਭਾਗ ਦੇ ਸੈਕਟਰੀ ਕਾਹਨ ਸਿੰਘ ਪੰਨੂ ਨੇ ਵੀਡੀਓ ਕਾਨਫ਼ਰੰਸ ਰਾਹੀਂ ਜ਼ਿਲਾ ਅਧਿਕਾਰੀਆਂ ਨੂੰ ਹਦਾਇਤਾਂ ਦੇ ਕੇ ਹਰ ਤਰ੍ਹਾਂ ਦੀ ਤਿਆਰੀ ਰੱਖਣ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਟਿੱਡੀ ਦਲ ਨੂੰ ਪੰਜਾਬ ਵੜਨ ਤੋਂ ਨਹੀਂ ਰੋਕ ਸਕਦੇ, ਪਰ ਜਿੱਥੇ ਟਿੱਡੀ ਦਲ ਬੈਠ ਜਾਵੇਗਾ, ਉਥੋਂ ਮੁੜ ਕੇ ਉਸ ਨੂੰ ਉੱਡਣ ਨਾ ਦਿੱਤਾ ਜਾਵੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪੁਰਾਣੇ ਜੋੜੀਦਾਰ ਲੱਖੋਵਾਲ ਤੇ ਬਾਦਲਾਂ ਦੇ ਰਿਸ਼ਤੇ ਵਿੱਚ ਕੁੜੱਤਣ ਦੇ ਸੰਕੇਤ
ਮੋਹਾਲੀ ਤੇ ਅੰਮ੍ਰਿਤਸਰ ਦੇ ਏਅਰਪੋਰਟਾਂ ਤੋਂ ਉਡਾਣਾਂ ਨੂੰ ਸ਼ਰਤਾਂ ਨਾਲ ਮਨਜ਼ੂਰੀ
ਬਰਗਾੜੀ ਬੇਅਦਬੀ ਕਾਂਡ: ਐੱਸ ਆਈ ਟੀ ਵੱਲੋਂ ਸੱਤ ਡੇਰਾ ਪ੍ਰੇਮੀ ਗ੍ਰਿਫ਼ਤਾਰ, ਅਦਾਲਤ ਨੇ ਦੋ ਜਣੇ ਖੜੇ ਪੈਰ ਛੱਡੇ
ਅੰਮ੍ਰਿਤਸਰ ਰੇਲ ਹਾਦਸਾ: ਨਗਰ ਨਿਗਮ ਦੇ ਪੰਜ ਅਫਸਰ ਫਿਰ ਦੋਸ਼ੀ ਕਰਾਰ ਦਿੱਤੇ ਗਏ
ਹਾਈ ਕੋਰਟ ਨੇ ਕਿਹਾ: ਨਿੱਜੀ ਸਕੂਲਾਂ ਤੋਂ ਸੂਚਨਾ ਦੇ ਅਧਿਕਾਰ ਹੇਠ ਜਾਣਕਾਰੀ ਨਹੀਂ ਮੰਗੀ ਜਾ ਸਕਦੀ
ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ, ਵਿਸਥਾਰਤ ਐਲਾਨ ਜਲਦ ਜਾਰੀ ਹੋਵੇਗਾ
50 ਕਨਾਲ 9 ਮਰਲੇ ਜ਼ਮੀਨ ਵੇਚਣ ਦੇ ਝਾਂਸੇ ਨਾਲ ਇੱਕ ਕਰੋੜ ਠੱਗੇ
ਬੈਂਕਾਂ ਨਾਲ ਕਰੋੜਾਂ ਦੀ ਧੋਖਾਧੜੀ ਬਾਰੇ ਅੰਮ੍ਰਿਤਸਰ ਵਿੱਚ ਸੀ ਬੀ ਆਈ ਵੱਲੋਂ ਛਾਪਾ
ਸਾਬਕਾ ਮੁੱਖ ਮੰਤਰੀ ਬਾਦਲ ਦੇ ਅਮਰੀਕਾ ਵਿੱਚ ਇਲਾਜ ਦੇ ਬਿੱਲਾਂ ਨੂੰ ਰਾਜ ਸਰਕਾਰ ਵੱਲੋਂ ਪ੍ਰਵਾਨਗੀ