ਓਟਵਾ, 21 ਮਈ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਕਾਰਨ ਸੀਨੀਅਰਜ਼ ਦੇ ਫਾਇਨਾਂਸਿਜ਼, ਮਾਨਸਿਕ ਸਿਹਤ ਤੇ ਸੋਸ਼ਲ ਨੈੱਟਵਰਕਜ਼ ਦਾ ਵੱਡਾ ਨੁਕਸਾਨ ਹੋਇਆ ਹੈ। ਘਰਾਂ ਵਿੱਚ ਰਹਿ ਕੇ ਜਿੱਥੇ ਉਹ ਸੁਰੱਖਿਅਤ ਰਹਿ ਰਹੇ ਹਨ, ੳੱੁਥੇ ਹੀ ਫੂਡ ਤੇ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਨਾਲ ਡਲਿਵਰੀ ਤੇ ਟਰਾਂਸਪੋਰਟੇਸ਼ਨ ਫੀਸ ਉੱਤੇ ਵੀ ਉਨ੍ਹਾਂ ਨੂੰ ਆਪਣੀ ਆਮਦਨ ਦਾ ਵੱਡਾ ਹਿੱਸਾ ਖਰਚਣਾ ਪੈ ਰਿਹਾ ਹੈ। ਬਹੁਤਿਆਂ ਨੂੰ ਆਈਸੋਲੇਸ਼ਨ ਦੇ ਪ੍ਰਭਾਵ ਮਹਿਸੂਸ ਹੋ ਰਹੇ ਹਨ। ਇਸੇ ਲਈ ਦੇਸ਼ ਭਰ ਦੇ ਸੀਨੀਅਰਜ਼ ਦੇ ਸਮਰਥਨ ਵਿੱਚ ਕੈਨੇਡਾ ਸਰਕਾਰ ਅਹਿਮ ਕਦਮ ਚੁੱਕ ਰਹੀ ਹੈ।
ਕੈਨੇਡਾ ਸਰਕਾਰ ਵੱਲੋਂ ਸੀਨੀਅਰਜ਼ ਦੀ ਮਦਦ ਲਈ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਓਲਡ ਏਜ ਸਕਿਊਰਿਟੀ ਲਈ ਯੋਗ ਸੀਨੀਅਰਜ਼ ਵਾਸਤੇ ਕੈਨੇਡਾ ਸਰਕਾਰ ਵੱਲੋਂ ਇੱਕ ਵਾਰੀ 300 ਡਾਲਰ ਟੈਕਸ ਮੁਕਤ ਪੇਅਮੈਂਟ ਮੁਹੱਈਆ ਕਰਵਾਈ ਜਾਵੇਗੀ। ਜਿਹੜੇ ਸੀਨੀਅਰਜ਼ ਗਾਰੰਟਿਡ ਇਨਕਮ ਸਪਲੀਮੈਂਟ ਲਈ ਯੋਗ ਹੋ ਜਾਣਗੇ ਉਨ੍ਹਾਂ ਨੂੰ 200 ਡਾਲਰ ਵਾਧੂ ਦਿੱਤੇ ਜਾਣਗੇ ਤੇ ਇਹ ਰਕਮ ਕੁੱਲ ਮਿਲਾ ਕੇ 500 ਡਾਲਰ ਬਣ ਜਾਵੇਗੀ। ਇਸ ਤੋਂ ਭਾਵ ਇਹ ਹੈ ਕਿ ਘੱਟ ਆਮਦਨ ਵਾਲੇ ਸੀਨੀਅਰ ਜੋੜਿਆਂ ਨੂੰ ਵਧੇਰੇ ਸਹਿਯੋਗ ਲਈ 1000 ਡਾਲਰ ਹਾਸਲ ਹੋਣਗੇ।
ਇਸ 2.5 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਦੇਸ਼ ਭਰ ਵਿੱਚ 6.7 ਮਿਲੀਅਨ ਸੀਨੀਅਰਜ਼ ਦੀ ਸਿੱਧੀ ਵਿੱਤੀ ਮਦਦ ਹੋਵੇਗੀ ਤੇ ਇਸ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਵਧੀ ਹੋਈ ਮਹਿੰਗਾਈ ਨਾਲ ਟਾਕਰਾ ਕਰਨ ਦੀ ਹਿੰਮਤ ਮਿਲੇਗੀ। ਇਸ ਨਾਲ ਮੌਜੂਦਾ ਹਾਲਾਤ ਵਿੱਚ ਔਕੜਾਂ ਦਾ ਸਾਹਮਣਾ ਕਰ ਰਹੇ ਸੀਨੀਅਰਜ਼ ਨੂੰ ਥੋੜ੍ਹੀ ਰਾਹਤ ਮਿਲੇਗੀ। ਸਾਡੇ ਬਜ਼ੁਰਗਾਂ ਨੇ ਹੀ ਇਸ ਦੇਸ਼ ਦਾ ਨਿਰਮਾਣ ਕੀਤਾ ਹੈ ਤੇ ਉਨ੍ਹਾਂ ਨੇ ਹੀ ਸਾਡੀ ਪਰਵਰਿਸ਼ ਤੇ ਸਾਡੀ ਸਾਂਭ ਸੰਭਾਲ ਕੀਤੀ ਹੈ ਤੇ ਹੁਣ ਸਾਡੀ ਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਸਾਂਭ ਸੰਭਾਲ ਵਿੱਚ ਕੋਈ ਕਸਰ ਬਾਕੀ ਨਾ ਰਹਿਣ ਦੇਈਏ।