Welcome to Canadian Punjabi Post
Follow us on

22

April 2021
ਸੰਪਾਦਕੀ

ਕੋਰੋਨਾਵਾਇਰਸ ਵੈਕਸੀਨ: ਕਦੋਂ ਅਤੇ ਕਿਵੇਂ

May 01, 2020 08:26 AM

ਪੰਜਾਬੀ ਪੋਸਟ ਸੰਪਾਦਕੀ


ਜਿਉਂ 2 ਕੋਰੋਨਾਵਾਇਰਸ ਦੇ ਪ੍ਰਭਾਵ ਦੇ ਸਿਖ਼ਰ ਉੱਤੇ ਪੁੱਜਣ ਤੋਂ ਬਾਅਦ ਇਸਦੇ ਫੈਲਾਅ ਵਿੱਚ ਟਿਕਾਅ (flattening of the curve) ਦੀਆਂ ਸੁਖਦ ਖ਼ਬਰਾਂ ਆਉਣ ਲੱਗੀਆਂ ਹਨ ਤਾਂ ਇੱਕ ਉਮੀਦ ਦੀ ਕਿਰਣ ਵਿਖਾਈ ਦੇਣ ਲੱਗੀ ਹੈ ਕਿ ਦੇਰ ਸਵੇਰ ਜੀਵਨ ਮੁੜ ਆਪਣੀਆਂ ਲੀਹਾਂ ਉੱਤੇ ਆਉਣ ਲਈ ਕਰਵਟਾਂ ਲੈਣ ਲੱਗੇਗਾ। ਹਾਲਾਂਕਿ ਲੀਹ ਉੱਤੇ ਆਉਣ ਬਾਰੇ ਕਿਸੇ ਵਿਉਂਤਵੰਦੀ ਨੂੰ ਲਾਗੂ ਕਰਨ ਲਈ ਸਰਕਾਰਾਂ ਨੂੰ ਅਨੇਕਾਂ ਕਿਸਮ ਦੇ ਲੋਕਲ ਫੈਕਟਰਾਂ ਭਾਵ ਸਥਾਨਕ ਹਕੀਕਤਾਂ ਨੂੰ ਵੇਖਣਾ ਹੋਵੇਗਾ। ਇਸ ਦਿਸ਼ਾ ਵਿੱਚ ਇੱਕ ਵੱਡੀ ਹਕੀਕਤ ਇਸ ਬਿਮਾਰੀ ਦੇ ਵੈਕਸੀਨ ਦਾ ਮਾਰਕੀਟ ਵਿੱਚ ਆਉਣਾ ਹੋਵੇਗਾ। ਵਿਸ਼ਵ ਭਰ ਵਿੱਚ ਸਿਹਤ ਮਾਹਰਾਂ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਵੈਕਸੀਨ ਦੇ ਆਉਣ ਤੱਕ ਕੋਰੋਨਾਵਾਇਰਸ ਉੱਤੇ ਕਾਬੂ ਪਾਉਣ ਵਰਗੀ ਗੱਲ ਦੀ ਧਾਰਨਾ ਬਣਾਉਣਾ ਇੱਕ ਗਲਤ-ਧਾਰਨਾ ਹੋਵੇਗੀ। ਫੇਰ ਸੁਆਲ ਹੈ ਕਿ ਵੈਕਸੀਨ ਦੇ ਇਜਾਦ ਕੀਤੇ ਜਾਣ ਦੀ ਜੰਗ ਵਿੱਚ ਅੱਜ ਵਿਸ਼ਵ ਕਿੱਥੇ ਖੜਾ ਹੈ?

ਵਿਸ਼ਵ ਸਿਹਤ ਸੰਸਥਾ ਦਾ ਖਿਆਲ ਹੈ ਕਿ ਵੈਕਸੀਨ ਦੇ ਤਿਆਰ ਹੋ ਕੇ ਆਮ ਪਬਲਿਕ ਲਈ ਉਪਲਬਧ ਹੋਣ ਵਿੱਚ 18 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸਦੇ ਉਲਟ Coalition for Epidemic Preparedness Innovations (CEPI) ਦਾ ਦਾਅਵਾ ਹੈ ਕਿ ਵੈਕਸੀਨ 12 ਮਹੀਨੇ ਭਾਵ 2021 ਦੇ ਆਰੰਭ ਵਿੱਚ ਉਪਲਬਧ ਕਰਵਾਇਆ ਜਾ ਸਕਦਾ ਹੈ। ਇਹ ਕੋਲੀਸ਼ਨ ਵੈਕਸੀਨ ਨੂੰ ਤਿਆਰ ਕਰਨ ਦੇ ਉੱਦਮਾਂ ਨੂੰ ਅੱਗੇ ਤੋਰਨ ਵਾਸਤੇ ਵਿਸ਼ਵ ਭਰ ਵਿੱਚੋਂ 2 ਬਿਲੀਅਨ ਡਾਲਰ ਜਮ੍ਹਾਪੂੰਜੀ ਦਾ ਫੰਡ ਖੜਾ ਕਰ ਰਹੀ ਹੈ। ਜਨਤਕ ਪੱਧਰ (Community level) ਉੱਤੇ ਸਿਹਤ ਮਾਮਲਿਆਂ ਉੱਤੇ ਵਿਸ਼ੇਸ਼ੱਗਤਾ ਰੱਖਣ ਵਾਲੇ ਸਿਹਤ ਮਾਹਰਾਂ ਦਾ ਖਿਆਲ ਹੈ ਕਿ ਵੈਕਸੀਨ ਤਿਆਰ ਕਰਨਾ ਹੀ ਚੁਣੌਤੀ ਨਹੀਂ ਸਗੋਂ ਵੈਕਸੀਨ ਦਾ ਲੋੜੀਂਦੀ ਮਾਤਰਾ ਵਿੱਚ ਤਿਆਰ ਕਰਨਾ ਅਤੇ ਉਸਦਾ ਵਿਸ਼ਵ ਭਰ ਵਿੱਚ ਸਹੀ ਵਿਤਰਣ ਕਰਨਾ ਹੋਰ ਵੀ ਵੱਡੀ ਚੁਣੌਤੀ ਹੋਵੇਗੀ।

ਮਾਹਰ ਦਾ ਖਿਆਲ ਹੈ ਕਿ ਜਦੋਂ ਤੱਕ ਵਿਸ਼ਵ ਦੀ 60 ਤੋਂ 70% ਜਨਸੰਖਿਆ ਲਈ ਵੈਕਸੀਨ ਉਪਲਬਧ ਨਹੀਂ ਹੁੰਦਾ ਤਾਂ ਕਿਸੇ ਪ੍ਰਭਾਵਸ਼ਾਲੀ ਹੱਲ ਦਾ ਨਿਕਲਣਾ ਔਖਾ ਹੋਵੇਗਾ। ਇਸ ਬਿਮਾਰੀ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਗਰੀਬ ਮੁਲਕਾਂ ਵਿੱਚ ਵੱਸਦੇ ਸਾਧਾਰਨ ਵਿਅਕਤੀਆਂ ਤੱਕ ਅਮੀਰ ਗਰੀਬ ਅਤੇ ਉੱਚੇ ਨੀਵੇਂ ਦੇ ਪਾੜੇ ਨੂੰ ਖ਼ਤਮ ਕਰਕੇ ਆਪਣਾ ਜਾਲ ਫੈਲਾਇਆ ਹੈ। ਇਸਨੂੰ ਵੇਖਦੇ ਸਮਝ ਬਣਦੀ ਹੈ ਕਿ ਇਸ ਬਿਮਾਰੀ ਦਾ ਵੈਕਸੀਨ ਜਦੋਂ ਤੱਕ ਸੱਭਨਾਂ ਲਈ ਆਸਾਨੀ ਨਾਲ ਉਪਲਬਧ ਨਹੀਂ ਹੁੰਦਾ, ਸਮੱਸਿਆ ਨੂੰ ਕਿਸੇ ਵੀ ਦਰਵਾਜ਼ੇ ਤੋਂ ਦੂਰ ਚਲੀ ਗਈ ਨਹੀਂ ਮੰਨਿਆ ਜਾ ਸਕਦਾ। ਮਾਹਰਾਂ ਨੇ ਇਹ ਵੀ ਵੇਖਣਾ ਹੋਵੇਗਾ ਕਿ ਕੀ ਇੱਕ ਵੈਕਸੀਨ ਵਿਸ਼ਵ ਦੇ ਹਰ ਮੁਲਕ, ਹਰ ਉਮਰ ਵਰਗ ਵਿੱਚ ਇੱਕੋ ਜਿਹਾ ਅਸਰਦਾਰ ਸਾਬਤ ਹੋਵੇਗਾ? ਮਿਸਾਲ ਵਜੋਂ ਕੀ ਇੱਕ ਵੈਕਸੀਨ ਯੂਵਾਵਾਂ ਅਤੇ ਬਜ਼ੁਰਗਾਂ ਲਈ, ਨੇਪਾਲ ਭਾਰਤ ਪਾਕਿਸਤਾਨ ਅਤੇ ਕੈਨੇਡਾ, ਅਮਰੀਕਾ ਇੰਗਲੈਂਡ ਜਾਂ ਅਫਰੀਕਨ ਮੁਲਕਾਂ ਵਿੱਚ ਇੱਕੋ ਜਿਹੇ ਪ੍ਰਭਾਵ ਨਾਲ ਕੰਮ ਕਰੇਗਾ?

ਉੱਪਰਲੀ ਸਤਹ ਉੱਤੇ ਵੈਕਸੀਨ ਤਿਆਰ ਕਰਨ ਲਈ ਚੱਲ ਰਹੀਆਂ ਕੋਸਿ਼ਸਾਂ ਚੰਗੀਆਂ ਵਿਖਾਈ ਦੇ ਸਕਦੀਆਂ ਹਨ। ਜਦੋਂ ਗੱਲ ਮੁਲਕਾਂ ਦੀ ਆਪਸੀ ਖਹਿਬਾਜ਼ੀ, ਸਥਾਨਕ ਪਹਿਲਤਾਵਾਂ ਅਤੇ ਮਲਟੀਨੈਸ਼ਨਲ ਸੰਸਥਾਵਾਂ ਦੇ ਵਿੱਤੀ ਉਦੇਸ਼ਾਂ ਦੀ ਗੱਲ ਆਉਂਦੀ ਹੈ ਤਾਂ ਮਾਮਲਾ ਐਨਾ ਸਿੱਧਾ ਪੱਧਰਾ ਨਹੀਂ ਰਹਿ ਜਾਂਦਾ ਜਿੰਨਾ ਵਿਖਾਈ ਦੇਂਦਾ ਹੈ। ਵਿਸ਼ਵ ਸਿਹਤ ਸੰਸਥਾ ਵੱਲੋਂ ਇੱਕ ਮਾਹਰਾਂ ਦੇ ਗਰੁੱਪ (Group of Experts) ਦਾ ਗਠਨ ਕੀਤਾ ਗਿਆ ਹੈ ਜੋ ਕੋਰੋਨਾਵਾਇਰਸ ਨਾਲ ਲੜਨ ਵਾਲੇ ਵੈਕਸੀਨ ਨੂੰ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ। ਇਸ ਵਿੱਚ ਅਮਰੀਕਾ ਕੈਨੇਡਾ ਸਮੇਤ ਕਈ ਯੂਰਪੀਅਨ ਮੁਲਕਾਂ ਦੇ ਮਾਹਰ ਸ਼ਾਮਲ ਹਨ ਪਰ ਚੀਨ ਅਤੇ ਨੇਪਾਲ ਨੂੰ ਛੱਡ ਕੇ ਏਸ਼ੀਆ ਜਾਂ ਅਫਰੀਕਾ ਦੇ ਮੁਲਕ ਗੈਰਹਾਜ਼ਰ ਹਨ। ਬੇਸ਼ੱਕ ਇਹ ਅਮਰੀਕਾ ਦੇ ਨਾਲ WHO ਇੱਟ ਖੱਿੜਕੇ ਦਾ ਸਿੱਟਾ ਹੋਵੇ ਪਰ ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਪੈਂਏਓ ਨੇ ਬੀਤੇ ਦਿਨੀਂ ਇਹ ਆਖ ਕੇ ਕਈਆਂ ਨੂੰ ਹੈਰਾਨ ਕਰ ਦਿੱਤਾ ਕਿ ਅਮਰੀਕਾ ਭਾਰਤ ਨਾਲ ਮਿਲ ਕੇ ਵੈਕਸੀਨ ਤਿਆਰ ਕਰਨ ਜਾ ਰਿਹਾ ਹੈ। ਭਾਰਤ ਵਿੱਚ ਅੱਧੀ ਦਰਜ਼ਨ ਤੋਂ ਵੱਧ ਸੰਸਥਾਵਾਂ ਵੈਕਸੀਨ ਤਿਆਰ ਕਰਨ ਲਈ ਕੰਮ ਆਰੰਭ ਕਰ ਚੁੱਕੀਆਂ ਹਨ। ਇਹਨਾਂ ਵਿੱਚੋਂ ਇੱਕ Serum Institute of India ਹੈ ਜੋ ਹਰ ਸਾਲ ਡੇਢ ਬਿਲੀਅਨ ਵੱਖੋ ਵੱਖਰੇ ਵੈਕਸੀਨ ਕਰਕੇ ਵਿਸ਼ਵ ਰਿਕਾਰਡ ਬਣਾਉਂਦੀ ਹੈ। ਇਹ ਫਰਮ ਅਮਰੀਕਨ ਕੰਪਨੀ Codagenix ਨਾਲ ਮੁਆਇਦਾ ਕਰ ਵੀ ਚੁੱਕੀ ਹੈ।

ਵਿਸ਼ਵ ਭਰ ਵਿੱਚ 30 ਲੱਖ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਕੇ 2 ਲੱਖ ਤੋਂ ਵੱਧ ਨੂੰ ਮਾਰਨ ਲਈ ਜੁੰਮੇਵਾਰ ਕੋਰੋਨਾਵਾਇਰਸ ਨੂੰ ਸਿੱਝਣਾ ਸੌਖਾ ਕੰਮ ਨਹੀਂ ਹੋਵੇਗਾ। ਪਰ ਕਈ ਮਾਹਰ ਆਸ ਦੀ ਇੱਕ ਹੋਰ ਕਿਰਣ ਵੀ ਵੇਖ ਰਹੇ ਹਨ। ਉਹਨਾਂ ਮੁਤਾਬਕ ਜਿਵੇਂ ਐਚ. ਆਈ. ਵੀ. ਦਾ ਕੋਈ ਵੈਕਸੀਨ ਨਹੀਂ ਤਿਆਰ ਕੀਤਾ ਜਾ ਸਕਿਆ ਪਰ ਕਈ ਕਿਸਮ ਦੇ ਐਂਟੀ-ਵਾਇਰਲ ਡਰੱਗਾਂ ਦੀ ਮਦਦ ਨਾਲ ਏਡਜ਼ ਦੇ ਮਰੀਜਾਂ ਵਿੱਚ ਮੌਤ ਦਰ ਨੂੰ ਘਟਾਉਣ ਅਤੇ ਚੰਗੀ ਸਿਹਤ ਪ੍ਰਦਾਨ ਕਰਨ ਵਿੱਚ ਚੋਖੀ ਤਰੱਕੀ ਪਾਈ ਜਾ ਚੁੱਕੀ ਹੈ। ਅੱਜ ਅਜਿਹੇ ਡਰੱਗ ਵੀ ਉਪਲਬਧ ਹੋ ਚੁੱਕੇ ਹਨ ਜਿਹਨਾਂ ਨਾਲ ਸੈਕਸ ਰਾਹੀਂ ਏਡਜ਼ ਦੂਜੇ ਵਿਅਕਤੀ ਵਿੱਚ ਫੈਲਾਉਣੀ ਰੋਕੀ ਜਾ ਸਕਦੀ ਹੈ। ਮੁਮਕਿਨ ਹੈ ਕਿ ਕੋਰੋਨਾਵਾਇਰਸ ਦੇ ਵੈਕਸੀਨ ਦੀ ਤਲਾਸ਼ ਦੇ ਉੱਦਮਾਂ ਦੇ ਚੱਲਦੇ ਸਾਇੰਸ ਕੋਈ ਬਦਲਵੇਂ ਨੁਸਖੇ ਇਜਾਦ ਕਰ ਲਵੇ ਜੋ ਮਨੁੱਖਤਾ ਨੂੰ ਰਾਹਤ ਬਖ਼ਸ਼ਣ। ਆਸ ਉਮੀਦ ਹੀ ਤਾਂ ਮਨੁੱਖ ਲਈ ਸੱਭ ਤੋਂ ਵੱਡੀ ਕਰਾਮਾਤ ਹੈ।

Have something to say? Post your comment