ਦਰਬੰਗਾ, 21 ਮਈ (ਪੋਸਟ ਬਿਊਰੋ)- ਆਪਣੇ ਜ਼ਖ਼ਮੀ ਪਿਤਾ ਨੂੰ ਪਿੱਛੇ ਬਿਠਾ ਕੇ 1,200 ਕਿਲੋਮੀਟਰ ਸਾਈਕਲ ਚਲਾ ਕੇ ਗੁਰੁੂਗ੍ਰਾਮ ਤੋਂ ਬਿਹਾਰ ਪਹੁੰਚੀ 15 ਵਰ੍ਹਿਆਂ ਦੀ ਜੋਤੀ ਕੁਮਾਰੀ ਦੇ ਦਿ੍ਰੜ੍ਹ ਇਰਾਦੇ ਅੱਗੇ ਰਾਹ ਦੀਆਂ ਵੱਡੀਆਂ ਮੁਸ਼ਕਲਾਂ ਵੀ ਕਮਜ਼ੋਰ ਸਾਬਤ ਹੋਈਆਂ। ਇਸ ਲੜਕੀ ਨੇ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ ਦੀ ਪਿਛਲੀ ਸੀਟ 'ਤੇ ਬਿਠਾ ਕੇ ਕਰੀਬ ਅੱਠ ਦਿਨ ਪਹਿਲਾਂ ਹਰਿਆਣਾ ਦੇ ਗੁਰੁੂਗ੍ਰਾਮ ਤੋਂ ਸਫ਼ਰ ਸ਼ੁਰੂ ਕੀਤਾ ਸੀ।
ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਪੁੱਜੀ ਇਹ ਲੜਕੀ ਤੇ ਉਹ ਦਾ ਪਿਤਾ ਇਸ ਵੇਲੇ ਆਪਣੇ ਪਿੰਡ ਸਿਰਹੁੱਲੀ ਨੇੜੇ ਇਕਾਂਤਵਾਸ ਕੇਂਦਰ ਵਿੱਚ ਰੱਖੇ ਗਏ ਹਨ। ਮੋਹਨ ਪਾਸਵਾਨ ਨੇ ਦੱਸਿਆ ਕਿ ਉਹ ਗੁਰੂਗ੍ਰਾਮ ਵਿੱਚ ਈ-ਰਿਕਸ਼ਾ ਚਲਾਉਂਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਹਾਦਸੇ ਵਿੱਚ ਜ਼ਖ਼ਮੀ ਹੋਣ ਕਾਰਨ ਪਰਵਾਰ ਦੇ ਗੁਜ਼ਾਰੇ ਲਈ ਪੈਸਾ ਕਮਾਉਣ ਤੋਂ ਅਸਮਰੱਥ ਸੀ। ਉਸ ਦਾ ਮਕਾਨ ਮਾਲਕ ਉਸ ਤੋਂ ਲਗਾਤਾਰ ਕਿਰਾਇਆ ਮੰਗ ਰਿਹਾ ਸੀ, ਪਰ ਤਾਲਾਬੰਦੀ ਕਾਰਨ ਨਾ ਉਸ ਨੂੰ ਕੋਈ ਕੰਮ ਮਿਲ ਰਿਹਾ ਸੀ ਅਤੇ ਨਾ ਉਹ ਵਾਪਸ ਜਾਣ ਜੋਗਾ ਸੀ। ਉਸ ਨੇ ਧੀ ਦੇ ਜ਼ੋਰ ਪਾਉਣ 'ਤੇ ਕੁਝ ਜੁਗਾੜ ਕਰਕੇ ਪੁਰਾਣਾ ਸਾਈਕਲ ਖ਼ਰੀਦਿਆ ਤੇ ਬਿਹਾਰ ਨੂੰ ਚਾਲੇ ਪਾ ਦਿੱਤੇ। ਜੋਤੀ ਨੇ ਦੱਸਿਆ ਕਿ ਉਹ ਰੋਜ਼ਾਨਾ 30-40 ਕਿਲੋਮੀਟਰ ਸਾਈਕਲ ਚਲਾਉਂਦੀ ਅਤੇ ਕਈ ਥਾਈ ਉਨ੍ਹਾਂ 'ਤੇ ਤਰਸ ਖਾ ਕੇ ਟਰੱਕਾਂ ਵਾਲੇ ਲਿਫਟ ਦੇ ਦਿੰਦੇ ਅਤੇ ਉਨ੍ਹਾਂ ਨੂੰ ਰਸਤੇ ਵੱਖ ਹੋਣ ਤੱਕ ਛੱਡ ਦਿੰਦੇ। ਉਹ ਕਈ ਥਾਈਂ ਰੁਕਦੇ ਅਤੇ ਸਥਾਨਕ ਲੋਕਾਂ ਵੱਲੋਂ ਲਾਏ ਲੰਗਰ ਤੋਂ ਖਾਣਾ ਖਾ ਲੈਂਦੇ।