Welcome to Canadian Punjabi Post
Follow us on

21

September 2020
ਬ੍ਰੈਕਿੰਗ ਖ਼ਬਰਾਂ :
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲ
ਮਨੋਰੰਜਨ

ਕਹਾਣੀ: ਜਿਉਂਦਾ ਰਹਿ ਵੇ ਬੱਚੜਿਆ

May 27, 2020 09:49 AM

-ਗੁਰਮੀਤ ਕੜਿਆਲਵੀ
ਸੁੱਖੇ ਨੇ ਵਾਣ ਦੀ ਢਿਲਕਣੀ ਜਿਹੀ ਮੰਜੀ 'ਤੇ ਗੁੱਛੀਮੁੱਛੀ ਹੋਏ ਪਏ ਪੁੱਤ ਹੀਰੇ ਦੇ ਮੱਥੇ 'ਤੇ ਹੱਥ ਰੱਖ ਕੇ ਵੇਖਿਆ। ਮੱਥਾ ਭੱਠ ਵਾਂਗ ਤਪ ਰਿਹਾ ਸੀ। ਉਸਨੇ ਪਾਣੀ ਨਾਲ ਭਿਉਂ ਕੇ ਪੱਟੀ ਉਸ ਦੇ ਮੱਥੇ 'ਤੇ ਰੱਖੀ। ਦੋ ਤਿੰਨ ਵਾਰ ਹੀਰੇ ਨੂੰ ਹਲੂਣ ਹਲੂਣ ਕੇ ਹਿਲਾਇਆ, ‘ਹੀਰੇ ਪੁੱਤ! ਮੇਰੇ ਸ਼ੇਰ.. ਕਿਮੇ ਐਂ ਪੁੱਤ? ਮੇਰੇ ਸੋਹਣਿਆ ਪੁੱਤਾ, ਆਵਦੀ ਬੀਬੀ ਕੰਨੀ ਵੇਖ ਅੱਖਾਂ ਚੱਕ ਕੇ।'' ਹੀਰੇ ਨੇ ਕੋਈ ਜਵਾਬ ਨਾ ਦਿੱਤਾ। ਉਹ ਉਸੇ ਤਰ੍ਹਾਂ ਬੇਸੁੱਧ ਪਿਆ ਰਿਹਾ। ਉਸਨੇ ਤਾਂ ਅੱਖ ਪੁੱਟ ਕੇ ਵੀ ਨਾ ਵੇਖਿਆ। ਸੁੱਖੋ ਨੇ ਹੀਰੇ ਦਾ ਸਿਰ ਚੁੱਕ ਕੇ ਪੱਟਾਂ 'ਤੇ ਰੱਖ ਲਿਆ ਤੇ ਵਾਲਾਂ 'ਚ ਪੋੋਲੇ ਪੋਲੇ ਹੱਥ ਮਾਰਨ ਲੱਗੀ।
ਵੱਡਾ ਮੁੰਡਾ ਬੀਰਾ ਇੱਕ ਅਲਾਣੀ ਮੰਜੀ 'ਤੇ ਪਾਂ ਖਾਂਧੇ ਕੁੱਤੇ ਵਾਂਗ ਪਿਆ ਸੀ, ਜਿਸ ਦੇ ਮੂੰਹ 'ਤੇ ਮੱਖੀਆਂ ਭਿਣਭਿਣਾ ਰਹੀਆਂ ਸਨ। ਕੁੜੀ ਪਿੰਦਰੀ ਚੁੱਲ੍ਹੇ ਕੋਲ ਬੈਠੀ ਡੈਂਬਰਿਆਂ ਵਾਂਗ ਕਦੇ ਮਾਂ ਵੱਲ ਤੇ ਕਤੇ ਬੀਰੇ ਵੱਲ ਝਾਕਣ ਲੱਗ ਜਾਂਦੀ ਸੀ।
‘ਵੇ ਮੇਰੇ ਹੀਰਿਆ.. ਹੂੰ ਹਾਂ ਕਰ ਪੁੱਤ। ਵੇਖ ਤੇਰੀ ਮਾਂ ਕਿਮੇ ਪਾਕਲਾਂ ਆਗੂੰ ਹੋਈ ਪਈ ਐ। ਉਠ ਮੇਰਾ ਲਾਲ।'' ਸੁੱਖੋ ਨੇ ਹੀਰੇ ਦਾ ਸਿਰ ਛਾਤੀ ੁਨਾਲ ਲਾਇਆ। ‘‘ਜੇ ਆਹ ਗੰਦੀ ‘ਲਾਦ ਕਿਸੇ ਕਰਮ ਜਰਮ ਦੀ ਹੁੰਦੀ.. ਆਪਣੇ ਐਨੇ ਮੰਦੜੇ ਹਾਲ ਨਾ ਹੁੰਦੇ। ਏਹ ਤਾਂ ਪਿਉ ਤੋਂ ਵੀ ਚਾਰ ਰੱਤੀਆਂ ਉਤੋਂ ਦੀ ਗਿਆ।'' ਸੁੱਖੋ ਨੇ ਦੋਵਾਂ ਹੱਥਾਂ ਨਾਲ ਆਪਣੇ ਮੱਥੇ ਨੂੰ ਘੁੱਟਿਆ।
‘‘ਨੀ ਅੰਮੜੀਏ, ਕੀ ਸੋਚ ਕੇ ਮੇਰਾ ਨਾਂ ਸੁੱਖੋ ਰੱਖਿਆ ਸੀਗਾ? ਜੇ ਰੱਖਿਆ ਈ ਸੀਗਾ ਤਾਂ ਇੱਕ ਅੱਧ ਸੁਖ ਵੀ ਝੋਲੀ ਪਾ ਦਿੰਦੀ।'' ਅੱਖਾਂ ਅਤੇ ਨੱਕ 'ਚੋਂ ਵਗ ਆਏ ਪਾਣੀ ਨੂੰ ਸਿਰ ਉਤਲੀ ਪਾਟੀ ਪੁਰਾਣੀ ਚੁੰਨੀ ਦੇ ਲੜ ਨਾਲ ਪੁੂੰਝਦਿਆਂ ਹੀਰੇ ਦੀਆਂ ਲੱਤਾਂ ਬਾਹਾਂ ਘੁੱਟਣ ਲੱਗੀ।
ਸੁੱਖੋ ਨੇ ਸੱਚਮੁੱਚ ਇੱਕ ਦਿਨ ਵੀ ਸੁਖ ਦਾ ਨਹੀਂ ਸੀ ਦੇਖਿਆ। ਨਾ ਪੇਕੇ, ਨਾ ਸਹੁਰੇ। ਪੇਕਿਆਂ ਘਰ ਗ਼ਰੀਬੀ ਨਾਲ ਘੁਲਦੀ ਆਈ ਸੁੱਖੋ ਨੂੰ ਸਹੁਰੇ ਵੀ ਸੱਪ ਦੇ ਮੂੰਹ 'ਚ ਫਸੇ ਡੱਡੂ ਵਰਗੇ ਮਿਲੇ ਸਨ, ਗ਼ਰੀਬੀ ਦੇ ਮੂੰਹ 'ਚੋਂ ਛੁੱਟ ਜਾਣ ਲਈ ਤਰਲੇ ਮਾਰਦੇ। ਗ਼ਰੀਬੀ ਵਾਲੀ ਸਾੜਸਤੀ ਨੇ ਦੋਵਾਂ ਪਰਵਾਰਾਂ ਨੂੰ ਇੱਕੋ ਜਿਹਾ ਝੰਬਿਆ ਹੋਇਆ ਸੀ। ਸੁੱਖੋ ਨੂੰ ਸਹੁਰੇ ਆ ਕੇ ਕੁਝ ਵੀ ਵੱਖਰਾ ਮਹਿਸੂਸ ਨਹੀਂ ਹੋਇਆ। ਏਨਾ ਕੁ ਫ਼ਰਕ ਪਿਆ-ਉਹ ਸੁੱਖੀ ਸਾਂਦੀਂ ਆਪਣੇ ਘਰ ਆ ਗਈ ਸੀ। ਆਪਣੇ ਇਸ ਘਰ 'ਚ ਦਿਨਾਂ ਨੂੰ ਧੱਕੇ ਦਿੰਦਿਆਂ ਹੀ ਉਸ ਦੀ ਕੁੰਦਨ ਵਰਗੀ ਦੇਹੀ ਨੇ ਅਮਲਾਂ ਖਾਧੇ ਕੁੰਦਨ ਨੂੰ ਤਿੰਨ ਜੁਆਕ ਜੰਮ ਕੇ ਦਿੱਤੇ ਸਨ।
‘‘ਵੇ ਬੀਰਿਆ, ਡੁੱਬੜੀ ਦਿਆ, ਵੇਖ ਲੈ ਉਠ ਕੇ ਬਾਹਰ। ਸ਼ੈਤ ਹੈਸ਼ੇ ਡਗਟਰ ਦੀ ਦੁਕਾਨ ਖੁੱਲ੍ਹੀ ਹੋਵੇ? ਜੁਆਕ ਦੇ ਟੀਕਾ ਟਪੱਲਾ ਲੁਆ ਲਿਆਮਾ। ਏਹ ਤਾਂ ਜਮਾ ਸੁਰਤ ਨ੍ਹੀ ਕਰਦਾ। ਆਹ ਵੇਖ ਉਰ੍ਹੇ ਆ ਕੇ। ਪਿੰਡਾ ਭੱਠ ਮਾਗੂੰ ਤਪੀ ਜਾਂਦਾ। ਕਈ ਦਿਨ ਹੋਗੇ ਜੁਆਕ ਨੂੰ ਮੱਛੀਓ ਮਾਸ ਹੋਏ ਨੂੰ।''
‘‘ਬਾਹਰ ਕਿੱਥੇ ਜਾਵਾਂ? ਕੋਈ ਦੁਕਾਨ-ਦਕੂਨ ਨ੍ਹੀਂ ਖੁੱਲਦੀ। ਬਾਹਰ ਪੁਲਸ ਆਲੀ ਗੱਡੀ ਫਿਰਦੀ ਐ ਚਾਂਗਰਾਂ ਮਾਰਦੀ। ਹੂਅਤ-ਹੂਅਤ ਕਰਦੇ ਫਿਰਦੇ ਐ ਪੁਲਸੀਏ। ਉਦੋਂ ਈ ਪਤਾ ਲੱਗਦੈ ਜਦੋਂ ਗਿੱਟੇ ਛਾਂਗ ਦਿੰਦੇ ਐ। ਕਿਸੇ ਦੀ ਨ੍ਹੀ ਸੁਣਦੇ। ਪਰਸੋਂ ਤਾਸ਼ ਖੇਡਦੇ ਤਾਏ ਲੋਧੀ ਅਰਗੇ ਸਿਆਣਿਆਂ ਬਿਆਣਿਆਂ ਦੀ ਖੜਕੈਂਤੀ ਕਰਤੀ। ਮੈਂ ਨ੍ਹੀਂ ਜਾਂਦਾ।''
ਬੀਰਾ ਮਾੜਾ ਜਿਹਾ ਮੰਜੇ ਤੋਂ ਹਿੱਲਿਆ ਤੇ ਜੁਆਬ ਦੇ ਕੇ ਫੇਰ ਮੰਜੇ 'ਤੇ ਢੇਰੀ ਹੋ ਗਿਆ। ਨਸ਼ੇ ਦੇ ਘੋਰੀ ਹੋਏ ਪਏ ਉਸਦੇ ਸਰੀਰ 'ਚ ਉਠਣ ਦੀ ਸੱਤਿਆ ਹੀ ਨਹੀਂ ਸੀ।
‘‘ਵੇ ਮੈਂ ਕੱਲੀ ਕਾਰੀ ਤੀਮੀ ਮਾਨੀ ਕੀ ਕਰਾਂ ਵੇ ਮੇਰੇ ਹੀਰਿਆ ਪੁੱਤਾ-ਕਿਧਰ ਜਾਵੇ ਤੇਰੀ ਸਿਰੋਂ ਨੰਗੀ ਮਾਂ। ਰੱਬ ਨੇ ਦੁੱਖਾਂ ਦੇ ਸਾਰੇ ਪਹਾੜ ਸਿੱਟ 'ਤੇ ਏਸ ਕਰਮਾਂ ਮਾਰੀ 'ਤੇ। ਐਨੇ ਜੋਗੀ ਕਿੱਥੇ ਸੀਗੀ ਮੈਂ। ਜਿਅੋ ਜਿਆ ਸੀਗਾ ਅਮਲੀ ਭੰਗੀ, ਸਿਰ 'ਤੇ ਬੈਠਾ ਸੀਗਾ। ਬੰਦਾ ਤਾਂ ਮਿੱਟੀ ਦਾ ਨ੍ਹੀਂ ਮਾਣ। ਅੱਜ ਜਿਉਂਦਾ ਹੁੰਦਾ ਸੌ ਓਹੜ ਪੋਹੜ ਕਰਦਾ।'' ਸੁੱਖੋ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦੀ ਸੀ। ਜਦੋਂ ਕੁੰਦਨ ਦੀ ਮੌਤ ਹੋਈ ਸੀ, ਕੁੜੀ ਪਿੰਦਰੀ ਸੱਤਾਂ ਤੇ ਬੀਰਾ ਮਸੀਂ ਪੰਜਾਂ ਸਾਲਾਂ ਦਾ ਸੀ। ਹੀਰਾ ਮਸੀਂ ਅਜੇ ਢਾਈ ਤਿੰਨ ਮਹੀਨਿਆਂ ਦਾ ਸੀ। ਉਦੋਂ ਉਹ ਬੱਸੀਆਂ ਵਾਲਿਆਂ ਦੇ ਤਿੰਨ ਮਹੀਨਿਆਂ ਲਈ ਸੀਰੀ ਰਲਿਆ ਹੋਇਆ ਸੀ। ਉਸ ਦਿਨ ਉਹ ਖੇਤ ਹੀ ਸੀ ਜਿਸ ਦਿਨ ਉਸ ਦੀ ਮੌਤ ਹੋਈ ਸੀ। ਕੀ ਗੱਲ ਹੋਈ ਸੀ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ। ਇਹ ਜਾਂ ਬੱਸੀਆਂ ਵਾਲੇ ਜਾਣਦੇ ਸਨ ਜਾਂ ਰੱਬ। ਬੱਸੀਆਂ ਵਾਲਿਆਂ ਦੇ ਦੱਸਣ ਅਨੁਸਾਰ ਕੁੰਦਨ ਵੱਟਾਂ ਘੜਦਾ ਘੜੀ ਬਿੰਦ ਸਾਹ ਲੈਣ ਲੰਮਾ ਪੈ ਗਿਆ ਤੇ ਫਿਰ ਉਠਿਆ ਹੀ ਨਹੀਂ। ਇਸ ਗੱਲ ਦਾ ਸੁੱਖੋ ਨੂੰ ਅੱਜ ਤੱਕ ਵੀ ਯਕੀਨ ਨਹੀਂ ਆਇਆ। ਕੁੰਦਨ ਨਸ਼ਾ ਪੱਤਾ ਕਰਦਾ ਜ਼ਰੂਰ ਸੀ, ਪਰ ਇਸ ਤਰ੍ਹਾਂ ਮਰ ਜਾਣ ਵਾਲੀ ਵੀ ਕੀ ਗੱਲ ਸੀ? ਮਾੜੀ ਮੋਟੀ ਚਵਾ-ਚਵੀ ਜ਼ਰੂਰ ਹੋਈ ਸੀ ਪਰ ਬੱਸੀਆਂ ਵਾਲਿਆਂ ਗੱਲ ਖਿਲਰਨ ਨਹੀਂ ਦਿੱਤੀ। ਦਸ ਹਜ਼ਾਰ 'ਚ ਗੱਲ ਨਿਬੜ ਗਈ ਸੀ। ਬੱਸੀਆਂ ਵਾਲੇ ਪਿੰਡ 'ਚ ਵੱਡੀ ਧਿਰ ਸਨ ਤੇ ਪਿੰਡ ਦੇ ਬੰਦਿਆਂ ਨੇ ਜ਼ਨਾਨੀ ਨਾਲ ਨਹੀਂ, ਵੱਡੀ ਧਿਰ ਨਾਲ ਹੀ ਖੜ੍ਹਨਾ ਸੀ।
‘‘ਚਲੋ-ਚਲੋ.. ਟੈਮ ਨਾਲ ਮਿੱਟੀ ਕਿਉਟੋ।'' ਆਖਦਿਆਂ ਮੋਹਤਬਰ ਬੰਦਿਆਂ ਨੇ ਅੱਗੇ ਲੱਗ ਕੇ ਕੁੰਦਨ ਦੀ ਦੇਹ ਦਾ ਕਾਹਲੀ ਨਾਲ ਇਸ਼ਨਾਨ ਕਰਾ ਕੇ ਸਸਕਾਰ ਦਾ ਕੰਮ ਨਿਬੇੜ ਦਿੱਤਾ ਸੀ। ਸਸਕਾਰ ਤੋਂ ਕਈ ਦਿਨ ਬਾਅਦ ਗੱਲਾਂ ਬਾਹਰ ਨਿਕਲਣ ਲੱਗੀਆਂ ਸਨ। ਕੁੰਦਨ ਨੂੰ ਨਹਾਉਣ ਵੇਲੇ ਵਿਹੜੇ ਦੇ ਕਈ ਲੋਕਾਂ ਨੇ ਉਸ ਦੀ ਧੌਣ 'ਤੇ ਨੀਲ ਦੇ ਵੱਡੇ ਵੱਡੇ ਨਿਸ਼ਾਨ ਵੇਖੇ ਸਨ। ਸੁੱਖੋ ਕਰ ਵੀ ਕੀ ਸਕਦੀ ਸੀ? ਤੀਵੀਂ ਸੀ-ਉਹ ਵੀ ਇਕੱਲੀ ‘ਕਹਿਰੀ ਤੇ ਗ਼ਰੀਬ ਤੀਵੀਂ ਜਿਸ ਦੀ ਕੋਈ ਧਿਰ ਨਹੀਂ ਸੀ। ਗੱਲਾਂ ਜਿਵੇਂ ਬਾਹਰ ਨਿਕਲੀਆਂ ਸਨ, ਉਵੇਂ ਅੰਦਰ ਵੀ ਚਲੀਆਂ ਗਈਆਂ।
‘‘ਅੱਜ ਤੀਆ ਦਿਨ ਹੋ ਗਿਆ-ਪਾਣੀ ਦੀ ਤਿੱਪ ਤੋਂ ਬਿਨਾਂ ਕੁਛ ਨ੍ਹੀਂ ਅੰਦਰ ਗਿਆ ਤੇਰੇ ਜਿਉਣ ਜੋਗਿਆ। ਕੋਈ ਦੁਕਾਨ ਖੁੱਲ੍ਹਦੀ ਤਾਂ ਤੇਰੇ ਜੋਗਾ ਦਲੀਆ ਈ ਲੈ ਆਉਂਦੀ ਉਧਾਰ-ਸੁਧਾਰ ਕਿਸੇ ਦੁਕਾਨਦਾਰ ਦੀ ਮਿੰਨਤ ਸਪੈਦ ਕਰਕੇ।''
ਆਪਣੇ ਆਪ ਨਾਲ ਗੱਲਾਂ ਕਰਦੀ ਸੁੱਖੋ ਨੇ ਬਾਹਰ ਗਲੀ 'ਚ ਨਿਕਲ ਕੇ ਦੂਰ ਤੱਕ ਨਿਗਾਹ ਮਾਰੀ। ਚਾਰੇ ਪਾਸੇ ਸਿਵਿਆਂ ਵਰਗੀ ਸੁੰਨਸਾਨ ਤੇ ਡਰਾਉਣੀ ਚੁੱਪ ਵਰਤੀ ਪਈ ਸੀ। ਜਿਵੇਂ ਗਲੀਆਂ 'ਚ ਕੋਈ ਦਿਓ ਫਿਰ ਗਿਆ ਹੋਵੇ। ਕਿਸੇ ਘਰ ਦਾ ਦਰਵਾਜ਼ਾ ਖੁੱਲ੍ਹਾ ਨਹੀਂ ਸੀ। ਗਲੀ ਦੇ ਧਰਮਸ਼ਾਲਾ ਵਾਲੇ ਮੋੜ 'ਤੇ ਦੋ ਕਾਲੇ ਕੁੱਤੇ ਬੇਫ਼ਿਕਰ ਹੋਏ ਖੜ੍ਹੇ ਸਨ।
ਪਿੰਡ ਵਿਚਲੇ ਵੱਡੇ ਗੁਰਦੁਆਰੇ 'ਚੋਂ ਭਾਈ ਵਾਰ ਵਾਰ ਘਰਾਂ ਅੰਦਰ ਤੜੇ ਰਹਿਣ ਦੇ ਹੋਕੇ ਦੇ ਰਿਹਾ ਸੀ, ‘ਭਾਈ ਇਹ ਜਿਹੜੀ ਕੋਰੋਨਾ ਦੀ ਨਵੀਂ ਮਹਾਂਮਾਰੀ ਚੱਲੀ ਐ ਨਾ, ਬੜੀ ਖ਼ਤਰਨਾਕ ਐ। ਇਹ ਲਾਗ ਦੀ ਬਿਮਾਰੀ ਹੈ ਭਾਈ। ਏਹਦਾ ਇਲਾਜ ਹੈਨੀ। ਇੱਕ ਦੂਏ ਤੋਂ ਲੱਗ ਜਾਂਦੀ ਐ। ਬਾਹਰਲੇ ਦੇਸ਼ਾਂ 'ਚ ਏਸ ਬਿਮਾਰੀ ਨਾਲ ਲੱਖਾਂ ਲੋਕ ਮਰਗੇ। ਕਿਸੇ ਨੇ ਲਾਸ਼ਾਂ ਨ੍ਹੀਂ ਸੰਭਾਲੀਆਂ। ਸੜਕਾਂ 'ਤੇ ਰੁਲਦੀਆਂ ਰਹੀਆਂ ਕਈ ਕਈ ਦਿਨ। ਸੋ ਭਾਈ ਲਾਗ ਵਾਲੀ ਏਸ ਬਿਮਾਰੀ ਤੋਂ ਬਚਣ ਲਈ ਇੱਕ ਦੂਏ ਤੋਂ ਦੂਰ ਰਹੋ। ਭਾਈ ਗੌਰਮਿੰਟ ਨੇ ਸਖ਼ਤ ਆਡਰ ਕਰਤੇ। ਆਵਦੇ ਆਵਦੇ ਘਰਾਂ 'ਚ ਰਹੋ। ਬਾਹਰ ਨਾ ਨਿਕਲੋ।''
‘‘ਵਾਖਰੂ! ਵਾਖਰੂ! ਹੇ ਸੱਚਿਆ ਪਾਤਸ਼ਾਹ ਮਿਹਰ ਰੱਖੀ। ਗਰੀਬ ਗੁਰਬੇ ਦਾ ਤਾਂ ਤੂੰ ਈ ਏਂ।'' ਸੁੱਖੋ ਦੇ ਆਪਮੁਹਾਰੇ ਦੋਵੇਂ ਹੱਥ ਜੁੜ ਗਏ। ਬਾਹਰਲੇ ਬੂਹੇ ਦੀ ਸਿਉਂਕ ਖਾਧੀ ਚੁਗਾਨ ਨਾਲ ਢੋਅ ਲਾਈ ਉਹ ਲਾਗ ਵਾਲੀ ਬਿਮਾਰੀ ਬਾਰੇ ਸੋਚਣ ਲੱਗੀ, “ਏਹ ਲਾਗ ਆਲੀ ਬਿਮਾਰੀ ਸਾਡੇ ਤਾਂ ਜਰਮ ਲੈਂਦਿਆਂ ਈ ਚਿੰਬੜ ਜਾਂਦੀ ਐ, ਤਕੜਿਆਂ ਨੂੰ ਈ ਹੁਣ ਚਿੰਬੜੀ ਐ। ਸਾਨੂੰ ਤਾਂ ਗੁਰੂ ਘਰ ਚੌਲ ਲੈਣ ਗਿਆਂ ਨੂੰ ਵੀ ਦੂਰ ਬਹਾ ਦਿੰਦੇ ਸੀਗੇ।''
ਸੁੱਖੋ ਨੇ ਆ ਕੇ ਆਟੇ ਵਾਲਾ ਪੀਪਾ ਖੋਲ੍ਹਿਆ। ਮਸਾਂ ਚਾਰ ਪੰਜ ਡੰਗਾਂ ਦਾ ਆਟਾ ਬਚਿਆ ਸੀ। ਉਸ ਨੇ ਆਟੇ ਦੀਆਂ ਦੋ ਤਿੰਨ ਮੁੱਠਾਂ ਭਰ ਕੇ ਸਿਲਵਰ ਦੀ ਚਿੱਬ ਖੜਿੱਬੀ ਪਰਾਤ 'ਚ ਪਾਈਆਂ ਕੇ ਆਟਾ ਗੁੰਨ੍ਹਣ ਲੱਗੀ। ਉਸਨੇ ਕਾਹਲੀ ਨਾਲ ਮੋਟੀਆਂ ਮੋਟੀਆਂ ਦੋ ਰੋਟੀਆਂ ਲਾਹੀਆਂ। ਹੱਥ ਨਾਲ ਹਿਲਾ ਕੇ ਠੰਢੀਆਂ ਕੀਤੀਆਂ ਤੇ ਬਾਹਰ ਗਲੀ 'ਚ ਨਿਕਲ ਗਈ। ਦੋਵੇਂ ਕਾਲੇ ਕੁੱਤੇ ਅਜੇ ਗਲੀ ਦੇ ਮੋੜ 'ਤੇ ਬੇਬਾਕ ਖੜ੍ਹੇ ਸਨ ਜਿਵੇਂ ਸਾਰੀ ਗਲੀ ਉਨ੍ਹਾਂ ਦੀ ਮਲਕੀਅਤ ਹੋਵੇ। ਸੁੱਖੋ ਨੇ ‘ਕੂਰ-ਕੂਰ' ਕਰਕੇ ਕੁੱਤਿਆਂ ਨੂੰ ਕੋਲ ਬੁਲਾਇਆ, ਪਰ ਉਨ੍ਹਾਂ ਨੇ ਉਸ ਦੀ ਆਵਾਜ਼ ਅਣਸੁਣੀ ਕਰ ਦਿੱਤੀ। ਉਹ ਹਿੰਮਤ ਕਰਕੇ ਆਪ ਹੀ ਅੱਗੇ ਗਈ ਤੇ ਰੋਟ ਵਰਗੀਆਂ ਦੋਵੇਂ ਰੋਟੀਆਂ ਦੋਵਾਂ ਕੁੱਤਿਆਂ ਨੂੰ ਪਾਉਂਦਿਆਂ ਮਨ ਹੀ ਮਨ ਅਰਦਾਸ ਕਰਨ ਲੱਗੀ, ‘ਹੇ ਬਾਬਾ ਭੈਰੋਂ, ਦੁਨੀਆਂ 'ਤੇ ਆਈ ਸਾੜਸਤੀ ਦੂਰ ਕਰ। ਤੇਰੇ ਦਰਵੇਸ਼ਾਂ ਨੂੰ ਰੋਟ ਪਾ ਦਿੱਤਾ। ਐਨੀ ਕਰੋਪੀ ਨਾ ਵਿਖਾ। ਠੰਢ ਵਰਤਾ। ਭਲਾ ਕਰ ਸਾਰਿਆਂ ਦਾ। ਮਾਲ ਮਨੁੱਖੀ ਸੁੱਖ ਰੱਖ। ਤੇਰੇ ਬੱਚਿਆਂ ਤੋਂ ਸੌ ਗਲਤੀਆਂ ਭੁੱਲਾਂ ਹੋ ਜਾਂਦੀਆਂ।'' ਕੁੱਤਿਆਂ ਨੇ ਬੇਯਕੀਨੀ ਜਿਹੀ 'ਚ ਰੋਟੀਆਂ ਨੂੰ ਸੁੰਘਿਆ, ਮੂੰਹ ਚੁੱਕ ਕੇ ਸੁੱਖੋ ਵੱਲ ਦੇਖਿਆ ਤੇ ਫਿਰ ਦੋਵੇਂ ਰੋਟੀਆਂ ਮੂੰਹਾਂ 'ਚ ਲੈ ਕੇ ਪਰ੍ਹਾਂ ਟੋਭੇ ਵੱਲ ਨੂੰ ਦੌੜ ਗਏ। ਸੁੱਖੋ ਨੇ ਭੈਰੋਂ ਦਾ ਲੱਖ ਲੱਖ ਸ਼ੁਕਰਾਨਾ ਕੀਤਾ।
‘‘ਧੀਏ, ਮੇਰੀ ਸੂਰਤ 'ਚ ਐਹੋ ਜਈ ਸਾੜਸਤੀ ਪਹਿਲੀ ਵਾਰ ਆਈ ਐ। ਥੋਡਾ ਪੜਨਾਨਾ ਦੱਸਦਾ ਹੰੁਦਾ ਸੀ ਜਿਮੇ ਹੁਣ ਕੋੋਰੋਨਾ ਆਲੀ ਬਿਮਾਰੀ ਫੈਲੀ ਐ, ਏਵੇਂ ਜਿਮੇ ਕੱਤੇ ਦੇ ਮੀਨੇ੍ਹ 'ਚ ਪਲੇਗ ਫੈਲਗੀ ਸੀਗੀ ਸਾਰੇ ਕਿਤੇ। ਲੋਥਾਂ ਦੇ ਢੇਰ ਲੱਗਗੇ। ਜਦੋਂ ਕਿਸੇ ਪਿੰਡ ਦਸ ਵੀਹ ਮੌਤਾਂ ਹੋ ਜਾਣੀਆਂ, ਬਾਕੀ ਪਿੰਡ ਆਲਿਆਂ ਨੇ ਪਿੰਡ ਛੱਡ ਕੇ ਅਗਾਂਹ ਤੁਰ ਜਾਣਾ। ਪਿੰਡਾਂ ਦੇ ਪਿੰਡ ਖਾਲੀ ਹੋਗੇ ਸੀਗੇ। ਮਰ ਗਿਆਂ ਨੂੰ ਕੋਈ ਨ੍ਹੀਂ ਸੀ ਰੋਂਦਾ। ਰੋਣ ਆਲਾ ਬਚਿਆ ਈ ਨ੍ਹੀ ਸੀ। ਬਾਰ੍ਹੀ ਕੋਹੀਂ ਦੀਵਾ ਜਗਦਾ ਸੀਗਾ। ਬਾਬੇ ਆਖਣਾ, ਕੁੱਤੇ ਲੋਥਾਂ ਧੂਹੀ ਫਿਰਦੇ ਸੀਗੇ ਬੀਹੀਆਂ 'ਚ। ਰਿਸ਼ਤੇਦਾਰਾਂ ਨੇ ਲਾਸ਼ਾਂ ਤੱਕ ਨ੍ਹੀਂ ਸੀ ਸੰਭਾਲੀਆਂ। ਹੁਣ ਆਹ ਕੋਰੋਨਾ ਆਲੀ ਕਰੋਪੀ.. ਬਾਬਾ ਨਾਨਕ ਮਿਹਰ ਰੱਖੇ।'' ਮਾਂ ਦੀਆਂ ਗੱਲਾਂ ਸੁਣ ਕੇ ਸੁੰਨ-ਮਸੁੰਨ ਹੋਈ ਬੈਠੀ ਪਿੰਦਰੀ ਡਰ ਨਾਲ ਹੋਰ ਵੀ ਸੰੁਗੜ ਗਈ। ਉਸ ਨੂੰ ਗਲੀ ਵਿੱਚ ਰੁਲਦੀਆਂ ਲਾਸ਼ਾਂ ਵਿਖਾਈ ਦੇਣ ਲੱਗੀਆਂ।
‘‘ਨੀਂ ਬੀਬੀ, ਆਪਾਂ ਕੀ ਕਰਾਂਗੇ?'' ਪਿੰਦਰੀ ਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਕਿ ਉਹ ਮਾਂ ਨਾਲ ਕੀ ਗੱਲ ਕਰੇ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਸਵਾਲ ਕੀ ਕਰ ਰਹੀ ਹੈ। ਸੁੱਖੋ ਧੀ ਦੇ ਸਵਾਲ ਨਾਲ ਧੁਰ ਅੰਦਰ ਤੱਕ ਕੰਬ ਗਈ। ਉਸ ਨੂੰ ਮਹਿਸੂਸ ਹੋਇਆ ਜਿਵੇਂ ਪਿੰਦਰੀ ਨੇ ਇਹ ਗੱਲ ਮੰਜੇ 'ਤੇ ਬੇਸੁਰਤ ਹੋਏ ਪਏ ਛੋਟੇ ਭਰਾ ਵੱਲ ਵੇਖ ਕੇ ਆਖੀ ਹੋਵੇ।
‘ਜੇ ਮੇਰੇ ਹੀਰੇ ਨੂੰ ਕੁਛ ਹੋ ਗਿਆ?’ ਸੋਚਦਿਆਂ ਸੁੱਖੋ ਦਾ ਤ੍ਰਾਹ ਨਿਕਲ ਗਿਆ। ਉਸ ਦੀਆਂ ਅੱਖਾਂ ਅੱਗੇ ਹੀਰੇ ਦੀ ਗਲੀਆਂ 'ਚ ਰੁਲਦੀ ਲਾਸ਼ ਘੁੰਮਣ ਲੱਗੀ। ‘ਨਈ ਨਈ..ਆਏਂ ਨ੍ਹੀ ਮੈਂ ਰੁਲਣ ਦਿੰਦੀ ਪੁੱਤ ਦੀ ਮਿੱਟੀ। ਮੈਂ ਤਾਂ ਕੰਨ੍ਹੇੜੇ ਚੁੱਕ ਕੇ ਲੈ ਜਾਉਂ ਪੁੱਤ ਨੂੰ ਸਿਵਿਆਂ 'ਚ। ਅੱਗੇ ਵੀ ਤਾਂ ਬਾਰ੍ਹਾਂ ਸਾਲਾਂ ਤੋਂ ਚੱਕੀ ਹੀ ਫਿਰਦੀ ਹਾਂ।'
ਸੁੱਖੋ ਨੂੰ ਪੂਰੇ ਬਾਰ੍ਹਾਂ ਵਰ੍ਹੇ ਹੋ ਗਏ ਸਨ ਹੀਰੇ ਨੂੰ ਕੰਧੇੜੇ ਚੁੱਕੀ ਫਿਰਦਿਆਂ। ਨਿਰਾ ਹੱਡੀਆਂ ਦਾ ਪਿੰਜਰ। ਨਾ ਲੱਤਾਂ ਕੰਮ ਕਰਦੀਆਂ, ਨਾ ਬਾਹਾਂ। ਬੋਲਣ ਦੇ ਨਾਂ 'ਤੇ ਸਿਰਫ ਊਂ.. ਊਂ.. ਈਂ.. ਈਂ। ਮੰਜੇ 'ਤੇ ਟੱਟੀ ਪਿਸ਼ਾਬ ਕਰਦਾ। ਕੱਪੜਿਆਂ ਵਾਲੀ ਗੱਠੜੀ ਵਾਗੂੰ ਗੁੱਛੀ-ਮੁੱਛੀ ਹੋਇਆ ਪਿਆ ਰਹਿੰਦਾ। ਖਾਲੀ ਖਾਲੀ ਅੱਖਾਂ ਨਾਲ ਝਾਕਦਾ। ਜਿੱਧਰ ਨੂੰ ਮਾਂ ਜਾਂਦੀ ਓਧਰ ਨੂੰ ਹੀ ਨਜ਼ਰਾਂ ਘੁੰਮਾ ਲੈਂਦਾ। ਦਿਨ ਵੇਲੇ ਜਦੋਂ ਸੁੱਖੋ ਲੋਕਾਂ ਦੇ ਘਰਾਂ 'ਚ ਕੰਮ ਧੰਦਾ ਕਰਨ ਜਾਂਦੀ, ਹੀਰੇ ਦੀ ਸੰਭਾਲ ਵੱਡੀ ਭੈਣ ਪਿੰਦਰੀ 'ਤੇ ਆ ਜਾਂਦੀ। ਲੋਕ ਦੇ ਘਰਾਂ ਵਿੱਚ ਸਿਰ 'ਤੇ ਗੋਹੇ ਦੇ ਭਰੇ ਟੋਕਰੇ ਚੁੱਕਦਿਆਂ ਸੁੱਖੋ ਦੀ ਸੁਤਾ ਹੀਰੇ 'ਚ ਭਟਕਦੀ ਰਹਿੰਦੀ। ਉਹ ਕਾਹਲੀ ਕਾਹਲੀ ਕੰਮ ਨਿਬੇੜ ਘਰ ਵੱਲ ਦੌੜਦੀ।
ਸੁੱਖੋ ਹੱਡੀਆਂ ਦੀ ਗਠੱੜੀ ਵਰਗੇ ਹੀਰੇ ਨੂੰ ਕੰਧੇੜੇ ਚੁੱਕ ਕੇ ਇਧਰ ਓਧਰ ਲਈ ਫਿਰਦੀ। ‘‘ਪੁੱਤ ਅਹਿ ਦੇਖ ਤੇਰੇ ਚਾਚੇ ਦਾ ਘਰ.. ਅਹਿ ਤੇਰੇ ਤਾਏ ਕਿਆਂ ਦਾ। ਆਪਣੇ ਨਾਲ ਵਰਤਦੇ ਨ੍ਹੀ। ਆਪਾਂ ਗ਼ਰੀਬ ਜੋ ਹੋਏ। ਅਹਿ ਤੇਰਾ ਬਾਬਾ ਲੱਗਦਾ। ਐਧਰ ਦੇਖ, ਅਹਿ ਆਪਣੇ ਪੀਰ ਦੀ ਜਗਾ ਐ। ਬੜੀ ਸਗਤੀ ਆਲੀ ਜਗਾ ਐਂ। ਪੁੱਤ ਪੀਰ ਫ਼ਕੀਰ ਹਜੇ ਗੁੱਸੇ ਆ ਆਪਣੇ ਨਾਲ। ਨਜ਼ਰ ਨਿਆਜ਼ ਨ੍ਹੀ ਨਾ ਦੇ ਹੁੰਦੀ ਤੀ ਮੈਤੋਂ ਗਰੀਬਣੀ ਤੋਂ। ਕੋਈ ਨਾ ਪੁੱਤ ਘਬਰਾ ਨਾ, ਪੀਰਾਂ ਦਾ ਕੀ ਪਤਾ ਕਦੋਂ ਤੇ ਕਿਹੜੀ ਗੱਲ ਤੋਂ ਖੁਸ਼ ਹੋ ਜਾਣਾ। ਗ਼ਰੀਬੀ ਦਾਵੇ ਵੀਰਵਾਰ ਦੀ ਵੀਰਵਾਰ ਚੁੂਰਮਾ ਚੜ੍ਹਾ ਜਾਨੀ ਆਂ। ਔਧਰ ਦੇਖਲਾ ਪੁੱਤ, ਬਾਬੇ ਬਾਲਕ ਦਾ ਮੰਦਰ। ਐਥੇ ਦੀਵਾਲੀ ਆਲੇ ਦਿਨ ਦੀਵੇ ਜਗਾਉਨੇ ਹੁੰਨੇ ਆਂ। ਗੁਰਦੁਆਰੇ ਮੱਥਾ ਟਿਕਾ ਲਿਆਉਨੀ ਆਂ ਸੰਗਰਾਂਦ ਆਲੇ ਦਿਨ।'' ਹੀਰੇ ਨੂੰ ਮਾਂ ਦੀਆਂ ਗੱਲਾਂ ਕਿੱਥੇ ਸੁਣਦੀਆਂ ਸਨ। ਉਹ ਮਾਂ ਦੇ ਖੁੱਲ੍ਹਦੇ ਤੇ ਬੰਦ ਹੁੰਦੇ ਮੂੰਹ ਵੱਲ ਝਾਕਦਾ, ‘ਊਂ-ਆਂ-ਊਂ-ਆਂ'' ਕਰੀ ਜਾਂਦਾ। ਪੁੱਤ ਨੂੰ ਕੰਧੇੜੇ ਚੁੱਕੀ ਫਿਰਦੀ ਸੁੱਖੋ ਵੱਲ ਵੇਖ ਆਂਢ-ਗੁਆਂਢ ਦੀਆਂ ਬੁੜ੍ਹੀਆਂ ਹੈਰਾਨ ਹੁੰਦੀਆਂ।
‘‘ਪੁੱਤ ਤਾਂ ਪੁੱਤ ਹੁੰਦਾ ਭਾਵੇਂ ਕਿਹੋ ਜਿਆ ਈ ਹੋਵੇ। ਅੰਨ੍ਹਾ, ਲੂਲਾ, ਲੰਗੜਾ, ਗੂੰਗਾ, ਬੋਲਾ, ਸਿਧਰਾ। ਭਾਈ ਢਿੱਡ ਦੀ ਆਂਦਰ ਐ। ਨੌ ਮੀਨ੍ਹੇ ਪਾਲਿਆਂ ਢਿੱਡ 'ਚ ਰੱਖ ਕੇ।''
‘‘ਭੈਣ ਬਾਂਦਰੀ ਆਵਦੇ ਮਰੇ ਬੱਚੇ ਨੂੰ ਵੀ ਹਿੱਕ ਨਾਲ ਲਾਈ ਰੱਖਦੀ। ਮਜ਼ਾਲ ਕੀ ਕਿਸੇ ਨੂੰ ਨੇੜੇ ਆਉਣ ਦੇਵੇ। ਏਹੀ ਹਾਲ ਆਪਣੀ ਸੁੱਖੋ ਦਾ। ਜੁਆਕ ਦੇ ਅੰਗ ਪੈਰ ਵੀ ਪੂਰੇ ਨੀ। ਨਾ ਉਹ ਸੁਣਦਾ, ਨਾ ਬੋਲਦਾ। ਡਮਾਕ ਉਹਦਾ ਸਾਲ ਦੋ ਸਾਲਾਂ ਦੇ ਜੁਆਕ ਅਰਗਾ ਐ।''
‘‘ਨੀ ਚਾਚੀ, ਧੰਨ ਆ ਸੁੱਖੋ। ਕੈਅ ਵਰ੍ਹੇ ਹੋਗੇ ਮਾਸ ਦੇ ਲੋਥੜੇ ਨੂੰ ਚੱਕੀ ਫਿਰਦੀ ਨੂੰ। ਹੱਥੀ ਟੱਟੀ ਪਿਸ਼ਾਬ ਚੱਕਦੀ ਐ, ਪਰ ਮਜ਼ਾਲ ਕੀ ਮੱਥੇ ਵੱਟ ਪੈ ਜੇ। ਮੇਰਾ ਹੀਰਾ ਪੁੱਤ.. ਮੇਰਾ ਹੀਰਾ ਪੁੱਤ ਕਰਦੀ ਦਾ ਮੂੰਹ ਸੁੱਕਦਾ।''
ਸੁੱਖੋ ਨੇ ਸਿਰ ਉਤਲੀ ਲੱਠੇ ਦੀ ਘਸਮੈਲੀ ਜਿਹੀ ਚੁੰਨੀ ਨਾਲ ਹੀਰੇ ਦੇ ਮੂੰਹ ਵਿੱਚ ਵਗ ਆਈਆਂ ਰਾਲਾਂ ਨੂੰ ਸਾਫ਼ ਕੀਤਾ। ਵਿਹੜੇ 'ਚ ਲੱਗੀ ਬਰਕੈਨ ਤੋਂ ਚਿੜੀ ਦਾ ਨਵਜੰਮਿਆਂ ਬੋਟ ਭੁੰਜੇ ਆ ਡਿੱਗਾ ਸੀ। ਚਿੜੀ ਬੋਟ ਕੋਲ ਆਣ ਵਿਰਲਾਪ ਕਰਨ ਲੱਗੀ। ਸੁੱਖੋ ਦੇ ਦਿਲ ਨੂੰ ਖੋਹ ਪੈਣ ਲੱਗੀ। ਉਸਨੇ ਭੱਜ ਕੇ ਚਿੜੀ ਦੇ ਬੋਟ ਨੂੰ ਚੁੱਕਿਆ ਅਤੇ ਮੰਜੇ ਉੱਤੇ ਚੜ੍ਹ ਕੇ ਆਲ੍ਹਣੇ 'ਚ ਟਿਕਾ ਦਿੱਤਾ। ਸੁੱਖੋ ਨੂੰ ਮਹਿਸੂਸ ਹੋਇਆ ਜਿਵੇਂ ਚਿੜੀ ਨੇ ਉਸ ਵੱਲ ਮੋਹ ਤੇ ਸ਼ੁਕਰਾਨੇ ਭਰੀਆਂ ਅੱਖਾਂ ਨਾਲ ਵੇਖਿਆ ਹੋਵੇ। ‘‘ਬੀਬੀ, ਕਿੰਨੇ ਚੱਲੂ ਏਹ ਬਿਮਾਰੀ? ਆਪਣੇ ਤਾਂ ਆਟਾ ਵੀ ਹੈਨੀ।''
ਸੁੱਖੋ ਨੇ ਪਿੰਦਰੀ ਦੇ ਪਿਚਕ ਗਏ ਮੂੰਹ ਵੱਲ ਵੇਖਿਆ। ਉਥੇ ਡਰ ਦੀ ਸ਼ਾਹ ਕਾਲੀ ਲਕੀਰ ਡੇਰਾ ਲਾਈ ਬੈਠੀ ਸੀ।
‘‘ਬੀਬੀਏ, ਹਵੇਲੀ ਵਾਲਿਆਂ ਕੰਮ ਤੋਂ ਕਿਉਂ ਜਵਾਬ ਦੇਤਾ? ਤੇਰੇ ਹੱਥਾਂ 'ਚ ਤਾਂ ਸਚਿਆਰਪੁਣਾ ਈ ਬਥੇਰਾ। ਤੇਰੇ ਲਾਏ ਪੋਚੇ ਆਲੀ ਫਰਸ਼ 'ਚੋਂ ਤਾਂ ਭਾਮੇ ਮੂੰਹ ਵੇਖਲੋ। ਨਾਲੇ ਹੁਣ ਉਨ੍ਹਾਂ ਦੇ ਝਾੜੂ ਪੋਚਾ ਕੌਣ ਲਾਉਂਦਾ ਹੋਊ? ਸਰਦਾਰਨੀਆਂ ਨੇ ਤਾਂ ਕਦੇ ਆਵਦੇ ਹੱਥ ਨਾਲ ਚੱਕ ਕੇ ਪਾਣੀ ਦਾ ਗਿਲਾਸ ਨ੍ਹੀ ਪੀਤਾ ਹੋਣਾ।''
‘‘ਪਿੰਦਰੀ ਧੀਏ, ਦੁਨੀਆਂ ਡਰੀ ਖਲੋਤੀ ਕੋਰੋਨੇ ਆਲੀ ਬਿਮਾਰੀ ਤੋਂ। ਹਵੇਲੀ ਆਲੇ ਵੀ ਡਰਦੇ ਕਿਤੇ ਮੈਂ ਲਾਗ ਆਲੀ ਬਿਮਾਰੀ ਨਾ ਲੈ ਜਾਵਾਂ ਉਨ੍ਹਾਂ ਦੇ ਘਰੇ।''
‘‘ਆਏ ਬਿਮਾਰੀ ਕਿਮੇ ਵੜਜੂ ਸਰਦਾਰਾਂ ਘਰੇ? ਐਡੀ ਵੱਡੀ ਹਵੇਲੀ 'ਚ? ਅੰਦਰ ਜਾਣ ਵਾਸਤੇ ਤਿੰਨ ਤਿੰਨ ਤਾਂ ਬੂਹੇ ਲੰਘਣੇ ਪੈਂਦੇ ਐ। ਨਾਲੇ ਐਨੀਆਂ ਤਾਂ ਰਫਲਾਂ ਅਗਲਿਆਂ ਕੋਲ।''
‘‘ਹੁਣ ਭਾਈ ਕੁੜੀਏ ਮੈਨੂੰ ਕੀ ਪਤਾ ਅਨਪੜ੍ਹ ਨੂੰ। ਬਿਮਾਰੀ ਕਿਮੇ ਵੜਜੂ, ਕਿੱਥੋਂ ਦੀ ਵੜਜੂ? ਮੈਨੂੰ ਤਾਂ ਐਨਾ ਪਤਾ, ਡਰੀਓ ਜਾਂਦੇ ਬਾਹਲੇ ਈ। ਰਫ਼ਲਾਂ ਵੀ ਅਗਲਿਆਂ ਨੇ ਪੇਟੀਆਂ 'ਚ ਸਾਂਭਤੀਆਂ ਹੋਣੀਆਂ। ਵੱਡੀਆਂ ਵੱਡੀਆਂ ਗੱਡੀਆਂ ਵੀ ਖੜ੍ਹੀਆਂ ਕਬਾੜ ਬਣੀ ਜਾਂਦੀਆਂ। ਜਿਹੜੀਆਂ ਸਰਦਾਰਨੀਆਂ ਸਵੇਰੇ ਸਾਝਰੇ ਬਣ ਠਣ ਕੇ ਬਹਿ ਜਾਂਦੀਆਂ ਸੀਗੀਆਂ, ਮੂੰਹ ਤੋਂ ਮੱਖੀ ਨ੍ਹੀ ਉਡਦੀ ਉਨ੍ਹਾਂ ਵੱਡੀਆਂ ਰਕਾਨਾਂ ਦੇ।''
ਆਖਦਿਆਂ ਸੁੱਖੋ ਹਵੇਲੀ ਵਾਲਿਆਂ ਬਾਰੇ ਸੋਚਣ ਲੱਗੀ ਸੀ। ਉਹ ਸੋਚ ਕੇ ਹੈਰਾਨ ਸੀ ਕਿ ਉਚੀਆਂ ਉਚੀਆਂ ਕੰਧਾਂ ਹੋਣ ਦੇ ਬਾਵਜੂਦ ਹਵੇਲੀ ਵਾਲੇ ਕਿਉਂ ਡਰੀ ਜਾਂਦੇ ਸਨ। ਆਪਣੇ ਆਪ ਖੁੱਲ੍ਹਣ ਤੇ ਬੰਦ ਹੋ ਜਾਣ ਵਾਲੇ ਬੂੁਹਿਆਂ ਦੇ ਹੁੰਦਿਆਂ ਕਦੇ ਮੱਖੀ ਮੱਛਰ ਨੇ ਵੀ ਅੰਦਰ ਜਾਣ ਦੀ ਜੁਰੱਅਤ ਨਹੀਂ ਸੀ ਕੀਤੀ।
‘‘ਬੀਬੀਏ! ਤੂੰ ਆਪ ਈ ਤੇ ਆਹਨੀ ਹੁੰਨੀ, ਹਵੇਲੀ ਆਲੇ ਤਾਂ ਬਾਹਲੇ ਈ ਅਮੀਰ ਐ। ਉਹ ਫਿਰ ਐਮੇ ਡਰੀ ਜਾਂਦੇ ਐ ਬਿਮਾਰੀ ਤੋਂ?''
‘‘ਕੁੜੀਏ, ਏਹ ਬਿਮਾਰੀ ਅਮੀਰਾਂ ਨੂੰ ਈ ਵੱਧ ਪੈਂਦੀ ਐ। ਜਿੰਨਾਂ ਕੋਈ ਵੱਧ ਅਮੀਰ ਐ, ਓਨਾ ਵੱਧ ਡਰੀ ਜਾਂਦੈ।''
ਸੁੱਖੋ ਨੇ ਬਰਕੈਨ 'ਤੇ ਬਣੇ ਆਲ੍ਹਣੇ ਵੱਲ ਵੇਖਿਆ। ਚਿੜੀ ਬੋਟ ਦੇ ਮੂੰਹ 'ਚ ਚੋਗਾ ਪਾ ਰਹੀ ਸੀ। ਹੀਰੇ ਨੂੰ ਖੁਆਉਣ ਲਈ ਤਾਂ ਘਰ 'ਚ ਦਲੀਆ ਵੀ ਨਹੀਂ ਸੀ। ਚੌਲ ਵੀ ਨਹੀਂ ਸਨ ਜਿਸ ਨਾਲ ਖਿਚੜੀ ਬਣਾ ਕੇ ਖਵਾ ਦਿੰਦੀ। ਸੁੱਖੋ ਨੂੰ ਹਵੇਲੀ ਵਾਲੇ ਸਰਦਾਰਾਂ 'ਤੇ ਗੁੱਸਾ ਆਇਆ ਜਿਨ੍ਹਾਂ ਨੇ ਉਸ ਨੂੰ ਖੜ੍ਹੇ ਪੈਰ ਜਵਾਬ ਦੇ ਦਿੱਤਾ ਸੀ। ਉਸ ਦਿਨ ਵੀ ਉਹ ਹਰ ਰੋਜ਼ ਵਾਂਗ ਸਾਝਰੇ ਕੰਮ 'ਤੇ ਗਈ ਸੀ। ਸਫ਼ਾਈ ਕਰਨ ਲਈ ਉਸਨੇ ਅਜੇ ਹੱਥ 'ਚ ਝਾੜੂ ਫੜਿਆ ਸੀ ਕਿ ਸਰਦਾਰਨੀ ਨੇ ਪੋਲੇ ਜਿਹੇ ਮੂੰਹ ਨਾਲ ਆਖਿਆ, ‘‘ਸੁੱਖੋ, ਤੂੰ ਭਾਈ ਆਹ ਦਸ ਵੀਹ ਦਿਨ ਨਾ ਆਈਂ। ਆਹ ਬਿਮਾਰੀ-ਠਮਾਰੀ ਜ੍ਹੀ ਦੇ ਦਿਨ ਲੰਘ ਜਾਣ ਦੇ। ਸਾਡਾ ਫਿਕਰ ਨਾ ਕਰੀਂ। ਅਸੀਂ ਆਪੇ ਔਖਾ ਸੌਖਾ ਸਾਰ ਲਾਂਗੀਆਂ। ਮੈਂ ਤਾਂ ਆਹਨੀ ਆਂ ਤੂੰ ਹੋਰ ਘਰਾਂ 'ਚ ਵੀ ਨਾ ਜਾਇਆ ਕਰ। ਘਰੇ ਬੈਠ ਰਮਾਨ ਨਾਲ। ਕੋਰੋਨੇ ਵਾਲੀ ਬਿਮਾਰੀ ਈ ਬਾਹਲੀ ਚੰਦਰੀ ਆ। ਪਤਾ ਨ੍ਹੀ ਲੱਗਦਾ ਕੀਹਦੇ ਤੋਂ ਲੱਗ ਜਾਣੀ। ਕੇਰਾਂ ਠੰਢ ਠੰਡੋਰਾ ਜਿਆ ਹੋਜੇ, ਫੇਰ ਆਉਣ ਲੱਗਜੀਂ।''
ਸਾਰਾ ਕੁਝ ਅਚਾਨਕ ਵਾਪਰਿਆਂ ਸੀ ਜਿਸ ਲਈ ਸੁੱਖੋ ਮਾਨਸਿਕ ਤੌਰ 'ਤੇ ਤਿਆਰ ਹੀ ਨਹੀਂ ਸੀ। ਇਸੇ ਕਰਕੇ ਸਰਦਾਰਨੀ ਤੋਂ ਘਰ ਦੀ ਲੋੜ ਵਾਸਤੇ ਪੈਸਾ ਧੇਲਾ ਜਾਂ ਸਾਮਾਨ ਨਹੀਂ ਸੀ ਮੰਗ ਸਕੀ। ਉਹ ਝਾੜੂ ਉਥੇ ਹੀ ਰੱਖ ਉਲਟੇ ਪੈਰਂੀਂ ਵਾਪਸ ਆ ਗਈ ਸੀ।
‘‘ਥੋਨੂੰ ਕੀ ਪਤਾ ਵੱਡੀਆਂ ਸਿਆਣੀਆਂ ਨੂੰ? ਆਵਦੀਆਂ ਮਾਰੀ ਜਾਨੀਓਂ। ਇਹ ਬਿਮਾਰੀ ਤਾਂ ਬਾਹਰਲੇ ਮੁਲਕਾਂ 'ਚੋਂ ਆਈ ਐ ਜਹਾਜ਼ਾਂ ਰਾਹੀ। ਕਦੇ ਖ਼ਬਰਾਂ ਸੁਣੀਆਂ ਹੋਣ ਤਾਂ ਪਤਾ ਲੱਗੇ। ਸਾਰੇ ਲੋਕ ਤਾਂ ਰੌਲਾ ਪਾਈ ਜਾਂਦੇ ਐ। ਗੁਰਦੁਆਰੇ 'ਚੋਂ ਵੀ ਲੌਸਮੈਂਟ ਹੋਈ ਸੀ।'' ਬੀਰੇ ਦੀ ਆਵਾਜ਼ ਨੇ ਸੁੱਖੋ ਦੀਆਂ ਯਾਦਾਂ ਦੀ ਲੜੀ ਤੋੜੀ ਸੀ। ਮੰਜੀ 'ਤੇ ਮੂਧੇ ਮੂੰਹ ਪਏ ਬੀਰੇ ਨੇ ਸਿਰ ਉਤੇ ਚੁੱਕਿਆ ਸੀ।
‘‘ਬਿਮਾਰੀਆਂ ਲਿਆਂਉਂਦੇ ਈ ਜਹਾਜ਼ਾਂ ਆਲੇ ਐ। ਭੁੱਖ ਵੀ ਜਹਾਜ਼ਾਂ ਆਲੇ ਲਿਆਂਉਂਦੇ ਐ। ਸਾਡੇ ਅਰਗਿਆਂ ਨੇ ਕੀ ਲਿਆਉਣੈ? ਕੋਈ ਪਾਣੀ ਆਲੇ ਜਹਾਜ਼ 'ਤੇ ਆਉਂਦਾ ਐ, ਕੋਈ ਹਵਾ 'ਚ ਉਡਣ ਆਲੇ ਜਹਾਜ਼ 'ਤੇ। ਗਰੇਜ਼ ਵੀ ਤਾਂ ਪਾਣੀ ਆਲੇ ਜਹਾਜ਼ਾਂ 'ਚ ਚੜ੍ਹ ਕੇ ਆਏ ਸੀਗੇ। ਥੋਡੇ ਪੜਨਾਨੇ ਨੇ ਆਖਣਾ- ਹੁਣ ਆਲੇ ਰਾਜਿਆਂ ਨਾਲੋਂ ਤਾਂ ਗਰੇਜ਼ ਈ ਚੰਗੇ ਸੀਗੇ। ਖ਼ਬਰੇ ਚੰਗੇ ਈ ਹੋਣ?'' ਸੁੱਖੋ ਨੇ ਆਪਣੇ ਨਾਨੇ ਵੱਲੋਂ ਦੱਸੀਆਂ ਗੱਲਾਂ ਯਾਦ ਕਰਦਿਆਂ ਬੀਰੇ ਦੀ ਗੱਲ ਦਾ ਜਵਾਬ ਦਿੱਤਾ ਸੀ। ਉਸ ਦੇ ਨਾਨੇ ਨੇ ਆਜ਼ਾਦੀ ਤੋਂ ਪਹਿਲਾਂ ਕਚਹਿਰੀਆਂ 'ਚ ਕਾਂਗਰਸ ਦਾ ਝੰਡਾ ਚੁੱਕਣ ਕਰਕੇ ਕੁਝ ਦਿਨ ਜੇਲ੍ਹ ਕੱਟੀ ਸੀ।
ਪਿੰਦਰੀ ਨੇ ਮਾਂ ਨੂੰ ਬਰਕੈਨ ਵੱਲ ਵੇਖਣ ਦਾ ਇਸ਼ਾਰਾ ਕੀਤਾ। ਰੰਗ-ਬਿਰੰਗੀਆਂ ਕਿੰਨੀਆਂ ਹੀ ਨਿੱਕੀਆਂ ਨਿੱਕੀਆਂ ਚਿੜੀਆਂ ਬਰਕੈਨ ਦੀਆਂ ਟਾਹਣੀਆਂ 'ਤੇ ਆ ਬੈਠੀਆਂ ਸਨ। ‘ਚੁਅਰ-ਚੁਅਰ' ਕਰਦੀਆਂ ਨਿੱਕੇ ਨਿੱਕੇ ਪੂੰਝਿਆਂ ਵਾਲੀਆਂ ਮਟਮੈਲੀਆਂ ਤੇ ਗੂੜ੍ਹੇ ਨੀਲੇ ਰੰਗ ਦੀਆਂ ਚਿੜੀਆਂ ਚਿੜਚੋਲੜ ਪਾਈ ਜਾਂਦੀਆਂ ਸਨ। ਟਾਹਣੀਆਂ ਦੇ ਹਿੱਲਣ ਨਾਲ ਬਰਕੈਨ ਦੇ ਪੀਲੇ ਪੈ ਚੁੱਕੇ ਪੱਤੇ ਝੜ ਕੇ ਥੱਲੇ ਡਿੱਗਦੇ ਜਾ ਰਹੇ ਸਨ। ਥੋੜ੍ਹੇ ਚਿਰ ਬਾਅਦ ਦੋ ਤਿੰਨ ਚਿੜੀਆਂ ਉਡ ਕੇ ਉਨ੍ਹਾਂ ਦੇ ਢਹਿ ਰਹੇ ਕੋਠੇ ਦੇ ਬਨੇਰੇ 'ਤੇ ਜਾ ਬੈਠੀਆਂ। ਦੂਰ ਕਿਸੇ ਰੁੱਖ 'ਤੇ ਬੈਠੀ ਕੋਇਲ ਦੇ ਗਾਉਣ ਦੀ ਆਵਾਜ਼ ਇਉਂ ਲੱਗਦੀ ਸੀ ਜਿਵੇਂ ਕੋਈ ਮੁਟਿਆਰ ਸੁਹਾਗ ਗਾ ਰਹੀ ਹੋਵੇ। ਕਿੰਨੇ ਹੀ ਜਾਨਵਰਾਂ ਦੀਆਂ ਆਵਾਜ਼ਾਂ ਹਵਾ 'ਚ ਘੁਲ ਗਈਆਂ ਸਨ। ਟਟੀਹਰੀ ਦੀ ‘ਟਿਰ ਟਿਰ' ਅਤੇ ਧਰਮਸ਼ਾਲਾ ਦੇ ਪਿੱਪਲ 'ਤੋਂ ਮੋਰ ਦੀ ‘ਕਿਆਊਂ-ਕਿਆਊਂ' ਆਪਸ ਵਿੱਚ ਰਲਗੱਡ ਹੋ ਕੇ ਬੜਾ ਪਿਆਰਾ ਸੰਗੀਤ ਸਿਰਜ ਰਹੀਆਂ ਸਨ। ਪਿੰਦਰੀ ਹੋਰਾਂ ਨੇ ਬੜੇ ਚਿਰ ਬਾਅਦ ਅਜਿਹੀਆਂ ਆਵਾਜ਼ਾਂ ਸੁਣੀਆਂ ਸਨ।
‘‘ਨੀ ਬੀਬੀਏ, ਜਨੌਰ ਬੋਲਦੇ ਕਿੰਨੇ ਪਿਆਰੇ ਲੱਗਦੇ। ਜਣੀ ਦਾ ਗੀਤ ਈ ਗਾਈ ਜਾਂਦੇ। ਮੇਰਾ ਜੀਅ ਕਰਦਾ ਆਏ ਬੈਠੀ ਸੁਣੀ ਜਾਵਾਂ। ਅੱਗੇ ਤਾਂ ਵੱਡੇ ਘਰਾਂ ਦੀਆਂ ਜੀਪਾਂ-ਕਾਰਾਂ ਦਾ ਰੌਲਾ ਹੀ ਸੁਣਦਾ ਹੁੰਦਾ ਸੀ। ਪੀਂ ਪੀਂ, ਪੌ ਪੌ। ਜਏ ਖਾਣੇ ਦੇ ਲੋਕ ਇਨ੍ਹਾਂ ਗ਼ਰੀਬ ਜੀਆਂ ਨੂੰ ਤਾਂ ਬੋਲਣ ਈ ਨ੍ਹੀ ਸੀ ਦਿੰਦੇ।'' ਸੁੱਖੋ ਹੈਰਾਨੀ ਨਾਲ ਪਿੰਦਰੀ ਦੇ ਮੂੁੰਹ ਵੱਲ ਵੇਖਣ ਲੱਗੀ ਜਿਵੇਂ ਧੀ ਤੋਂ ਐਡੀ ਵੱਡੀ ਗੱਲ ਦੀ ਉਮੀਦ ਹੀ ਨਾ ਹੋਵੇ।
‘‘ਗ਼ਰੀਬ ਜੀਆਂ ਨੂੰ ਕੌਣ ਬੋਲਣ ਦਿੰਦੇ ਧੀਏ? ਜਦੋਂ ਕੁਦਰਤ ਆਵਦੇ ਰੰਗਾਂ 'ਤੇ ਆਜੇ, ਗ਼ਰੀਬ ਲੋਕ ਤਾਂ ਉਦੋਂ ਈ ਬੋਲਦੇ ਐ। ਤਕੜੇ ਲੋਕ ਤਾਂ ਉਦੋਂ ਅੰਦਰੀ ਲੁਕ ਜਾਂਦੇ ਐ।''
ਵਿਹੜੇ 'ਚ ਛਾਲਾਂ ਮਾਰਦੀ ਫਿਰਦੀ ਗਾਲ੍ਹੜ ਵੱਲ ਵੇਖਦਿਆਂ ਇੱਕ ਵਾਰ ਤਾਂ ਸੁੱਖੋ ਦੇ ਚਿਹਰੇ 'ਤੇ ਖ਼ੁਸ਼ੀ ਦੀ ਹਲਕੀ ਜਿਹੀ ਪਰਤ ਫਿਰ ਗਈ। ਗਾਲ੍ਹੜਾਂ ਨਾਲ ਉਸ ਦੇ ਹੀਰੇ ਪੁੱਤ ਦਾ ਖਾਸਾ ਈ ਮੋਹ ਸੀ। ਵਿਹੜੇ 'ਚ ਟਪੂਸੀਆਂ ਮਾਰਦੀਆਂ ਫਿਰਦੀਆਂ ਗਾਲ੍ਹਡੜ ਨੂੰ ਵੇਖ ਕੇ ਉਹ ਖ਼ੁਸ਼ ਹੋ ‘ਉੂਂਅ-ਯਾਂਅ-ਊਂ-ਈ' ਕਰਦਾ ਪਲਸੇਟੇ ਮਾਰਨ ਲੱਗਦਾ ਸੀ। ਸੁੱਖੋ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਉਸ ਦੇ ਮੰਜੇ ਦੇ ਦੁਆਲੇ ਖਿਲਾਰ ਦਿੰਦੀ। ਰੋਟੀ ਦੇ ਟੁਕੜੇ ਨੂੰ ਆਪਣੀ ਅਗਲੀਆਂ ਦੋਵੇਂ ਲੱਤਾਂ 'ਚ ਫੜ ਕੇ ਮੂੰਹ ਨਾਲ ‘ਕੁਰਚ-ਕੁਰਚ' ਕਰਦੀਆਂ ਗਾਲ੍ਹੜਾਂ ਵੇਖ ਕੇ ਹੀਰੇ ਨੂੰ ਅਗੰਮੀ ਖ਼ੁਸ਼ ਚੜ੍ਹ ਜਾਂਦੀ। ਸੁੱਖੋ ਦਾ ਜੀਅ ਕੀਤਾ ਵਿਹੜੇ 'ਚ ਫਿਰਦੀ ਗਾਲ੍ਹੜ ਨੂੰ ਆਖੇ, ‘‘ਨ੍ਹੀ ਭੈਣੇ, ਆਪਣੇ ਹੀਰੇ ਨੂੰ ਉਠਾ, ਕਿੰਨੇ ਦਿਨਾਂ ਦੀ ਅੱਖ ਈ ਨ੍ਹੀ ਪੱਟੀ ਉਹਨੇ।''
‘‘ਨੀ ਬੀਬੀ, ਨਾਲੇ ਕਹਿੰਦੇ ਸੀਗੇ ਗ਼ਰੀਬਾਂ ਨੂੰ ਰਾਸ਼ਨ ਵੰਡਣੈ।'' ਪਿੰਦਰੀ ਦੇ ਸਵਾਲ ਨੇ ਸੁੱਖੋ ਨੂੰ ਖ਼ਿਆਲਾਂ 'ਚੋਂ ਬਾਹਰ ਕੱਢਿਆ।
‘‘ਉਨ੍ਹਾਂ ਨੂੰ ਵੰਡਿਆ ਹੋਊ ਜਿਹੜੇ ਗ਼ਰੀਬ ਹੋਣਗੇ। ਆਪਾਂ ਪੁੱਤ ਗ਼ਰੀਬ ਨ੍ਹੀ ਹੋਣੇ ਅਗਲਿਆਂ ਦੀ ਨਿਗਾਹ 'ਚ। ਬਥੇਰਾ ਰਾਸ਼ਨ ਪਾਣੀ ਵੰਡਿਆ ਆਵਦੇ ਸੂਤ ਬਾਤ ਆਲਿਆਂ ਨੂੰ। ਧੀਏ ਸਾਰੇ ਭਰਿਆਂ ਨੂੰ ਈ ਭਰਦੇ ਐ।''
‘‘ਭਾਲਦੇ ਰਾਸ਼ਨ। ਉਦੋਂ ਤਾਂ ਬੋਲਣ ਲੱਗੀ ਅੱਗਾ ਪਿੱਛਾ ਨ੍ਹੀ ਵੇਂਹਦੀ। ਕੀ ਲੋੜ ਸੀ ਤੈਨੂੰ ਸਰਪੈਂਚ ਨਾਲ ਉਚਾ ਨੀਵਾਂ ਬੋਲਣ ਦੀ? ਅਗਲਾ ਹੁਣ ਤਾਈ ਖੁੰਧਕ ਰੱਖਦੈ। ਮੈਂ ਕਈ ਵੇਰੀ ਸੁਣਾਈ ਕੀਤੀ ਅਤੇ ਥੋਡੀ ਬੀਬੀ ਦਾ ਮੂੰਹ ਕੁਹਾੜੇ ਨਾਲ ਪਾਟਿਆ।'' ਨਸ਼ੇ ਦੀ ਤੋਟ ਦਾ ਭੰਨ੍ਹਿਆ ਬੀਰਾ ਫੇਰ ਮੰਜੇ 'ਤੇ ਉਠ ਬੈਠਾ ਸੀ।
‘‘ਹਾਅੋ ਭਾਈ, ਮੇਰਾ ਮੂੰਹ ਤਾਂ ਆਪੇ ਕੁਹਾੜੇ ਨਾਲ ਪਾਟਿਆ, ਸੱਚੀਆਂ ਜੋ ਸੁਣਾਤੀਆਂ ਸੀਗੀਆਂ ਸਰਪੈਂਚ ਨੂੰ। ਸੱਚੀ ਗੱਲ 'ਤੇ ਕੀਹਨੂੰ ਨ੍ਹੀ ਮਿਰਚਾਂ ਲੱਗਦੀਆਂ? ਮੈਂ ਕੋਈ ਝੂਠ ਆਖਿਆ ਸੀਗਾ? ਏਹਦੇ 'ਚ ਕੀ ਗਲਤ ਆਖਤਾ ਵ੍ਹੀ ਸਰਪੈਂਚਾ ਨਰੇਗਾ ਦਾ ਕੰਮ ਸਾਰਿਆਂ ਨੂੰ ਵੰਡ ਕੇ ਦਿਆ ਕਰ। ਆਵਦੇ ਲਿਹਾਜ਼ੀਆਂ ਨੂੰ ਨੂੰ ਤਾਂ ਕੰਮ ਦੇਈ ਜਾਊ, ਮੇਰੇ ਅਰਗਿਆਂ ਆਰੀ ਆਖੂ- ਕੰਮ ਹੈਨੀ, ਕੰਮ ਹੈਨੀ। ਪਤਾ ਨ੍ਹੀ ਕਾਗਤਾਂ 'ਚ ਈ ਕੀ ਲੁੱਤ-ਘੜੁੱਤ ਕਰੀ ਜਾਂਦੇ। ਮੈਨੂੰ ਕਿਤੇ ਪਤਾ ਨ੍ਹੀ, ਝੂਠੀਆਂ ਸੱਚੀਆਂ ਦਿਹਾੜੀਆਂ ਪਾ ਪਾ ਕੇ ਆਵਦੇ ਬੱਬਰ ਭਰਲੇ। ਹੁਣ ਜੇ ਏਹਦੇ ਨਾਲ ਗੁੱਸਾ ਲੱਗਦਾ ਤਾਂ ਲੱਗੀ ਜਾਵੇ।''
‘‘ਬੰਦਾ ਰਮਾਨ ਨਾਲ ਵੀ ਤਾਂ ਕਹਿ ਸਕਦੈ। ਜਜੂਰੀ ਤਾਂ ਨ੍ਹੀ ਹੁੰਦਾ ਅਗਲੇ ਨੂੰ ਤੁਰੇ ਜਾਂਦੇ ਨੂੰ ਬੀਹੀ 'ਚ ਖੜ੍ਹਾ ਕੇ ਸੌ ਬੰਦਿਆਂ 'ਚ ਠਿੱਠ ਕਰਨਾ।''
‘‘ਰਮਨ ਨਾਲ ਈ ਆਖਿਆ ਸੀਗਾ। ਰਮਾਨ ਨਾਲ ਕਿਹੜਾ ਆਖਿਆ ਨ੍ਹੀ। ਰਮਾਨ ਨਾਲ ਆਖੀ ਗੱਲ ਕਾਹਨੂੰ ਸੁਣਦੇ ਐ ਏਹ ਮਿੰਬਰ ਸਰਪੈਂਚ। ਸੁਣਦੈ ਕੋਈ ਗ਼ਰੀਬਾਂ ਦੀ? ਚੱਲ ਤੁਈ ਦੱਸਦੇ, ਕੈਅ ਵਰ੍ਹੇ ਹੋਗੈ ਪਿਲਸ਼ਨ ਆਲੇ ਕਾਗਤ ਭਰਦੀ ਨੂੰ? ਹੋਈ ਕਿਧਰੇ ਸੁਣਵਾਈ? ਮੈਂ ਤਾਂ ਸਿਰ 'ਤੇ ਗੋਹੇ ਦੇ ਬੱਠਲ ਢੋਅ ਢੋਅ ਕੇ ਕਮਾਇਆ ਤਿੰਨ ਸੌ ਰੁਪਈਆ ਵੀ ਵਿਹੜੇ ਆਲੇ ਮਿੰਬਰ ਦੇ ਢਿੱਡ 'ਚ ਪਾਤਾ। ਅਖੇ ਪਿਲਸ਼ਨਾਂ ਆਲੇ ਦਫ਼ਤਰ ਦੇਣਾ। ਦੋ ਸਾਲ ਹੋਗੇ ਏਸ ਗੱਲ ਨੂੰ ਵੀ। ਅੱਜ ਲੱਗਦੀ ਪਿਲਸ਼ਨ। ਨਾ ਹੋਰ ਫਿਰ ਖੰਡ ਪਾਵਾਂ ਏਹਨਾਂ ਭੁੱਖੜਾਂ ਨੂੰ?'' ਸੁੱਖੋ ਨੂੰ ਤਾਅ ਚੜ੍ਹ ਗਿਆ ਸੀ।
‘‘ਨੀ ਬੀਬੀਏ! ਕਿਉਂ ਖ਼ੁੂਨ ਸਾੜਦੀ ਐਂ ਆਵਦਾ? ਜਿਹੜੇ ਬੰਦੇ ਨੂੰ ਆਵਦੇ ਨਸ਼ੇ ਪੱਤੇ ਤੋਂ ਬਿਨਾ ਪਤਾ ਈ ਨ੍ਹੀ ਜੱਗ ਜਹਾਨ ਦਾ, ਕੀ ਲੋੜ ਐਂ ਉਹਦੀਆਂ ਗੱਲਾਂ ਜਾ ਜਵਾਬ ਦੇਣ ਦੀ?''
‘‘ਭਰਲੋ ਫਿਰ ਪੀਪੇ ਰਾਸ਼ਨ ਨਾਲ।'' ਬੀਰੇ ਨੇ ਭੈੜੀਆਂ ਜਿਹੀਆਂ ਅੱਖਾਂ ਨਾਲ ਪਿੰਦਰੀ ਵੱਲ ਵੇਖਿਆ ਤੇ ਮੰਜੇ 'ਤੇ ਟੇਢਾ ਹੋ ਗਿਆ।
‘‘ਬਾਰ੍ਹਾਂ ਵਰ੍ਹੇ ਹੋਗੇ ਰੰਡੇਪਾ ਹੰਢਾਉਂਦੀ ਨੂੰ। ਹੱਥ ਨ੍ਹੀ ਅੱਡਿਆ ਕਿਸੇ ਅੱਗੇ। ਗ਼ਰੀਬੀ ਪੇਕੇ ਘਰ ਵੀ ਬਥੇਰੀ ਸੀਗੀ। ਬਾਈ ਨੇ ਆਖਣਾ-ਬੰਦਾ ਆਵਦੀ ਕਰਕੇ ਖਾਵੇ, ਭਾਮੇ ਅੱਧੀ ਖਾਲੇ। ਏਹੀ ਗੱਲ ਨਾਨੇ ਨੇ ਆਖਣੀ, ਬੰਦਾ ਘਰੋਂ ਗ਼ਰੀਬ ਹੋਵੇ, ਨੀਅਤ ਦਾ ਗ਼ਰੀਬ ਨਾ ਹੋਵੇ। ਨੀਅਤ ਦੀ ਗ਼ਰੀਬੀ ਨ੍ਹੀ ਨਿਕਲਦੀ ਹੁੰਦੀ। ਮਿਹਨਤ ਮਜ਼ੂਰੀ ਕਰਕੇ ਰੋਟੀ ਖਾਂਧੀ, ਨਾਲੇ ਥੋਡੇ ਮੂੰਹਾਂ 'ਚ ਪਾਈ ਐ। ਕੋਈ ਬਦਨਾਮੀ ਨ੍ਹੀ ਖੱਟੀ। ਕੱਲੀ ਕਹਿਰੀ ਗ਼ਰੀਬ ਜਨਾਨੀ ਨੂੰ ਦਿਹਾੜੇ ਕੱਟਣੇ ਬਹੁਤ ਔਖੇ ਹੁੰਦੇ ਐ। ਜਣਾ ਖਣਾ ਗੁੜ ਦੀ ਰੋੜੀ ਸਮਝਦੈ।''
ਸੁੱਖੋ ਨੇ ਅੰਦਰ ਜੰਮਿਆ ਪਿਆ ਗੁਬਾਰ ਕੱਢ ਦੇਣਾ ਠੀਕ ਸਮਝਿਆ ਸੀ। ‘‘ਮਾਂ ਥੋਡੀ ਗ਼ਰੀਬ ਜ਼ਰੂਰ ਐ, ਕਿਸੇ ਤੋਂ ਝਕਣ ਆਲੀ ਨ੍ਹੀ। ਜੇ ਝਕਣ ਆਲੀ ਹੁੰਦੀ, ਕਦੋਂ ਦੀ ਕੋਠੇ ਦੀ ਗਰਾਂਟ ਲੈ ਲੈਂਦੀ। ਆਵਦੇ ਲਿਹਾਜ਼ ਵਾਲੇ ਬਥੇਰੇ ਘਰਾਂ ਨੂੰ ਕੋਠਿਆਂ ਦੀ ਮੁਰੰਮਤੀ ਵਾਸਤੇ ਸਰਕਾਰੂ ਗਰਾਂਟ ਦਵਾਈ ਐ ਪੰਚੈਤ ਆਲਿਆਂ। ਚੰਗੇ ਭਲੇ ਪੱਕੇ ਕੋਠਿਆਂ ਆਲਿਆਂ ਨੂੰ ਪੈਸੇ ਦਵਾਤੇ, ਮੈਨੂੰ ਨ੍ਹੀ ਦਵਾਏ।''
‘‘ਬੀਬੀਏ, ਆਪਣਾ ਕੋਠਾ ਜਵਾਂ ਈ ਖੂਹ ਬਣਿਆ ਪਿਆ। ਮੀਂਹ ਆਏ ਤੋਂ ਆਏ ਲੱਗਦਾ ਹੁੰਦਾ ਜਿਵੇਂ ਮਂੀਂਹ ਬਾਹਰ ਨ੍ਹੀ ਆਪਣੇ ਕੋਠੇ ਦੇ ਅੰਦਰ ਈ ਪੈਂਦਾ ਹੋਵੇ। ਹੱਥ ਹੱਥ ਭਰ ਮਘੋਰੇ ਬਣੇ ਪਏ ਛੱਤ 'ਚ। ਜਾਣੀਦਾ ਹੁਣ ਵੀ ਡਿੱਗੀ-ਹੁਣ ਵੀ ਡਿੱਗੀ।''
‘‘ਹਜੇ ਆਹ ਛੋਹਰ ਕਹਿੰਦਾ ਆਪਣੇ ਘਰ ਭਰਨ ਆਲੇ ਮਿੰਬਰਾਂ ਸਰਪੰਚਾਂ ਨੂੰ ਮਾੜਾ ਨਾ ਆਖਾਂ। ਅਸੀਂ ਭਾਮੇ ਛੱਤ ਥੱਲੇ ਆਜੀਏ, ਪਰ ਭਾਈ ਇਨ੍ਹਾਂ ਡਾਕੂਆਂ ਨੂੰ ਕੀ ਐ ਕਿਸੇ ਗ਼ਰੀਬ ਗੁਰਬੇ ਦੀ ਜਾਨ ਨਾਲ? ਗ਼ਰੀਬ ਲੋਕ ਤਾਂ ਹੈ ਈ ਕੀੜੇ ਮਕੌੜੇ ਇਨ੍ਹਾਂ ਭਾਣੇ। ਭਮੇ ਕੋਠੇ ਥੱਲੇ ਆ ਕੇ ਮਰ ਜਾਣ, ਭੁੱਖ ਨਾਲ ਮਰ ਜਾਣ ਤੇ ਭਮੇ ਕਿਸੇ ਮਹਾਂਮਾਰੀ ਨਾਲ।''
‘‘ਨਾ ਨੀ ਬੀਬੀ ਐਂ ਨਾ ਆਖ। ਸੁੱਖੀ ਸਾਂਦੀ ਆਪਾਂ ਨੂੰ ਕਿਉਂ ਹੋਵੇ ਕੁਛ? ਮਰਨ ਉਹ ਜਿਹੜੇ ਗ਼ਰੀਬ ਗੁਰਬੇ ਦੇ ਹੱਕ ਮਾਰਦੇ। ਮਰਨ ਉਹ ਜਿਹੜੇ ਨਸਾਫ ਨ੍ਹੀ ਕਰਦੇ। ਮਰਨ ਉਹ ਜਿਹੜੇ ਗੰਦ ਪਾਉਂਦੇ ਐਂ। ਆਪਾਂ ਕਿਉਂ ਮਰੀਏ, ਆਪਾਂ ਤਾਂ ਸਫ਼ਾਈਆਂ ਕਰਦੇ ਆਂ।''
ਧੀ ਦੀ ਗੱਲ ਸੁਣ ਕੇ ਸੁੱਖੋ ਦੀਆਂ ਅੱਖਾਂ ਫੈਲ ਕੇ ਵੱਡੀਆਂ ਹੋ ਗਈਆਂ। ਉਸ ਨੇ ਇੱਕ ਵਾਰ ਫੇਰ ਹੈਰਾਨੀ ਨਾਲ ਪਿੰਦਰੀ ਵੱਲ ਵੇਖਿਆ। ਉਸ ਨੂੰ ਧੀ 'ਤੇ ਡਾਢਾ ਮਾਣ ਮਹਿਸੂਸ ਹੋਇਆ। ਕੀ ਹੋਇਆ ਗ਼ਰੀਬ ਮਾਂ ਦੀ ਧੀ ਸੀ, ਗੱਲਾਂ ਤਾਂ ਕਿੰਨੀਆਂ ਸਿਆਣੀਆਂ ਕਰਦੀ ਸੀ। ਗ਼ਰੀਬੀ ਬੰਦੇ ਨੂੰ ਉਮਰੋਂ ਪਹਿਲਾਂ ਸਿਆਣਾ ਕਰ ਦਿੰਦੀ ਐਂ।'' ਆਪਣੇ ਨਾਨੇ ਦੇ ਬੋਲ ਸੁੱਖੋ ਦੇ ਜ਼ਿਹਨ 'ਚ ਗੁੂੰਜਣ ਲੱਗੇ ਸਨ।
‘‘ਬੀਬੀ, ਮੈਂ ਵੀਰੇ ਨੂੰ ਆਪੇ ਸੰਭਾਲ ਲੂੰ। ਤੂੰ ਬੀਬੀ ਬਣਕੇ ਵੇਖ, ਕੋਈ ਨਾ ਕੋਈ ਤਾਂ ਦੁਕਾਨ ਖੁੱਲ੍ਹੀਓ ਹੋਊ। ਖਵਰੇ ਵੀਰੇ ਆਸਤੇ ਭੋਰਾ ਦਲੀਆ ਮਿਲਜੇ ਜਾਂ ਚੌਲ ਈ ਮਿਲ ਜਾਣ ਕੌਲੀ ਦੋ ਕੌਲੀਆਂ। ਜੇ ਕੋਈ ਦੁਕਾਨ ਨਾ ਖੁੱਲ੍ਹੀ ਹੋਈ, ਬੰਸੋ ਮਾਸੀ ਕਿਉਂ ਮੰਗਲੀਂ। ਮਾਸੀ ਨ੍ਹੀ ਜਵਾਬ ਦਿੰਦੀ। ਸਕਿਆਂ ਨਾਲੋਂ ਵੱਧ ਕਰਦੀ ਐ।''
‘‘ਜਾਨੀ ਆਂ ਪੁੱਤ ਜਾਨੀ ਆਂ। ਠੰਢੇ ਪਾਣੀ ਦੀਆਂ ਪੱਟੀਆਂ ਰੱਖੀ ਜਾਈ ਵੀਰੇ ਦੇ ਮੱਥੇ 'ਤੇ। ਵੇਂਹਨੀ ਆਂ ਜੇ ਕੋਈ ਦੁਕਾਨ ਖੁੱਲ੍ਹੀ ਹੋਈ ਤਾਂ।''
ਸੁੱਖੋ ਨੇ ਦੇਹਲੀ ਤੋਂ ਬਾਹਰ ਹੋ ਕੇ ਲੰਮੀ ਨਿਗਾਹ ਮਾਰੀ। ਪਿੰਡ ਸੁਸਰੀ ਵਾਂਗ ਸੁੱਤਾ ਪਿਆ ਸੀ। ਜਿਵੇਂ ਕਿਸੇ ਸਰਾਲ ਨੇ ਸਾਹ ਪੀ ਲਏ ਹੋਣ। ‘ਜੇ ਭਲਾ ਕੁੱਛ ਹੋ ਗਿਆ ਮੇਰੇ ਪੁੱਤ ਨੂੰ? ਸਿਵਿਆਂ ਤੱਕ ਕੌਣ ਜਾਊ ਸਾਡੇ ਨਾਲ? ਲਾਸ਼ ਲੈ ਕੇ ਕਿੰਨੇ ਕੁ ਚਿਰ ਘਰੇ ਬੈਠੀ ਰਹੂੰ?' ਮਨ 'ਚ ਮੁੜ ਮੁੜ ਆਉਂਦੇ ਭੈੜੇ ਖ਼ਿਆਲਾਂ ਨੇ ਸੁੱਖੋ ਦੀ ਹਾਲਤ ਪਾਗਲਾਂ ਵਰਗੀ ਕਰ ਦਿੱਤੀ। ਥੋੜ੍ਹਾ ਜਿਹਾ ਦਲੀਆ ਤੇ ਚੌਲ ਲੈ ਕੇ ਘਰ ਦੀ ਦੇਹਲੀ ਅੰਦਰ ਆਈ, ਉਸ ਨੇ ਵੇਖਿਆ ਦੋ-ਤਿੰਨ ਗਾਲ੍ਹੜਾਂ ਹੀਰੇ ਦੇ ਮੰਜੇ ਨੇੜੇ ਭੱਜੀਆਂ ਫਿਰਦੀਆਂ ਸਨ। ਟੱਪਦੀਆਂ ਫਿਰਦੀਆਂ ਗਾਲ੍ਹੜਾਂ ਵੇਖ ਕੇ ਹੀਰਾ ਖ਼ੁਸ਼ ਹੋ ਰਿਹਾ ਸੀ। ਪਿੰਦਰੀ ਉਸ ਦੇ ਪਾਣੀ ਨਾਲ ਭਿੱਜੇ ਵਾਲਾਂ 'ਚ ਉਂਗਲਾਂ ਫੇਰਦੀ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀ ਸੀ। ਬਰਕੈਨ 'ਤੇ ਬੈਠੀਆਂ ਚਿੜੀਆਂ ਨੇ ਚਿੜ-ਚੋਲੜ ਪਾਇਆ ਹੋਇਆ ਸੀ। ਸੁੱਖੋ ਨੂੰ ਲੱਗਿਆ ਜਿਵੇਂ ਚਿਰਾਂ ਦਾ ਸੁੱਕਿਆ ਪਿਆ ਬਾਗ ਹਰਾ ਹੋ ਗਿਆ ਹੋਵੇ।
‘‘ਤੈਨੂੰ ਤੱਤੀ ਵਾਅ ਨਾ ਲੱਗੇ ਵੇ ਮੇਰੇ ਬੱਚੜਿਆ।'' ਭੱਜ ਕੇ ਹੀਰੇ ਨੂੰ ਬੁੱਕਲ 'ਚ ਲੈਂਦਿਆਂ ਸੁੱਖੋ ਕਮਲਿਆਂ ਵਾਂਗ ਚੁੰਮਣ ਲੱਗੀ ਸੀ। ਪਰਲ ਪਰਲ ਵਗਦੇ ਹੰਝੂ ਮੈਲੀ ਚੁੰਨੀ ਨੂੰ ਭਿਉਂ ਰਹੇ ਸਨ।

Have something to say? Post your comment