Welcome to Canadian Punjabi Post
Follow us on

22

April 2021
ਸੰਪਾਦਕੀ

ਕਿੱਥੇ ਹੈ ਧਰਮ ਅਤੇ ਮਲਟੀਕਲਚਰਿਜ਼ਮ ਵਿੱਚ ਨਫ਼ਰਤ ਦਾ ਸਥਾਨ?

May 08, 2020 09:13 AM

ਪੰਜਾਬੀ ਪੋਸਟ ਸੰਪਾਦਕੀ


ਕੋਰੋਨਾਵਾਇਰਸ (COVID-19) ਕਾਰਨ ਪੈਦਾ ਹੋਈ ਅਸਾਧਾਰਣ ਸਥਿਤੀ ਨਾਲ ਸਿੱਝਣ ਵਾਸਤੇ ਵੱਖੋ ਵੱਖਰੇ ਪੱਧਰ ਉੱਤੇ ਸਰਕਾਰਾਂ, ਜੱਥੇਬੰਦੀਆਂ ਅਤੇ ਸੰਸਥਾਵਾਂ ਨੂੰ ਅਜਿਹੇ ਫੈਸਲੇ ਕਰਨੇ ਪੈ ਰਹੇ ਹਨ ਜਿਹੜੇ ਸਾਧਾਰਨ ਹਾਲਾਤਾਂ ਵਿੱਚ ਬਿਲਕੁਲ ਹੀ ਅਸੰਭਵ ਜਾਪਣਗੇ। ਮਿਸਾਲ ਵਜੋਂ ਬੀਤੇ ਹਫ਼ਤਿਆਂ ਵਿੱਚ ਮਿਸੀਸਾਗਾ, ਟੋਰਾਂਟੋ, ਬਰੈਂਪਟਨ, ਓਟਵਾ, ਵਿੰਡਸਰ ਆਦਿ ਸ਼ਹਿਰਾਂ ਦੀਆਂ ਮਿਉਂਸਪਲ ਕਾਉਂਸਲਾਂ ਨੇ ਆਪੋ ਆਪਣੇ ਫੈਸਲਿਆਂ ਰਾਹੀਂ ਰਮਦਾਨ (ਰਮਜ਼ਾਨ) ਮਹੀਨੇ ਦੌਰਾਨ ਮਸਜਿਦਾਂ ਨੂੰ ਲਾਊਡ ਸਪੀਕਰ ਰਾਹੀਂ ਅਜ਼ਾਨ ਦੀ ਪੁਕਾਰ ਕਰਨ ਦੀ ਆਗਿਆ ਦਿੱਤੀ ਹੈ। ਆਮ ਹਾਲਾਤਾਂ ਵਿੱਚ ਅਜਿਹਾ ਕਰਨਾ ਸਿਟੀ ਨੇਮਾਂ ਦੀ ਉਲੰਘਣਾ ਹੁੰਦਾ ਹੈ। ਅਜ਼ਾਨ ਦਾ ਭਾਵ ਹੈ ਇਸਲਾਮ ਦੇ ਨਾਮ ਲੇਵਾ ਅਨੂਯਾਈਆਂ ਨੂੰ ਮਸਜਿਦ ਵਿੱਚ ਆ ਕੇ ਰੱਬੀ ਗੱਲ ਸੁਣਨ, ਪ੍ਰਾਰਥਨਾ/ਅਰਦਾਸ ਦੀ ਬੇਨਤੀ। ਅਜ਼ਾਨ (ਅਰਬੀ ਵਿੱਚ ਅਧਾਨ) ਦਾ ਅਰਥ ਹੀ ਸੁਨਣਾ ਹੈ ਜਿਵੇਂ ਸਿੱਖੀ ਵਿੱਚ ਗੁਰ ਸ਼ਬਦ ਸੁਣਨ ਦੀ ਮਹੱਤਤਾ ਹੈ। ਹਿੰਦੂ ਧਰਮ ਵਿੱਚ ਵੀ ਓਂਕਾਰ ਧੁਨ ਨੂੰ ਸੁਣਨਾ ਰੱਬ ਦਾ ਨਾਮ ਹੈ।

ਕੈਨੇਡਾ ਵਿੱਚ ਜਨਜੀਵਨ ਦਾ ਪਹਿਲਾ ਨੇਮ ਮਲਟੀਕਲਚਰਿਜ਼ਮ ਭਾਵ ਵੰਨ ਸੁਵੰਨੀਆਂ ਕਮਿਉਨਿਟੀਆਂ ਦਾ ਏਕੇ ਨਾਲ ਰਹਿਣ ਦਾ ਹੈ। ਇਸ ਏਕੇ ਵਿੱਚ ਹਿੰਦੂ, ਸਿੱਖ, ਈਸਾਈ, ਇਸਲਾਮ ਅਤੇ ਹੋਰ ਧਰਮਾਂ ਦੇ ਪੈਰੋਕਾਰਾਂ ਦਾ ਰਲ ਮਿਲਣਾ ਕੇਂਦਰੀ ਬਿੰਦੂ ਹੈ। ਇਸ ਕੇਂਦਰੀ ਨੁਕਤੇ ਵਿੱਚ ਧਰਮਾਂ ਦੇ ਅਨੂਯਾਈਆਂ ਦਾ ਰੱਬ ਨੂੰ ਨਾ ਮੰਨਣ ਵਾਲਿਆਂ ਭਾਵ ਨਾਸਤਿਕਾਂ ਨਾਲ ਮਿਲ ਕੇ ਰਹਿਣਾ ਵੀ ਸ਼ਾਮਲ ਹੈ ਕਿਉਂਕਿ ਈਸ਼ਵਰ, ਵਾਹਿਗਰੂ ਜਾਂ ਅੱਲ੍ਹਾ ਦੀ ਨਜ਼ਰ ਵਿੱਚ ਕੋਈ ਬਿਗਾਨਾ ਹੈ ਹੀ ਨਹੀਂ। ਰੱਬ ਵਾਸਤੇ ਉਹ ਵੀ ਬਿਗਾਨੇ ਨਹੀਂ ਜਿਹਨਾਂ ਨੂੰ ਅਸੀਂ ਆਪਣੀ ਮੱਤ ਬੁੱਧੀ ਅਨੁਸਾਰ ਅਕਸਰ ਬਿਗਾਨੇ ਸਮਝ ਬੈਠਦੇ ਹਾਂ।

ਗੱਲ ਮੁੜ ਕੇ ਮਸਜਿਦਾਂ ਵਿੱਚ ਅਜ਼ਾਨ ਦੀ ਆਗਿਆ ਦੇਣ ਵੱਲ ਲਿਆਂਦੀ ਜਾਵੇ ਤਾਂ ਇੱਕਲੇ ਮਿਸੀਸਾਗਾ ਵਿੱਚ 20 ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ਆਗਿਆ ਨੂੰ ਖ਼ਤਮ ਕਰਨ ਲਈ ਇੱਕ ਪਟੀਸ਼ਨ ਉੱਤੇ ਦਸਤਖ਼ਤ ਕੀਤੇ। ਇਸ ਪਟੀਸ਼ਨ ਦੇ ਪ੍ਰਤੀਕਰਮ ਵਿੱਚ 20 ਹਜ਼ਾਰ ਦੇ ਕਰੀਬ ਲੋਕਾਂ ਨੇ ਪਹਿਲੀ ਪਟੀਸ਼ਨ ਦੇ ਵਿਰੋਧ ਵਿੱਚ ਦਸਤਖ਼ਤ ਕੀਤੇ। ਇਸਤੋਂ ਇੱਕ ਗੱਲ ਸਪੱਸ਼ਟ ਹੈ ਕਿ ਬਿਗਾਨੇਪਣ ਦੀ ਭਾਵਨਾ ਨੂੰ ਦੂਰ ਹੋਣ ਦੀ ਥਾਂ ਸਾਡੀਆਂ ਕਮਿਉਨਿਟੀਆਂ ਵਿੱਚ ਵੱਖਰੇਵਾਂਪਣ ਮੌਜੂਦ ਹੈ। ਕੈਲੀਡਾਨ ਵਿੱਚ ਇੱਕ ਭੁੱਲੜ ਵਿਅਕਤੀ ਰਵੀ ਹੁੱਡਾ ਨੇ ਅਜ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਨਫ਼ਤਰ ਭਰੀਆਂ ਅਜਿਹੀਆਂ ਟਿੱਪਣੀਆਂ ਪਾ ਦਿੱਤੀਆਂ ਜਿਸ ਨਾਲ ਉਸਨੂੰ ਸਕੂਲ ਦੀ ਪ੍ਰਧਾਨਗੀ ਤੋਂ ਖਾਰਿਜ ਕੀਤਾ ਗਿਆ ਉਥੇ ਉਸਦੀ ਰੀਅਲ ਐਸਟੇਟ ਬ੍ਰੋਕ੍ਰੇਜ਼ ਵੱਲੋਂ ਉਸਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਸਮੇਤ ਕਈ ਲੋਕ ਇਸ ਨੂੰ ਇੱਕ ਮਿਸਾਲੀ ਸਜ਼ਾ ਮੰਨਦੇ ਹਨ ਜਿਹਨਾਂ ਵਿੱਚ ਕਈ ਧਾਰਮਿਕ ਆਗੂ ਵੀ ਸ਼ਾਮਲ ਹਨ। ਸਿਆਸਤਦਾਨਾਂ ਵੱਲੋਂ ਅਜਿਹੀ ਗੱਲ ਕੀਤੀ ਜਾਣੀ ਸਮਝ ਆਉਂਦੀ ਹੈ ਕਿਉਂਕਿ ਉਹ ਆਪਣੀਆਂ ਕੁਰਸੀਆਂ ਉੱਤੇ ਬੈਠੇ ਹੀ ਚੋਣ ਲੜ ਕੇ ਭਾਵ ਵਿਰੋਧੀ ਉਮੀਦਵਾਰ ਜਾਂ ਦੂਜੀ ਸਿਆਸੀ ਪਾਰਟੀ ਹਰਾ ਕੇ ਹੁੰਦੇ ਹਨ। ਪਰ ਧਾਰਮਿਕ ਆਗੂਆਂ ਦਾ ਨਿਰੱਪਖ ਸੋਚ ਨਾ ਰੱਖਣਾ ਜਾਂ ਚੁੱਪ ਕਰਕੇ ਬਹਿਣਾ ਸ਼ਾਇਦ ਸਮੇਂ ਦੀ ਲੋੜ ਨਹੀਂ ਹੈ।

ਸਮੇਂ ਦੀ ਲੋੜ ਹੈ ਕਿ ਲੋਕ ਆਪੋ ਆਪਣੇ ਧਰਮਾਂ ਦੇ ਬੁਨਿਆਦੀ ਅਸੂਲਾਂ ਮੁਤਾਬਕ ‘ਜਗਤ ਭਲੇ’ ਦੀ ਗੱਲ ਕਰਨ। ਭੁੱਲੜਾਂ ਅਤੇ ਗੁਮਰਾਹਾਂ ਨੂੰ ਮੁਆਫ਼ ਕਰਨ ਦੀ ਤਾਕਤ ਹੀ ਧਰਮ ਦਾ ਅਸਲੀ ਆਧਾਰ ਮੰਨਿਆ ਜਾਂਦਾ ਹੈ। ਇਸਲਾਮ ਧਰਮ ਦੇ ਬਾਨੀ ਪੈਗੰਬਰ ਮੁਹੰਮਦ ਸਾਹਿਬ ਉੱਤੇ ਇੱਕ ਔਰਤ ਵੱਲੋਂ ਹਰ ਰੋਜ਼ ਕੂੜਾ ਸੁੱਟਣ ਦੇ ਬਾਵਜੂਦ ਉਹਨਾਂ ਵੱਲੋਂ ਔਰਤ ਦੇ ਘਰ ਜਾ ਕੇ ਉਸਦੀ ਸੁੱਖਸਾਂਦ ਪੁੱਛਣਾ, ਬਾਬਾ ਨਾਨਕ ਵੱਲੋਂ ਰੋੜੇ ਪੱਥਰ ਮਾਰਨ ਵਾਲਿਆਂ ਨੂੰ ਆਸ਼ੀਰਵਾਦ ਦੇਣਾ, ਭਗਵਾਨ ਕ੍ਰਿਸ਼ਨ ਦਾ ਸਕੇ ਸਬੰਧੀਆਂ ਦਾ ਖਿਆਲ ਭੁੱਲ ਕੇ ਧਰਮ ਦਾ ਕਰਮ ਕਰਨ ਦਾ ਅਰਜਨ ਨੂੰ ਸੰਦੇਸ਼ ਦੇਣਾ ਅਜਿਹੀਆਂ ਮਿਸਾਲਾਂ ਹਨ ਜੋ ਅੱਜ ਦੇ ਸੰਵੇਦਨਸ਼ੀਲ ਸਮਿਆਂ ਵਿੱਚ ਸੱਭਨਾਂ ਨੂੰ ਚੇਤੇ ਰੱਖਣੀਆਂ ਚਾਹੀਦੀਆਂ ਹਨ। ਮਲਟੀਕਲਚਰਿਜ਼ਮ ਦਾ ਅਸਲੀ ਸਰੂਪ ਸਿਆਸੀ ਧੱਕੇਬਾਜ਼ੀ ਵਿੱਚੋਂ ਨਹੀਂ ਸਗੋਂ ਧਾਰਮਿਕ ਮਾਰਮਿਕਤਾ (compassion) ਵਿੱਚੋਂ ਉਪਜ ਸਕਦਾ ਹੈ।

ਹਰ ਧਰਮ ਵਿੱਚ ਇਹ ਵਿਸ਼ਵਾਸ਼ ਇੱਕ ਜਾਂ ਦੂਜੇ ਰੂਪ ਵਿੱਚ ਮੌਜੂਦ ਹੈ ਕਿ ਰੱਬ ਵੱਲ ਜਾਣ ਲਈ ਮਨੁੱਖ ਨੂੰ ਆਪਣੇ ਅੰਦਰ ਜਾਣਾ ਹੋਵੇਗਾ। ਕੀ ਇਹ ਸਮਝਣ ਦਾ ਸਮਾਂ ਨਹੀਂ ਕਿ ਰੱਬ ਦਾ ਨਾਮ ਲੈਣ ਲਈ ਕੀਤੀਆਂ ਜਾਣ ਵਾਲੀਆਂ ਅਜ਼ਾਨਾਂ, ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਫੈਲਾਉਣ ਲਈ ਕੱਢੇ ਜਾਣ ਵਾਲੇ ਨਗਰ ਕੀਰਤਨਾਂ, ਹਰ ਰੰਗ ਵਿੱਚ ਈਸ਼ਵਰ ਵੇਖਣ ਲਈ ਮਨਾਈਆਂ ਜਾਣ ਵਾਲੀਆਂ ਹੋਲੀਆਂ ਦੀਵਾਲੀਆਂ ਆਦਿ ਧਰਮ ਦਾ ਬਾਹਰੀ ਸਰੂਪ ਹਨ ਜਿਸਨੂੰ ਲੈ ਕੇ ਲੜਨਾ ਬੇਮਾਅਨਾ ਹੈ! ਇਹ ਗੱਲ ਸਿੱਖ, ਮੁਸਲਮਾਨ, ਹਿੰਦੂ ਜਾਂ ਈਸਾਈ ਪੈਰੋਕਾਰ ਉੱਤੇ ਬਰਾਬਰ ਢੁੱਕਦੀ ਹੈ। ਅਫ਼ਸੋਸ ਕਿ ਅੱਜ ਮਲਟੀਕਲਚਰਿਜ਼ਮ ਦੇ ਨਾਮ ਉੱਤੇ ਖੁਦੀ ਅਤੇ ਆਪਣੇ ਧਰਮ ਨੂੰ ਸਹੀ ਸਾਬਤ ਕਰਨ ਦੀ ਹੋੜ ਤਾਂ ਵਿਖਾਈ ਦੇਂਦੀ ਹੈ ਪਰ ਖੁਦਾਈ ਜਾਂ ਇਨਸਾਨੀ ਏਕੇ ਲਈ ਖੜੇ ਹੋਣ ਦੀ ਨਹੀਂ।

 

Have something to say? Post your comment