ਅਭਿਨੇਤਰੀ ਫਾਤਿਮਾ ਸਨਾ ਸ਼ੇਖ਼ ਆਮਿਰ ਖਾਨ ਨਾਲ ਦੋ ਫਿਲਮਾਂ ‘ਦੰਗਲ' ਅਤੇ ‘ਠੱਗਸ ਆਫ ਹਿੰਦੁਸਤਾਨ’ ਕਰ ਚੁੱਕੀ ਹੈ। ਬਾਲ ਕਲਾਕਾਰ ਵਜੋਂ ਕਰੀਅਰ ਸ਼ੁਰੂ ਕਰਨ ਵਾਲੀ ਫਾਤਿਮਾ ਦਾ ਕਹਿਣਾ ਹੈ ਕਿ ਬੱਚਿਆਂ ਦੀ ਫਿਲਮ ਜੇ ਦੇਖਣੀ ਹੈ ਤਾਂ ਉਨ੍ਹਾਂ ਨੂੰ ‘ਤਾਰੇ ਜਮੀਂ ਪਰ' ਦੇਖਣੀ ਚਾਹੀਦੀ ਹੈ। ਫਾਤਿਮਾ ਬੱਚਿਆਂ ਦੀ ਇੱਕ ਸੰਸਥਾ ਲਈ ਫੰਡ ਇਕੱਠਾ ਕਰਨ ਦੇ ਲਈ ਸੋਮਵਾਰ ਲਾਈਵ ਆਈ ਸੀ। ਇਸ ਦੌਰਾਨ ਉਸ ਨੂੰ ਆਪਣੀ ਪਸੰਦੀਦਾ ਬੱਚਿਆਂ ਦੀ ਫਿਲਮ ਦੱਸਣ ਨੂੰ ਕਿਹਾ ਤਾਂ ਸਭ ਤੋਂ ਪਹਿਲਾਂ ਫਾਤਿਮਾ ਨੇ ਆਪਣੀ ਫਿਲਮ ‘ਚਾਚੀ 420’ ਦਾ ਨਾਂਅ ਲਿਆ, ਜਿਸ ਵਿੱਚ ਫਾਤਿਮਾ ਬਤੌਰ ਚਾਈਲਡ ਆਰਟਿਸਟ ਕਮਲ ਹਾਸਨ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਬਾਅਦ ਫਾਤਿਮਾ ਨੇ ‘ਤਾਰੇ ਜਮੀਂ ਪਰ’ ਦਾ ਨਾਂਅ ਲਿਆ। ਇਹ ਫਿਲਮ ਸਾਲ 2007 ਵਿੱਚ ਡਿਸਲੇਕਸੀਆ ਨਾਂਅ ਦੀ ਬਿਮਾਰੀ ਉੱਤੇ ਬਣੀ ਸੀ, ਜਿਸ ਵਿੱਚ ਬੱਚੇ ਨੂੰ ਅੱਖਰਾਂ ਨੂੰ ਸਮਝਣ ਵਿੱਚ ਦਿੱਕਤ ਹੁੰਦੀ ਹੈ।
ਫਾਤਿਮਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਕੇਵਲ ਬੱਚਿਆਂ ਨੂੰ ਨਹੀਂ, ਬਲਕਿ ਵੱਡਿਆਂ ਨੂੰ ਵੀ ਦੇਖਣੀਆਂ ਚਾਹੀਦੀਆਂ ਹਨ। ਫਾਤਿਮਾ ਮੁਤਾਬਕ ਅਸੀਂ ਅਕਸਰ ਆਪਣੀ ਦੁਨੀਆ ਨੂੰ ਜੀਉਣ ਵਿੱਚ ਇੰਨੇ ਬਿਜ਼ੀ ਰਹਿੰਦੇ ਹਾਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਇੱਕ ਅਲੱਗ ਤਰ੍ਹਾਂ ਦੀ ਦੁਨੀਆ ਵੀ ਹੈ। ਫਾਤਿਮਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਫਿਲਮ ਦੇਖਣ ਦੇ ਬਾਅਦ ਚਰਚਾ ਜ਼ਰੂਰ ਕਰੋ।