Welcome to Canadian Punjabi Post
Follow us on

22

April 2021
ਸੰਪਾਦਕੀ

ਕੋਰੋਨਾ ਵਾਇਰਸ- ਦੇਸ਼ ਭਗਤੀ ਅਤੇ ਅਸੀਂ ਕੈਨੇਡੀਅਨ

April 24, 2020 08:34 AM

ਪੰਜਾਬੀ ਪੋਸਟ ਸੰਪਾਦਕੀ

‘ਸੱਚੀ ਦੇਸ਼ ਭਗਤੀ ਉਹ ਹੁੰਦੀ ਹੈ ਜੋ ਤੁਸੀਂ ਆਪਣੇ ਦੇਸ਼ ਦੀਆਂ ਖਾਮੀਆਂ ਦੇ ਬਾਵਜੂਦ ਉਸਦੀ ਬਿਹਤਰੀ ਲਈ ਕੁੱਝ ਕਰਨ ਗੁਜ਼ਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹੋ। ਦੇਸ਼ ਪਰੇਮ ਦਾ ਭਾਵ ਹੈ ਕਿ ਤੁਸੀਂ ਦੇਸ਼ ਲਈ ਕੁੱਝ ਚੰਗਾ ਕਰਨਾ ਚਾਹੁੰਦੇ ਹੋ। ਜੇ ਆਪਣੇ ਦੇਸ਼ ਨੂੰ ਇੱਕ ਪ੍ਰੋਜੈਕਟ ਵਾਗੂੰ ਖਿਆਲ ਕੀਤਾ ਜਾਵੇ ਤਾਂ ਸਾਨੂੰ ਉਸ ਪ੍ਰੋਜੈਕਟ ਦੇ ਆਗੂ ਬਣਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਹ ਦੇਸ਼ ਭਗਤੀ ਦੀ ਭਾਵਨਾ ਹੀ ਹੈ ਜੋ ਸਾਇੰਸ, ਤਕਨਾਲੋਜੀ, ਅਤੇ ਸਮਾਜ ਸੇਵਾ ਵਰਗੇ ਉਹਨਾਂ ਕਾਰਜਾਂ ਨੂੰ ਪ੍ਰਫੱਲਿਤ ਕਰਦੀ ਹੈ ਜਿਹਨਾਂ ਸਹਾਰੇ ਮੁਲਕ ਮਜ਼ਬੂਤ ਬਣਦੇ ਹਨ’। ਇਹ ਭਾਵਨਾਵਾਂ 1 ਜੁਲਾਈ 2018 ਨੂੰ ਕੈਨੇਡਾ ਡੇਅ ਵਾਲੇ ਦਿਨ ਲਿਬਨਾਨ ਤੋਂ ਰਿਫਊਜੀ ਬਣ ਕੇ ਆਏ ਮਾਪਿਆਂ ਦੇ ਘਰ ਜਨਮੇ ਕਲੀਮ ਹਾਵਾ ਨੇ ਇੱਕ ਵਿਸ਼ੇਸ਼ ਆਰਟੀਕਲ ਲਿਖ ਕੇ ਪ੍ਰਗਟ ਕੀਤੀਆਂ ਸਨ। ਟੋਰਾਂਟੋ ਵਾਸੀ ਇਸਲਾਮ ਧਰਮ ਦਾ ਅਨੁਯਾਈ ਕਲੀਮ ਹਾਵਾ 2015 ਵਿੱਚ ਵਿਸ਼ਵ ਦੇ ਉਹਨਾਂ 89 ਸਕਾਲਰਾਂ ਵਿੱਚ ਸ਼ਾਮਲ ਸੀ ਜਿਹਨਾਂ ਨੂੰ ਆਕਸਫੋਰਡ ਵਿੱਚ Rhodes Scholarship ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਸੀ।

ਕਲੀਮ ਹਾਵਾ ਦੇ ਸ਼ਬਦ ਅੱਜ ਵੀ ਉੱਨੀ ਹੀ ਮਹੱਤਤਾ ਰੱਖਦੇ ਹਨ ਜਿੰਨੀ 2018 ਵਿੱਚ। ਉਸ ਦਿਨ 24 ਸਾਲਾ ਕਲੀਮ ਹਾਵਾ 2015 ਵਿੱਚ ਕੈਨੇਡਾ ਦੀ ਪਾਰਲੀਮੈਂਟ ਉੱਤੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰ ਰਿਹਾ ਸੀ। ਇਸ ਵੇਲੇ ਕੈਨੇਡਾ ਦਾ ਹਰ ਵਾਸੀ ਕੋਰੋਨਾ-ਵਾਇਰਸ ਨਾਲ ਜੰਗ ਲੜ ਰਿਹਾ ਹੈ। ਇਸ ਜੰਗ ਉੱਤੇ ਫਤਿਹ ਹਾਸਲ ਕਰਨ ਤੋਂ ਬਾਅਦ ਕੈਨੇਡੀਅਨ ਮੁਲਾਂਕਣ ਕਰਨ ਨੂੰ ਮਜ਼ਬੂਰ ਹੋਣਗੇ ਕਿ ਨਵੇਂ ਸਮਿਆਂ ਵਿੱਚ ਦੇਸ਼ ਭਗਤੀ ਭਾਵਨਾ ਦਾ ਚਿਹਰਾ ਮੁਹਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜੇ ਵਰਤਮਾਨ ਸਥਿਤੀ ਨੂੰ ਵੇਖਿਆ ਜਾਵੇ ਤਾਂ ਸਾਨੂੰ ਦੋ ਜਮਾਤਾਂ ਬਣ ਗਈਆਂ ਸਾਫ਼ ਨਜ਼ਰ ਆ ਰਹੀਆਂ ਹਨ, ਜਿਹਨਾਂ ਵਿੱਚੋਂ ਇੱਕ ਨੂੰ ਦੇਸ਼ ਭਗਤੀ ਦੀਆਂ ਮੁਹਰਲੀਆਂ ਕਤਾਰਾਂ ਵਿੱਚ ਸ਼ਾਮਲ ਕਰਨਾ ਹੋਵੇਗਾ।

ਇੱਕ ਜਮਾਤ ਹੈ ਡਾਕਟਰ, ਨਰਸ, ਫਰਮਾਸਿਸਟ, ਪਰਸਨਲ ਕੇਅਰ ਵਰਕਰ ਆਦਿ ਹੈਲਥ ਕੇਅਰ ਪ੍ਰੋਫੈਸ਼ਨਲਾਂ, ਪੁਲੀਸ ਕਰਮੀਆਂ, ਗਰੌਸਰੀ ਸਟੋਰਾਂ ਦੇ ਫਰੰਟ ਡੈਸਕ ਵਰਕਰਾਂ, ਟਰੱਕ ਡਰਾਈਵਰਾਂ, ਲੌਂਗ ਟਰਮ ਕੇਅਰ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ। ਇਸ ਸੂਚੀ ਵਿੱਚ ਹੋਰ ਕਿੰਨੇ ਹੀ ਵਰਕਰ ਸਾ਼ਮਲ ਹਨ ਜਿਹਨਾਂ ਦਾ ਇੱਥੇ ਯਥਾਸੰਭਵ ਜਿ਼ਕਰ ਸੰਭਵ ਨਹੀਂ। ਇਹ ਯੋਧੇ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਕੇ ਨਿੱਤ ਦਿਨ ਹਮਵਤਨ ਕੈਨੇਡੀਅਨਾਂ ਦੀ ਸਲਾਮਤੀ ਲਈ ਦੁਸ਼ਮਣ ਨਾਲ ਲੜਾਈ ਕਰਨ ਨਿਕਲਦੇ ਹਨ। ਇਹ ਬਹਾਦਰ ਲੋਕ ਆਪਣੇ ਪਰਿਵਾਰ ਸੱਜਣਾਂ ਮਿੱਤਰਾਂ ਨੂੰ ਛੱਡ ਕੇ ਖਤਰੇ ਦਾ ਰਾਹ ਫੜਦੇ ਹਨ, ਇਹ ਜਾਨਣ ਦੇ ਬਾਵਜੂਦ ਕਿ ਉਹ ਖੁਦ ਕੋਰੋਨਾਵਾਇਰਸ ਵਰਗੇ ਮਾਰੂ ਦੁਸ਼ਮਣ ਦਾ ਸਿ਼ਕਾਰ ਹੋ ਸਕਦੇ ਹਨ। ਦੂਜੇ ਪਾਸੇ ਉਹ ਲੋਕ ਵੀ ਹਨ ਜਿਹਨਾਂ ਦਾ ਫਰਜ ਬਣਦਾ ਸੀ ਕਿ ਉਹ ਆਪਣੇ ਹੁਨਰ ਜਾਂ ਤਕਨੀਕ ਨੂੰ ਦੇਸ਼ ਲੇਖੇ ਲਾਉਣ ਪਰ ਘਰਾਂ ਵਿੱਚ ਜਾ ਡੇਰੇ ਲਾ ਬੈਠੇ ਹਨ। ਮਿਸਾਲ ਵਜੋਂ ਵੱਡੀ ਗਿਣਤੀ ਵਿੱਚ ਫੈਮਲੀ ਡਾਕਟਰ ਆਪਣੇ ਦਫ਼ਤਰ ਬੰਦ ਚੁੱਕੇ ਹਨ। ਇਹ ਖ਼ਬਰਾਂ ਦੀ ਵੀ ਕਮੀ ਨਹੀਂ ਕਿ ਰੋਣਾ ਰੋਇਆ ਜਾ ਰਿਹਾ ਹੈ ਕਿ ਸਾਡੇ ਬਿਜਨਸ ਦਾ ਕੀ ਬਣੇਗਾ। ਸਹੀ ਕਿ ਉਹ ਸਰਕਾਰੀ ਨੇਮਾਂ ਮੁਤਾਬਕ ਦਫ਼ਤਰ ਨਹੀਂ ਖੋਲ ਸਕਦੇ ਪਰ ਕਿਸੇ ਹਸਪਤਾਲ ਵਾਲੰਟੀਅਰ ਵਜੋਂ ਆਪਣੇ ਹਮ-ਪੇਸ਼ਾਵਰਾਂ ਨਾਲ ਹੱਥ ਵਟਾ ਸਕਦੇ ਹਨ। ਇਵੇਂ ਹੀ ਲੌਂਗ ਟਰਮ ਕੇਅਰ ਸੰਸਥਾਵਾਂ ਵਿੱਚੋਂ ਡਿਊਟੀਆਂ ਛੱਡੇ ਕੇ ਭੱਜਣ ਵਾਲੇ, ਘਰ ਬੈਠੇ ਅਯੋਗ ਹੋਣ ਦੇ ਬਾਵਜੂਦ ਸਰਕਾਰੀ ਲਾਭਾਂ ਨੂੰ ਬਟੋਰਨ ਵਾਲੇ ਅਨੇਕਾਂ ਲੋਕ ਹਨ।

ਕਿਉਬਿੱਕ ਅਤੇ ਉਂਟੇਰੀਓ ਦੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਬੇਨਤੀ ਉੱਤੇ ਫੈਡਰਲ ਸਰਕਾਰ ਨੇ ਫੌਜ ਨੂੰ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਲੌਂਗ ਟਰਮ ਕੇਅਰ ਸੰਸਥਾਵਾਂ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਫੌਜੀਆਂ ਕੋਲ ਕੋਈ ਬਹਾਨਾ ਨਹੀਂ ਕਿ ਉਹ ਕੰਮ ਤੋਂ ਛੁੱਟੀ ਕਰਨ ਅਤੇ 2000 ਡਾਲਰ ਦਾ ਚੈੱਕ ਸਿੱਧਾ ਬੈਂਕ ਵਿੱਚ ਮੰਗਵਾ ਲੈਣ। ਜਿਸ ਵੇਲੇ ਇਹ ਫੌਜੀ ਅਫਗਾਨਸਤਾਨ, ਇਰਾਕ ਜਾਂ ਹੋਰ ਮੁਲਕਾਂ ਵਿੱਚ ਜੰਗ ਲੜਨ ਜਾਂਦੇ ਹਨ ਤਾਂ ਬਹੁਤੇ ਮਾਨਸਿਕ ਬਿਮਾਰੀਆਂ ਦਾ ਸਿ਼ਕਾਰ ਹੋ ਕੇ ਪਰਤਦੇ ਹਨ ਅਤੇ ਕਈ ਵਰਤਦੇ ਹੀ ਨਹੀਂ। ਪੰਜਾਬੀ ਪੋਸਟ ਵਿੱਚ ਇਹਨਾਂ ਜੂਝਾਰੂਆਂ ਦੀ ਅਤੀਅੰਤ ਗੰਭੀਰ ਮਨੋਦਸ਼ਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਸਹੂਲਤਾਂ ਤੋਂ ਸੱਖਣਾ ਰੱਖਣ ਬਾਰੇ ਕਈ ਆਰਟੀਕਲ ਲਿਖੇ ਹਨ। ਇਵੇਂ ਹੀ ਲੌਂਗ ਟਰਮ ਕੇਅਰ ਹੋਮਾਂ ਵਿੱਚ ਵਰਕਰਾਂ ਦੀ ਮਾੜੀ ਹਾਲਤ ਬਾਰੇ ਪੰਜਾਬੀ ਪੋਸਟ ਲਿਖਦਾ ਆਇਆ ਹੈ। ਜਦੋਂ ਦੇਸ਼ ਉੱਤੇ ਭੀੜ ਪੈਂਦੀ ਹੈ ਤਾਂ ਬਿਨਾ ਸ਼ੱਕ ਇਹੀ ਲੋਕ ਉਹਨਾਂ ਦੇ ਕੰਮ ਆਉਂਦੇ ਹਨ ਪਰ ਇੱਕ ਅਸੀਂ ਹਾਂ ਕਿ ਅਮਨ ਚੈਨ ਵੇਲੇ ਸਾਡੀ ਜਾਨ ਦੀ ਰਖਵਾਲੀ ਕਰਨ ਵਾਲਿਆਂ ਵੱਲ ਤਿਣਕਾ ਖਿਆਲ ਵੀ ਨਹੀਂ ਕਰਦੇ। ਨਾਸ਼ੁਕਰਗੁਜ਼ਾਰੀ ਅਤੇ ਦੇਸ਼ ਭਗਤੀ ਉਹ ਤਲਵਾਰਾਂ ਹਨ ਜੋ ਇੱਕ ਮਿਆਨ ਵਿੱਚ ਨਹੀਂ ਸਮਾ ਸਕਦੀਆਂ।

ਕੋਰੋਨਾਵਾਇਰਸ ਕੋਈ ਛੋਟਾ ਮੋਟਾ ਵਰਤਾਰਾ ਨਹੀਂ ਸਗੋਂ ਇੱਕ ਵੱਖਰੇ ਕਿਸਮ ਦੀ ਵਿਸ਼ਵ ਜੰਗ ਹੈ। ਇਸ ਵਿੱਚ ਉਹੀ ਦੇਸ਼ ਜਲਦੀ ਜੇਤੂ ਹੋ ਨਿਕਲਣਗੇ ਜਿਹੜੇ ਆਪਣੀਆਂ ਸਰਹੱਦਾਂ ਅੰਦਰਲੀਆਂ ਮਜ਼ਬੂਤੀਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਫ਼ਲ ਹੋਣਗੇ। ਜਿਹੜੀਆਂ ਮਲਟੀ-ਨੈਸ਼ਨਲ ਕੰਪਨੀਆਂ ਪਿਛਲੇ ਚਾਰ ਪੰਜ ਦਹਾਕਿਆਂ ਤੋਂ ਮੁਲਕਾਂ ਦੀ ਹੱਦਬੰਦੀ ਦੀ ਮਹੱਤਤਾ ਨੂੰ ਘੱਟ ਕਰਕੇ ਬਿਜਸਨ ਲਈ ਸਰੱਹਦਹੀਣ ਪਹੁੰਚ (Borderless approach) ਦੇ ਸ਼ਲੋਕ ਨਵੀਂ ਪੀੜੀ ਨੂੰ ਪੜਾਉਂਦੀਆਂ ਆਈਆਂ ਹਨ, ਕੋਰੋਨਾਵਾਇਰਸ ਦੇ ਇੱਕ ਜੀਵਾਣੂੰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਡਾਲਰ-ਖੋਰ ਬਿਰਤੀ ਲੋਕਾਈ ਦੇ ਕੰਮ ਨਹੀਂ ਆਉਂਦੀ। ਜੇ ਕੰਮ ਆਉਂਦਾ ਹੈ ਤਾਂ ਸੇਵਾ ਦਾ ਜ਼ਜਬਾ ਜੋ ਦੇਸ਼ ਭਗਤੀ ਦਾ ਇੱਕ ਉੱਤਮ ਨਮੂਨਾ ਹੈ।

 

Have something to say? Post your comment