Welcome to Canadian Punjabi Post
Follow us on

27

March 2019
ਭਾਰਤ

ਭਾਰਤ ਦੀ ਆਪੇ ਬਣਾਈ ਪਣਡੁੱਬੀ ਅਰਿਹੰਤ ਦੀ ਸਫਲਤਾ ਦੁਸ਼ਮਣਾਂ ਨੂੰ ਖੁੱਲ੍ਹੀ ਚੁਣੌਤੀ: ਮੋਦੀ

November 06, 2018 06:42 AM

ਨਵੀਂ ਦਿੱਲੀ, 5 ਨਵੰਬਰ, (ਪੋਸਟ ਬਿਊਰੋ)- ਭਾਰਤ ਵੱਲੋਂ ਆਪਣੇ ਦੇਸ਼ ਵਿੱਚ ਬਣਾਈ ਪਹਿਲੀ ਦੇਸੀ ਐਟਮੀ ਪਣਡੁੱਬੀ ਆਈ ਏ ਐਨ ਐਸ ਅਰਿਹੰਤ ਨੇ ਆਪਣੀ ਪਹਿਲੀ ਪੈਟਰੋਲਿੰਗ ਸਫਲਤਾ ਨਾਲ ਪੂਰੀ ਕਰ ਕੇ ਰੱਖਿਆ ਖੇਤਰ ਵਿੱਚ ਇੱਕ ਇਤਿਹਾਸਕ ਸਫ਼ਲਤਾ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵੱਡੀ ਸਫਲਤਾ ਕਿਹਾ ਹੈ। ਉਨ੍ਹਾਂ ਨੇ ਸਟ੍ਰੈਟਜਿਕ ਸਟ੍ਰਾਈਕ ਸਬਮੈਰੀਨ ਅਰਿਹੰਤ (ਐਸ ਐਸ ਬੀ ਐਨ) ਵਿੱਚ ਪਹਿਲੀ ਗਸ਼ਤ ਲਾ ਕੇ ਮੁੜਨ ਵਾਲੇ ਚਾਲਕ ਦਲ ਦੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਕਦਮ ਪੁੱਟਿਆ ਗਿਆ ਹੈ ਅਤੇ ਇਹ ਭਾਰਤ ਅਤੇ ਸ਼ਾਂਤੀ ਦੇ ਦੁਸ਼ਮਣਾਂ ਲਈ ਖੁੱਲ੍ਹੀ ਚਿਤਾਵਨੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਨਵੀਂ ਸਮਰੱਥਾ ਉਨ੍ਹਾਂ ਲੋਕਾਂ ਨੂੰ ਜਵਾਬ ਹੈ, ਜੋ ਭਾਰਤ ਨੂੰ ਐਟਮੀ ਹਮਲੇ ਦੀ ਧਮਕੀ ਦੇ ਕੇ ਬਲੈਕਮੇਲ ਕਰਦੇ ਹਨ। ਅਰਿਹੰਤ ਦੀ ਸਫਲ਼ਤਾ ਨੇ ਭਾਰਤ ਦੀਆਂ ਸੁਰੱਖਿਆ ਲੋੜਾਂ ਦੀ ਪੂਰਤੀ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰਿਹੰਤ ਦੀ ਸਫਲਤਾ ਨਾਲ ਭਾਰਤ ਜ਼ਮੀਨ, ਹਵਾ ਅਤੇ ਸਮੁੰਦਰ ਵਿਚੋਂ ਐਟਮੀ ਹਥਿਆਰ ਚਲਾਉਣ ਦੇ ਸਮਰੱਥ ਹੋ ਗਿਆ ਹੈ। ਮੋਦੀ ਨੇ ਕਿਹਾ ਕਿ ਇਸ ਵਾਰ ਦਾ ਧਨ-ਤੇਰਸ ਖਾਸ ਹੈ ਅਤੇ ਦੀਵਾਲੀ ਉੱਤੇ ਇਹ ਪ੍ਰਾਪਤੀ ਦੇਸ਼ ਦੇ ਲੋਕਾਂ ਲਈ ਬਹੁਮੱਲਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਭਾਰਤ ਦਾ ਐਟਮੀ ਤਿਕੋਣ ਪੂਰਾ ਹੋ ਗਿਆ ਹੈ। ਅੱਗੇ ਤੋਂ ਭਾਰਤ ਨੂੰ ਏਦਾਂ ਦੀ ਪਣਡੁੱਬੀ ਦਾ ਡਿਜ਼ਾਈਨ ਬਣਾਉਣ, ਉਸ ਦੇ ਨਿਰਮਾਣ ਤੇ ਚਲਾਉਣ ਦੀ ਤਾਕਤ ਮਿਲ ਗਈ ਹੈ ਤੇ ਇਸ ਨਾਲ ਉਹ ਦੁਨੀਆਂ ਦੇ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਭਾਰਤ ਦਾ ਇਹ ਐਟਮੀ ਤਿਕੋਣ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦਾ ਮਹੱਤਵ ਪੂਰਨ ਥੰਮ੍ਹ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਐਟਮੀ ਤਜਰਬਿਆਂ ਦੀ ਪ੍ਰਾਪਤੀ ਨੂੰ ਵਿਸ਼ਵਾਸ ਤੋਂ ਬਾਹਰੀ ਐਟਮੀ ਤਿਕੋਣ ਵਿੱਚ ਬਦਲਣ ਦਾ ਬਹੁਤ ਮੁਸ਼ਕਲ ਕੰਮ ਕੀਤਾ ਹੈ। ਇਹ ਉਨ੍ਹਾਂ ਦੀ ਪ੍ਰਤਿਭਾ, ਕੋਸ਼ਿਸ਼ਾਂ ਤੇ ਸਾਡੇ ਬਹਾਦਰ ਫੌਜੀਆਂ ਦੀ ਹਿੰਮਤ ਤੇ ਸਮੱਰਪਣ ਨਾਲ ਹੋ ਸਕਿਆ ਹੈ। ਮੋਦੀ ਨੇ ਕਿਹਾ ਕਿ ਇਕ ਜ਼ਿੰਮੇਵਾਰ ਦੇਸ਼ ਵਜੋਂ ਭਾਰਤ ਨੇ ਐਟਮੀ ਕੰਟਰੋਲ ਅਥਾਰਟੀ ਹੇਠ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਤੇ ਪੂਰੀ ਤਰ੍ਹਾਂ ਰਾਜਸੀ ਕੰਟਰੋਲ ਹੇਠ ਮਜ਼ਬੂਤ ਐਟਮੀ ਕਮਾਨ ਤੇ ਕੰਟਰੋਲ ਢਾਂਚਾ ਬਣਾਇਆ ਹੈ। ਛੇ ਹਜ਼ਾਰ ਟਨ ਦੀ ਅਰਹਿੰਤ ਨੂੰ ‘ਐਡਵਾਂਸਡ ਟੈਕਨਾਲੋਜੀ ਵੈਸਲ (ਏ ਟੀ ਵੀ) ਪ੍ਰਾਜੈਕਟ ਹੇਠ ਵਿਸ਼ਾਖਾਪਟਨਮ ਦੇ ਸ਼ਿਪ ਬਿਲਡਿੰਗ ਕੇਂਦਰ ਨੇ ਬਣਾਇਆ ਹੈ। ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 26 ਜੁਲਾਈ 2009 ਨੂੰ ਇਸ ਦਾ ਉਦਘਾਟਨ ਕੀਤਾ ਸੀ ਤੇ ਸਮੁੰਦਰ ਵਿੱਚ ਕਈ ਟ੍ਰਾਇਲ ਕਰਨ ਤੋਂ ਬਾਅਦ ਅਗਸਤ 2016 ਵਿੱਚ ਪਣਡੁੱਬੀ ਨੂੰ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।

 

Have something to say? Post your comment