ਲਖਨਊ, 27 ਮਈ (ਪੋਸਟ ਬਿਊਰੋ)- ਭਾਰਤ ਦੀਆਂ ਰੇਲਾਂ ਨੂੰ ਭਾਰਤ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ। ਇਸ ਨਾਅਰੇ ਤੋਂ ਉਲਟ ਸੰਕਟ ਦੀ ਘੜੀ ਵਿੱਚ ਰੇਲ ਅਫਸਰਾਂ ਦੀ ਬੇਪਰਵਾਹੀ ਨੇ ਲੱਖਾਂ ਮਜ਼ਦੂਰਾਂ ਨੂੰ ਪਰੇਸ਼ਾਨ ਕਰ ਦਿੱਤਾ। ਹਾਲਤ ਇਹ ਸੀ ਕਿ ਮਜ਼ਦੂਰਾਂ ਨੂੰ ਘਰ ਪੁਚਾਉਣ ਵਾਲੀਆਂ ਰੇਲ ਗੱਡੀਆਂ ਨੂੰ ਚਲਾਉਣ ਤੋਂ ਪਹਿਲਾਂ ਉਨ੍ਹਾਂ ਦਾ ਟਾਈਮ ਟੇਬਲ ਤੱਕ ਨਹੀਂ ਬਣਾਇਆ ਗਿਆ ਅਤੇ ਨਾ ਰੂਟ ਦਾ ਧਿਆਨ ਰੱਖਿਆ ਕਿ ਕਿਸ ਗੱਡੀ ਨੇ ਕਿੱਥੋਂ ਲੰਘਣਾ ਹੈ।
ਪਤਾ ਲੱਗਾ ਹੈ ਕਿ ਗੱਡੀਆਂ ਨੂੰ ਚਲਾਉਣ ਤੋਂ ਪਹਿਲਾਂ ਕਾਹਲੀ ਵਿੱਚ ਅੱਧੀ-ਅਧੂਰੀ ਤਿਆਰੀ ਤੇ ਜ਼ੋਨਾਂ ਵਿੱਚ ਜ਼ੀਰੋ ਤਾਲਮੇਲ ਦੇ ਹਾਲਾਤ ਇਹੋ ਜਿਹੇ ਸਨ ਕਿ ਸਿੱਧੀਆਂ ਪਟੜੀਆਂ 'ਤੇ ਦੌੜਨ ਵਾਲੀਆਂ ਰੇਲ ਗੱਡੀਆਂ ਭਾਰਤ ਦੀ ਰੇਲਵੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਾਹਾਂ ਤੋਂ ਭਟਕ ਗਈਆਂ। ਏਸ਼ੀਆ ਦੀ ਸਭ ਤੋਂ ਵੱਡੀ ਕਾਰਟ ਲਾਈਨ (ਦਿੱਲੀ-ਮੁੰਬਈ ਤੋਂ ਹਾਵੜਾ ਰੂਟ ਉੱਤੇ ਟੁੰਡਲਾ ਤੋਂ ਪ੍ਰਯਾਗਰਾਜ ਤੱਕ ਟਰੇਨਾਂ ਦੀ ਹੌਲੀ ਸਪੀਡ ਨੇ ਪਟੜੀਆਂ 'ਤੇ ਜਾਮ ਲਾ ਦਿੱਤਾ। ਇਸ ਕਾਰਨ ਜਿਸ ਉੱਤਰ ਪ੍ਰਦੇਸ਼ ਦੀਆਂ ਨੌ ਰੇਲਵੇ ਡਵੀਜ਼ਨਾਂ ਵਿੱਚ ਲਗਭਗ 9270 ਕਿਲੋਮੀਟਰ ਦੇ ਟਰੈਕ ਤੋਂ ਰੋਜ਼ 1300 ਗੱਡੀਆਂ ਲੰਘਦੀਆਂ ਸਨ, ਉਸ ਉੱਤੇ 200 ਗੱਡੀਆਂ ਚਲਾਉਣ ਨਾਲ ਹੀ ਸਿਸਟਮ ਦਾ ਭੱਠਾ ਬੈਠ ਗਿਆ।
ਅਸਲ ਵਿੱਚ ਗੱਡੀਆਂ ਚਲਾਉਣ ਲਈ ਇਸ ਦਾ ਟਾਈਮ ਟੇਬਲ ਬਹੁਤ ਅਹਿਮ ਹੁੰਦਾ ਹੈ। ਇਹੀ ਟਾਈਮ ਟੇਬਲ ਯਾਤਰੀ ਨੂੰ ਵੀ ਰਾਹ ਦਿਖਾਉਂਦਾ ਹੈ। ਟਾਈਮ ਟੇਬਲ ਬਣਾਉਂਦੇ ਸਮੇਂ ਰੇਲਵੇ ਤੈਅ ਕਰਦਾ ਹੈ ਕਿ ਗੱਡੀ ਚੱਲਣ ਦੇ ਬਾਅਦ ਉਸ ਦਾ ਆਪਰੇਸ਼ਨ ਅਤੇ ਕਮਰਸ਼ੀਲ ਪੜਾਅ ਕਿੱਥੇ ਹੋਵੇਗਾ ਅਤੇ ਉਸ ਉੱਤੇ ਕਿੰਨਾ ਸਮਾਂ ਲੱਗੇਗਾ। ਔਸਤ ਰਫਤਾਰ ਕੀ ਹੋਵੇਗੀ, ਰੂਟ ਕੀ ਹੋਵੇਗਾ ਅਤੇ ਇਹ ਵੀ ਦੇਖਿਆ ਜਾਂਦਾ ਹੈ ਜਿਸ ਸਮੇਂ 'ਤੇ ਟਰੇਨ ਚੱਲ ਰਹੀ ਹੁੰਦੀ ਹੈ, ਉਸ ਸਮੇਂ ਸੈਕਸ਼ਨ 'ਤੇ ਅੱਗੇ ਜਾਂ ਕਰਾਸਿੰਗ 'ਤੇ ਕੋਈ ਹੋਰ ਟਰੇਨ ਤਾਂ ਨਹੀਂ ਹੈ। ਇਹੀ ਟਾਈਮ ਟੇਬਲ ਅਗਲੇ ਸਮੇਂ ਵੱਡੇ ਰੇਲਵੇ ਸਟੇਸ਼ਨਾਂ 'ਤੇ ਲੋਕੋ ਪਾਇਲਟ ਅਤੇ ਗਾਰਡ ਦੀ ਵਿਵਸਥਾ ਦੇ ਕੰਮ ਆਉਂਦਾ ਹੈ। ਰੇਲਵੇ ਨੇ ਇੱਕ ਮਈ ਨੂੰ ਸ਼੍ਰਮਿਕ ਸਪੈਸ਼ਲ ਟਰੇਨਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਾਂ ਉਸ ਨੇ ਟਾਈਮ ਟੇਬਲ ਬਣਾਇਆ। ਰੋਜ਼ਾਨਾ ਔਸਤ ਚਾਲੀ ਟਰੇਨਾਂ ਚੱਲੀਆਂ ਅਤੇ ਪਹਿਲਾਂ ਤੋਂ ਬਣਾਏ ਰਾਹ ਤੋਂ ਹੋ ਕੇ ਲੰਘਣ ਦੌਰਾਨ ਸਮੇਂ ਦਾ ਵੀ ਕੰਟਰੋਲ ਰਿਹਾ। ਫਿਰ 12 ਮਈ ਦੇ ਬਾਅਦ ਹਾਲਾਤ ਵਿਗੜੇ ਅਤੇ ਹੌਲੀ ਹੌਲੀ ਰੇਲਵੇ ਬੋਰਡ ਦੀ ਪਲਾਨਿੰਗ ਫੇਲ ਹੋਣ ਲੱਗ ਪਈ, ਜਿਸ ਨਾਲ ਚਾਲੀ ਰੇਲ ਗੱਡੀਆਂ ਆਪਣੇ ਰਸਤੇ ਤੋਂ ਭਟਕ ਕੇ ਹੋਰਨੀਂ ਥਾਈਂ ਚਲੇ ਗਈਆਂ ਅਤੇ ਇੱਕ ਗੱਡੀ ਛੱਡੀ ਘੰਟੇ ਦੇ ਰਸਤੇ ਲਈ ਚੌਥੇ ਦਿਨ ਟਿਕਾਣੇ ਪਹੁੰਚ ਸਕੀ।