Welcome to Canadian Punjabi Post
Follow us on

31

May 2020
ਪੰਜਾਬ

ਚੀਫ਼ ਸੈਕਟਰੀ ਦੇ ਖਿਲਾਫ਼ ਕਾਂਗਰਸੀ ਆਗੂਆਂ ਦੀ ਕਮਾਂਡ ਸੁਨੀਲ ਜਾਖੜ ਨੇ ਖੁਦ ਸੰਭਾਲੀ

May 22, 2020 10:01 AM

ਚੰਡੀਗੜ੍ਹ, 21 ਮਈ, (ਪੋਸਟ ਬਿਊਰੋ)- ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ ਅਤੇ ਮੰਤਰੀਆਂ ਦੇ ਵਿਵਾਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਚੀਫ਼ ਸੈਕਟਰੀ ਦੇ ਖਿਲਾਫ਼ ਮੈਦਾਨ ਵਿੱਚ ਉਤਰ ਆਏ ਹਨ।
ਅੱਜ ਏਥੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੁੜੱਤਣ ਨਾਲ ਕਿਹਾ ਕਿ ਚੀਫ਼ ਸੈਕਟਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਦਾ ਨਾਜਾਇਜ਼ ਲਾਹਾ ਲੈ ਰਹੇ ਹਨ। ਉਨ੍ਹਾ ਕਿਹਾ ਕਿ ਚੀਫ਼ ਸੈਕਟਰੀ ਨੂੰ ਅਹੁਦੇ ਤੋਂ ਹਟਾਉਣਾ ਜਾਂ ਨਾ ਹਟਾਉਣ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਹੈ, ਪਰ ਮੇਰੀ ਨਿੱਜੀ ਰਾਏ ਹੈ ਕਿ ਚੀਫ਼ ਸੈਕਟਰੀ ਹੀ ਨਹੀਂ, ਭਰੋਸੇ ਦਾ ਨਾਜਾਇਜ਼ ਲਾਹਾ ਲੈਣ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤੱਕ ਪੁਚਾਉਣ ਵਿੱਚ ਅੜਚਣ ਬਣ ਰਹੇ ਸਾਰੇ ਜਣਿਆਂ ਨੂੰ ਸਿਸਟਮ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਚੀਫ਼ ਸੈਕਟਰੀ ਦੇ ਵਿਹਾਰ ਬਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੀ ਗੱਲ ਮੁੱਖ ਮੰਤਰੀ ਨੂੰ ਕਹਿ ਦਿੱਤੀ ਹੈ। ਕੋਰੋਨਾ ਮਹਾਮਾਰੀ ਕਾਰਨ ਨਿੱਜੀ ਮੁਲਾਕਾਤਾਂ ਤੋਂ ਦੂਰ ਰਹਿਣ ਕਰ ਕੇ ਇਸ ਤੋਂ ਪਹਿਲਾਂ ਤੱਕ ਮੁੱਖ ਮੰਤਰੀ ਕੋਲ ਅੱਧੀਆਂ-ਅਧੂਰੀਆਂ ਗੱਲਾਂ ਪਹੁੰਚਦੀਆਂ ਸਨ, ਪਰ ਬੁੱਧਵਾਰ ਲੰਚ ਮੌਕੇ ਸਾਰੀ ਗੱਲ ਪਹੁੰਚ ਗਈ ਹੈ।
ਇਸ ਦੌਰਾਨ ਪਤਾ ਲੱਗਾ ਕਿ ਚੀਫ਼ ਸੈਕਟਰੀ ਨੇ ਮੁਆਫ਼ੀ ਮੰਗ ਲਈ ਸੀ, ਪਰ ਬੁੱਧਵਾਰ ਨੂੰ ਮੁੱਖ ਮੰਤਰੀ ਵਾਲੇ ਲੰਚ ਮੌਕੇ ਮੰਤਰੀਆਂ ਤੇ ਵਿਧਾਇਕਾਂ ਨਾਲ ਬੈਠਕ ਦੌਰਾਨ ਮੁੱਖ ਮੰਤਰੀ ਨੂੰ ਕਾਫ਼ੀ ਗੱਲਾਂ ਸਪੱਸ਼ਟ ਦੱਸੀਆਂ ਗਈਆਂ ਹਨ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਸ ਦੇ ਬਾਅਦ ਜੋ ਵੀ ਪੰਜਾਬ ਲਈ ਠੀਕ ਹੋਵੇਗਾ, ਉਹ ਫੈਸਲਾ ਖੁਦ ਮੁੱਖ ਮੰਤਰੀ ਲੈਣਗੇ। ਉਂਜ ਗੱਲਾਂ ਵਿੱਚ ਜਾਖੜ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਵਿੱਚ ਅਫ਼ਸਰਾਂ ਦੇ ਬੁਰੇ ਵਿਹਾਰ ਦਾ ਇਹ ਰੋਗ ਤਿੰਨ ਸਾਲ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਚੀਫ਼ ਸੈਕਟਰੀ ਦਾ ਵਿਹਾਰ ਤਾਂ ਤਾਜ਼ਾ ਦੌਰ ਵਿੱਚ ਸਿਰਫ਼ ਰੋਗ ਦੇ ਬਾਹਰਲਾ ਲੱਛਣ ਹੈ, ਅਸਲ ਵਿੱਚ ਰੋਗ ਅੰਦਰੇ-ਅੰਦਰ ਗੰਭੀਰ ਰੂਪ ਧਾਰਨ ਕਰੀ ਬੈਠਾ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਨੀਲ ਜਾਖੜ ਪੰਜਾਬ ਦੀ ਅਫਸਰਸ਼ਾਹੀ ਵੱਲ ਗੋਲੇ ਦਾਗਦੇ ਰਹੇ ਹਨ ਅਤੇ ਸਮਝਿਆ ਜਾਂਦਾ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਅਫ਼ਸਰਾਂ ਖਿਲਾਫ ਭੜਕਣ ਨਾਲ ਸੁਨੀਲ ਜਾਖੜ ਦੀ ਸੋਚ ਅੱਗੇ ਵਧੀ ਹੈ। ਇਸ ਲਈ ਉਹ ਵੀ ਅੱਜ ਖੁੱਲ੍ਹ ਕੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਜਾ ਖੜੋਤੇ ਹਨ।
ਦੂਸਰੇ ਪਾਸੇ ਅੱਜ ਵੀਰਵਾਰ ਵਿਧਾਇਕਾਂ ਦੀਆਂ ਬੈਠਕਾਂ ਦਾ ਦੌਰ ਜਾਰੀ ਰਿਹਾ ਅਤੇ ਪਤਾ ਲੱਗਾ ਹੈ ਕਿ ਬੁੱਧਵਾਰ ਦੀ ਮੁੱਖ ਮੰਤਰੀ ਨਾਲ ਲੰਚ ਮੀਟਿੰਗ ਮਗਰੋਂ ਨਾਰਾਜ਼ ਵਿਧਾਇਕ ਅਗਲੇ ਹਮਲੇ ਦੀ ਤਿਆਰੀ ਵਿੱਚ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਬਾਰੇ ਕੁਝ ਵਿਧਾਇਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸੰਪਰਕ ਵਿੱਚ ਹਨ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸੋਸ਼ਲ ਮੀਡੀਆ ਵਿੱਚ ਪੰਜਾਬ ਦੀ ਟੈਕਸਾਂ ਤੋਂ ਆਮਦਨ ਬਾਰੇ ਸਥਿਤੀ ਸਾਫ ਕਰਨ ਦੀ ਮੰਗ ਕਰ ਚੁੱਕੇ ਹਨ। ਗੁਰਦਾਸਪੁਰ ਦੇ ਕਾਦੀਆਂ ਤੋਂ ਵਿਧਾਇਕ ਫ਼ਤਹਿ ਜੰਗ ਸਿੰਘ ਬਾਜਵਾ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਮੁੱਖ ਮੰਤਰੀ ਖਿਲਾਫ ਟਵੀਟ ਕੀਤਾ ਹੈ ਕਿ ਸੰਕਟ ਲਗਾਤਾਰ ਡੂੰਘਾ ਹੁੰਦਾ ਜਾਂਦਾ ਹੈ, ਸ਼ਰਾਬ ਦੇ ਗੈਰ-ਕਾਨੂਨੀ ਧੰਦੇ ਬਾਰੇ ਇਕ ਦੂਸਰੇ ਉੱਤੇ ਦੋਸ਼ ਲਾਉਣ ਦੀ ਥਾਂ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ
ਪਤੀ ਨਾਲ ਝਗੜੇ ਕਾਰਨ ਤੰਗ ਆਈ ਮਹਿਲਾ ਟਰੈਫਿਕ ਕਾਂਸਟੇਬਲ ਵੱਲੋਂ ਖੁਦਕੁਸ਼ੀ
ਕਾਰ ਤੇ ਟੈਂਕਰ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ