* ਹਾਂਗ ਕਾਂਗ ਮੁੱਦੇ ਉੱਤੇ ਵਿਦੇਸ਼ੀ ਦਖਲ ਵਿਰੁੱਧ ਚੇਤਾਵਨੀ
ਬੀਜਿੰਗ, 24 ਮਈ, (ਪੋਸਟ ਬਿਊਰੋ)- ਚੀਨ ਨੇ ਅੱਜ ਐਤਵਾਰ ਨੂੰ ਅਮਰੀਕਾ ਉੱਤੇ ਦੋਸ਼ ਲਾਇਆ ਹੈ ਕਿ ਉਹ ਕੋਰੋਨਾ ਵਾਇਰਸ ਦੇ ਮੁੱਦੇ ਉੱਤੇ ਝੂਠ ਫੈਲਾ ਕੇ ਦੁਵੱਲੇ ਸਬੰਧਾਂ ਵਿੱਚ ਨਵੀਂ ਕੋਲਡ ਵਾਰ ਛੇੜ ਰਿਹਾ ਹੈ। ਉਂਜ ਚੀਨ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਮੁੱਢ ਦਾ ਪਤਾ ਲਾਉਣ ਲਈ ਸੰਸਾਰ ਕੋਸ਼ਿਸ਼ਾਂ ਵਿੱਚ ਸ਼ਾਮਲ ਰਹੇਗਾ।
ਅੱਜ ਇਸ ਬਾਰੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਾਫ ਕਿਹਾ ਕਿ ਕੋਵਿਡ-19 ਬਾਰੇ ਚੀਨ ਖਿਲਾਫ ਕਾਨੂੰਨੀ ਜਾਂ ਅੰਤਰਰਾਸ਼ਟਰੀ ਵਿਆਖਿਆ ਦਾ ਕੋਈ ਵੀ ਕੇਸ ਤੱਥਾਂ ਤੋਂ ਵਾਂਝਾ ਹੋਵੇਗਾ। ਉਨ੍ਹਾਂ ਕਿਹਾ ਕਿ ਚੀਨ ਦੇ ਖਿਲਾਫ ਅਮਰੀਕਾ ਵਿਚ ਕੋਵਿਡ-19 ਲਈ ਮੁਆਵਜ਼ੇ ਦੀ ਮੰਗ ਕਰਨ ਦਾ ਮੁਕੱਦਮਾ ਬਿਨਾਂ ਸਬੂਤਾਂ ਤੋਂ ਕਿਸੇ ਪੀੜਤ ਧਿਰ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰਨ ਵਰਗਾ ਹੈ, ਕਿਉਂਕਿ ਚੀਨ ਤਾਂ ਖੁਦ ਇਸ ਤੋਂ ਪੀੜਤ ਹੈ।
ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਬਾਰੇ ਸਮੇਂ ਸਿਰ ਜਾਣਕਾਰੀ ਨਾ ਦੇਣ ਤੇ ਵਾਇਰਸ ਦੇ ਪੈਦਾ ਹੋਣ ਦੇ ਸਥਾਨ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੋਵੇਂ ਜਣੇ ਲਗਾਤਾਰ ਚੀਨ ਦੇ ਖਿਲਾਫ ਬੋਲ ਰਹੇ ਹਨ। ਇਸ ਬਾਰੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੀ ਸਾਲਾਨਾ ਮੀਡੀਆ ਕਾਨਫਰੰਸ ਵਿੱਚ ਆਪਣੇ ਦੇਸ਼ ਦਾ ਪੱਖ ਪੇਸ਼ ਕੀਤਾ ਤੇ ਅਮਰੀਕਾ ਉੱਤੇ ਚੀਨ ਨੂੰ ਬਦਨਾਮ ਕਰਨ ਲਈ ਸਿਆਸੀ ਵਾਇਰਸ ਫੈਲਾਉਣ ਦਾ ਦੋਸ਼ ਲਾਇਆ। ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਵੀ ਹੋਰ ਦੇਸ਼ਾਂ ਵਾਂਗ ਇਸ ਗਲੋਬਲ ਮਹਾਮਾਰੀ ਦਾ ਸ਼ਿਕਾਰ ਹੋਇਆ ਹੈ ਅਤੇ ਲੋੜਵੰਦ ਸਰਕਾਰਾਂ ਦੀ ਮਦਦ ਵੀ ਕੀਤੀ ਹੈ। ਉਨ੍ਹਾ ਕਿਹਾ ਕਿ ਤੱਥਾਂ ਤੋਂ ਅਣਜਾਣ ਕੁਝ ਅਮਰੀਕੀ ਲੀਡਰ ਬਹੁਤ ਝੂਠ ਬੋਲ ਰਹੇ ਹਨ ਤੇ ਕਈ ਸਾਜ਼ਿਸ਼ਾਂ ਵੀ ਰਚੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕੱਦਮੇ ਅੰਤਰਰਾਸ਼ਟਰੀ ਕਾਨੂੰਨ ਦੀ ਕਸੌਟੀ ਉੱਤੇ ਖਰੇ ਨਹੀਂ ਉਤਰਦੇ ਤੇ ਚੀਨ ਦੇ ਖਿਲਾਫ ਏਦਾਂ ਦੇ ਦੋਸ਼ ਲਾਉਣ ਅਤੇ ਦਿਨੇ ਸੁਪਨੇ ਦੇਖਣ ਵਾਲੇ ਆਪਣੀ ਬੇਇੱਜ਼ਤੀ ਕਰਾਉਣਗੇ। ਉਨ੍ਹਾ ਕਿਹਾ ਕਿ ਅਮਰੀਕਾ ਦੀਆਂ ਕੁਝ ਸਿਆਸੀ ਤਾਕਤਾਂ ਚੀਨ-ਅਮਰੀਕਾ ਸਬੰਧਾਂ ਵਿਚ ਰੁਕਾਵਟ ਪਾ ਰਹੀਆਂ ਹਨ ਤੇ ਦੋਵਾਂ ਦੇਸ਼ਾਂ ਨੂੰ ਨਵੀਂ ਕੋਲਡ ਵਾਰ ਦੇ ਕੰਢੇ ਉੱਤੇ ਲਿਆਉਣਾ ਚਾਹੁੰਦੀਆਂ ਹਨ।
ਇਸ ਮੌਕੇ ਵਾਂਗ ਯੀ ਨੇ ਹਾਂਗ ਕਾਂਗ ਦੇ ਵਿਵਾਦਿਤ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਬਾਰੇ ਕਿਹਾ ਕਿ ਬ੍ਰਿਟੇਨ ਦੀ ਬਸਤੀ ਰਹਿ ਚੁੱਕੇ ਖੇਤਰ ਹਾਂਗ ਕਾਂਗ ਉੱਤੇ ਬਹੁਤੇ ਗੈਰ-ਕਾਨੂੰਨੀ ਵਿਦੇਸ਼ੀ ਦਖਲ ਕਾਰਨ ਚੀਨ ਦੀ ਸੁਰੱਖਿਆ ਦੇ ਲਈ ਗੰਭੀਰ ਖਤਰਾ ਹੋ ਗਿਆ ਹੈ। ਵਰਨਣ ਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਦੇ ਨਵੇਂ ਕਾਨੂੰਨ ਨੂੰ ਹਾਂਗ ਕਾਂਗ ਲਈ ਮੌਤ ਦੀ ਘੰਟੀ ਕਿਹਾ ਸੀ। ਵਾਂਗ ਨੇ ਹਾਂਗ ਕਾਂਗ ਵਿਚ ਵਿਦੇਸ਼ੀ ਦਖਲ ਦੇ ਖਿਲਾਫ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਸਾਡਾ ਅੰਦਰੂਨੀ ਮੁੱਦਾ ਹੈ ਤੇ ਕਿਸੇ ਕੋਈ ਬਾਹਰੀ ਦਖਲ ਦਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਹਾਂਗ ਕਾਂਗ ਲਈ ਜੁਡੀਸ਼ਲ ਪ੍ਰਬੰਧ ਤੇ ਇਮੀਗਰੇਸ਼ਨ ਦੇ ਨਿਯਮ ਬਣਾਉਣਾ ਤੇ ਉਨ੍ਹਾਂ ਦਾ ਸੁਧਾਰ ਕਰਨਾ ਰਾਸ਼ਟਰੀ ਸੁਰੱਖਿਆ ਦੀ ਪਹਿਲ ਬਣ ਗਿਆ ਹੈ, ਜਿਸ ਨੂੰ ਬਿਨਾਂ ਦੇਰੀ ਲਾਗੂ ਕਰਨਾ ਬਣਦਾ ਹੈ। ਹਾਂਗ ਕਾਂਗ ਦੇ ਜੁਡੀਸ਼ਲ ਪ੍ਰਬੰਧ ਤੇ ਇਮੀਗਰੇਸ਼ਨ ਨਿਯਮ ਕਾਇਮ ਕਰਨ ਅਤੇ ਇਨ੍ਹਾਂ ਦੇ ਸੁਧਾਰ ਲਈ ਬਿੱਲ ਦਾ ਖਰੜਾ ਬੀਤੇ ਸ਼ੁੱਕਰਵਾਰ ਚੀਨ ਦੀ ਪਾਰਲੀਮੈਂਟ ਵਿਚ ਪੇਸ਼ ਕੀਤਾ ਗਿਆ ਸੀ ਤੇ ਆਸ ਜਤਾਈ ਜਾ ਰਹੀ ਹੈ ਕਿ 28 ਮਈ ਨੂੰ ਇਹ ਪਾਸ ਵੀ ਹੋ ਜਾਵੇਗਾ।