Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਨਜਰਰੀਆ

ਸ਼ਾਇਦ ਛੱਤੀਸਗੜ੍ਹ ਵਿੱਚ ਅਜੀਤ ਜੋਗੀ ਬਣ ਜਾਣਗੇ ਭਾਜਪਾ ਲਈ ਤਾਰਨਹਾਰ

November 05, 2018 07:40 AM

-ਵਿਜੇ ਵਿਦਰੋਹੀ
ਅੱਠ ਸਾਲਾਂ ਤੋਂ ਟੈਕਸੀ ਚਲਾ ਰਿਹਾ ਮੁਹੰਮਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਵੱਲੋਂ ਰਾਏਪੁਰ 'ਚ ਕੀਤੇ ਵਿਕਾਸ ਕਾਰਜਾਂ ਤੋਂ ਖੁਸ਼ ਹੈ। ਉਹ ਕਹਿਣ ਲੱਗਾ ਕਿ ਸ਼ਹਿਰ 'ਚ ਸਫਾਈ ਰਹਿੰਦੀ ਹੈ, ਸੜਕਾਂ ਚੰਗੀਆਂ ਹੋ ਗਈਆਂ, ਮੀਂਹ 'ਚ ਪਹਿਲਾਂ ਵਾਂਗ ਬਹੁਤਾ ਪਾਣੀ ਨਹੀਂ ਭਰਦਾ। ਜਦੋਂ ਉਸ ਨੂੰ ਪੁੱਛਿਆ ਕਿ ਇਸ ਵਾਰ ਏਥੇ ਸਰਕਾਰ ਕਿਸ ਦੀ ਬਣੇਗੀ ਤਾਂ ਕਹਿਣ ਲੱਗਾ ਕਿ ਸਭ ਕੁਝ ਠੀਕ ਹੈ, ਪਰ ਬਹੁਤ ਹੋ ਗਏ 15 ਸਾਲ, ਇਸ ਵਾਰ ਤਬਦੀਲੀ ਚਾਹੀਦੀ ਹੈ।
ਇਹੋ ਜਿਹੇ ਆਪਾ ਵਿਰੋਧੀ ਸੁਰ ਛੱਤੀਸਗੜ੍ਹ ਦੇ ਵੱਖ-ਵੱਖ ਇਲਾਕਿਆਂ 'ਚ ਸੁਣਨ ਨੂੰ ਮਿਲਦੇ ਹਨ। ਇੱਕ ਵਰਗ ਅਜਿਹਾ ਹੈ, ਜੋ ਭਾਜਪਾ ਸਰਕਾਰ ਤੋਂ ਖੁਸ਼ ਹੈ, ਪਰ ਰਮਨ ਸਿੰਘ ਦੀ ਸਰਕਾਰ ਦੇ ਮੰਤਰੀਆਂ ਦੀ ‘ਖੁਸ਼ਹਾਲੀ' ਤੋਂ ਖਫਾ ਹੈ। ਇਸ ਵਰਗ ਦਾ ਕਹਿਣਾ ਹੈ ਕਿ ਸੂਬੇ ਦਾ ਵਿਕਾਸ ਤਾਂ ਹੋਇਆ, ਪਰ ਜ਼ਿਆਦਾ ਵਿਕਾਸ ਭਾਜਪਾ ਨੇਤਾਵਾਂ ਦਾ ਹੋਇਆ ਹੈ। ਕਾਂਗਰਸ ਫਸਵੇਂ ਮੁਕਾਬਲੇ ਵਿੱਚ ਇਨ੍ਹਾਂ ਦੋ ਮੁੱਦਿਆਂ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ ਕਿ ‘‘ਇੱਕ ਮੌਕਾ ਸਾਨੂੰ ਵੀ ਦਿਓ ਅਤੇ ਸੱਤਾਧਾਰੀ ਨੇਤਾਵਾਂ ਦੇ ਵਿਕਾਸ ਦੀ ਥਾਂ ਅਸੀਂ ਆਮ ਲੋਕਾਂ ਦਾ ਵਿਕਾਸ ਕਰਾਂਗੇ।”
ਦੂਜੇ ਪਾਸੇ ਰਮਨ ਸਿੰਘ ਸਰਕਾਰ ਨੂੰ ਆਪਣੇ ਕੀਤੇ ਵਿਕਾਸ ਕੰਮਾਂ ਅਤੇ ਮੋਦੀ ਸਰਕਾਰ ਦੀਆਂ ਉਜਵਲਾ, ਪੀ ਐੱਮ ਆਵਾਸ ਯੋਜਨਾ ਅਤੇ ਆਯੁਸ਼ਮਾਨ ਯੋਜਨਾ 'ਤੇ ਭਰੋਸਾ ਹੈ। ਡਾਕਟਰ ਰਮਨ ਸਿੰਘ ਨਾਲ ਦੱਖਣ ਦੇ ਚਾਰ ਜ਼ਿਲ੍ਹਿਆਂ ਬਸਤਰ, ਦਾਂਤੇਵਾੜਾ, ਸੁਕਮਾ ਅਤੇ ਨਾਰਾਇਣਪੁਰ ਜਾਣ ਦਾ ਮੌਕਾ ਮਿਲਿਆ। ਰਸਤੇ 'ਚ ਗੱਲ ਹੋਈ ਤਾਂ ਕਹਿਣ ਲੱਗੇ ਕਿ ਤਬਦੀਲੀ ਦੀ ਗੱਲ ਕਰਨ ਵਾਲੇ ਲੋਕ ਵੋਟਾਂ ਦੇ ਦਿਨ ਬਦਲ ਕੇ ਵਿਕਾਸ ਕੰਮ ਯਾਦ ਕਰ ਕੇ ਭਾਜਪਾ ਦੇ ਪੱਖ 'ਚ ਵੋਟ ਪਾਉਣਗੇ।
ਰਮਨ ਸਿੰਘ ਦੀਆਂ ਚਾਰ ਚੋਣ ਰੈਲੀਆਂ 'ਚ ਗਏ ਤਾਂ ਹਰ ਰੈਲੀ 'ਚ ਦੇਖਿਆ ਕਿ ਉਹ ਆਦਿਵਾਸੀ ਇਲਾਕਿਆਂ 'ਚ ਆਦਿਵਾਸੀਆਂ ਅਤੇ ਕਿਸਾਨਾਂ ਨੂੰ ਯਾਦ ਦਿਵਾਉਣਾ ਨਹੀਂ ਭੁੱਲਦੇ ਕਿ ਇੱਕ ਰੁਪਏ ਪ੍ਰਤੀ ਕਿਲੋ ਚੌਲ ਦੇਣ ਦੀ ਯੋਜਨਾ ਉਨ੍ਹਾਂ ਦੇ ਸਮੇਂ ਸ਼ੁਰੂ ਹੋਈ ਸੀ। ਰਮਨ ਸਿੰਘ ਇਹ ਕਹਿ ਕੇ ਲੋਕਾਂ ਨੂੰ ਹੱਥ ਉਠਾਉਣ ਨੂੰ ਕਹਿੰਦੇ ਹਨ ਤੇ ਲੋਕ ਹੱਥ ਚੁੱਕ ਕੇ ਉਨ੍ਹਾਂ ਦਾ ਸਮਰਥਨ ਕਰਦੇ ਵੀ ਨਜ਼ਰ ਆਉਂਦੇ ਹਨ। ਹਵਾ 'ਚ ਲਹਿਰਾਉਂਦੇ ਹੱਥ ਦੇਖ ਕੇ ਰਮਨ ਸਿੰਘ ਮੁਸਕਰਾਉਂਦੇ ਹਨ। ਉਹ ਯਾਦ ਦਿਵਾਉਣਾ ਨਹੀਂ ਭੁੱਲਦੇ ਕਿ ਪਹਿਲੀ ਵਾਰ ਭਾਜਪਾ ਸਰਕਾਰ ਹੀ ਲੋਕਾਂ ਨੂੰ ਡੇਢ ਲੱਖ ਰੁਪਏ ਵਿੱਚ ਮਕਾਨ ਪੀ ਐੱਮ ਆਵਾਸ ਯੋਜਨਾ ਦੇ ਤਹਿਤ ਦੇ ਰਹੀ ਹੈ ਅਤੇ ਭਾਜਪਾ ਸਰਕਾਰ ਨੇ ਹੀ ਲਗਭਗ 36 ਲੱਖ ਪਰਵਾਰਾਂ ਨੂੰ ਉਜਵਲਾ ਯੋਜਨਾ ਦੇ ਰਸੋਈ ਗੈਸ ਕੁਨੈਕਸ਼ਨ ਦਿੱਤੇ ਹਨ। ਇਸ ਤੋਂ ਇਲਾਵਾ ਭਾਜਪਾ ਸਰਕਾਰ ਨੇ ਪੰਜ ਲੱਖ ਤੱਕ ਦੇ ਮੁਫਤ ਇਲਾਜ ਦੀ ਪਹਿਲ ਆਯੁਸ਼ਮਾਨ ਯੋਜਨਾ ਨਾਲ ਕੀਤੀ ਹੈ। ਤਾੜੀਆਂ ਵੱਜਦੀਆਂ ਤੇ ਡਾਕਟਰ ਰਮਨ ਸਿੰਘ ਖੁਸ਼ੀ-ਖੁਸ਼ੀ ਉਥੋਂ ਵਿਦਾ ਲੈਂਦੇ ਹਨ।
ਅਸਲ ਵਿੱਚ ਜੇ ਰਮਨ ਸਿੰਘ ਨੇ ਚੌਥੀ ਵਾਰ ਸੱਤਾ ਵਿੱਚ ਆਉਣਾ ਹੈ ਤਾਂ ਉਨ੍ਹਾਂ ਨੂੰ ਹਰ ਹਾਲ ਵਿੱਚ ਬਸਤਰ ਉੱਤੇ ਕਬਜ਼ਾ ਕਰਨਾ ਪੈਣਾ ਹੈ। ਪਹਿਲੇ ਗੇੜ ਦੀਆਂ ਜਿਨ੍ਹਾਂ 18 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ, ਉਨ੍ਹਾਂ 'ਚੋਂ 12 ਸੀਟਾਂ ਇਕੱਲੇ ਬਸਤਰ 'ਚ ਹਨ। ਪਿਛਲੀ ਵਾਰ ਕਾਂਗਰਸ ਨੇ ਇਥੇ ਅੱਠ ਅਤੇ ਭਾਜਪਾ ਨੇ ਸਿਰਫ ਚਾਰ ਸੀਟਾਂ ਜਿੱਤੀਆਂ ਸਨ। ਇਸ ਵਾਰ ਰਮਨ ਸਿੰਘ ਪੂਰਾ ਜ਼ੋਰ ਲਾ ਰਹੇ ਹਨ। ਇੱਕ-ਦੋ ਥਾਂਈਂ ਅਜੀਤ ਜੋਗੀ-ਮਾਇਆਵਤੀ-ਸੀ ਪੀ ਆਈ ਮੋਰਚੇ ਦੇ ਗਠਜੋੜ 'ਤੇ ਉਨ੍ਹਾਂ ਨੂੰ ਭਰੋਸਾ ਹੈ, ਜੋ ਕਾਂਗਰਸ ਦੀਆਂ ਇੱਕ-ਦੋ ਸੀਟਾਂ ਹਥਿਆ ਸਕਦਾ ਹੈ ਤੇ ਇਸ ਦਾ ਲਾਭ ਭਾਜਪਾ ਨੂੰ ਮਿਲੇਗਾ।
ਛੱਤੀਸਗੜ੍ਹ 'ਚ ਕਰੀਬ 32 ਫੀਸਦੀ ਆਦਿਵਾਸੀ ਆਬਾਦੀ ਵਿੱਚੋਂ ਛੇ ਲੱਖ ਤੋਂ ਵੱਧ ਲੋਕ ਤੇਂਦੂ ਪੱਤਾ ਤੋੜਨ ਦਾ ਕੰਮ ਕਰਦੇ ਹਨ। ਡਾਕਟਰ ਰਮਨ ਸਿੰਘ ਨੇ ਅਰਜੁਨ ਸਿੰਘ ਦੀ ਅੱਸੀ ਦੇ ਦਹਾਕੇ ਵਾਲੀ ਪਹਿਲ ਅੱਗੇ ਵਧਾਉਂਦਿਆਂ ਤੇਂਦੂ ਪੱਤਾ ਤੋੜਨ ਦਾ ਕੰਮ ਕਰਦੇ ਲੋਕਾਂ ਨੂੰ ਬੋਨਸ ਦੇਣਾ ਸ਼ੁਰੂ ਕੀਤਾ ਅਤੇ ਇਹ ਬੋਨਸ ਬੈਂਕਾਂ ਦੀ ਥਾਂ ਨਕਦ ਦਿੱਤਾ ਜਾ ਰਿਹਾ ਹੈ। ਰਮਨ ਸਿੰਘ ਦਾਅਵਾ ਕਰਦੇ ਹਨ ਕਿ ਕੁੱਲ ਮਿਲਾ ਕੇ 600 ਕਰੋੜ ਰੁਪਏ ਤੋਂ ਵੱਧ ਦਾ ਬੋਨਸ ਆਦਿਵਾਸੀਆਂ ਤੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਝੋਨੇ 'ਤੇ ਵੀ 300 ਰੁਪਏ ਕੁਇੰਟਲ ਬੋਨਸ ਦੀ ਸ਼ੁਰੂਆਤ ਹੋਈ ਹੈ।
ਸਾਲ 2014 ਵਿੱਚ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਬੋਨਸ ਦੀ ਵਿਵਸਥਾ ਖਤਮ ਕਰ ਦਿੱਤੀ ਗਈ ਸੀ, ਪਰ ਇਸ ਚੋਣ ਵਰ੍ਹੇ ਵਿੱਚ ਫਿਰ ਸ਼ੁਰੂ ਕੀਤੀ ਗਈ ਹੈ। ਪਹਿਲੀ ਨਵੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ। ਰਮਨ ਸਿੰਘ ਨੇ ਦੱਸਿਆ ਕਿ ਉਸੇ ਦਿਨ ਕਿਸਾਨਾਂ ਨੂੰ ਸ਼ਾਮ ਤੱਕ ਖਰੀਦੇ ਝੋਨੇ ਦੇ ਪੈਸੇ ਮਿਲਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਇਹ ਭਾਰਤ ਵਿੱਚ ਪਹਿਲੀ ਵਾਰ ਹੋ ਰਿਹਾ ਹੈ।
ਰਮਨ ਸਿੰਘ ਆਪ ਖੁਦ ਰਾਜਨਾਦਗਾਓਂ ਤੋਂ ਚੋਣ ਲੜ ਰਹੇ ਹਨ। ਇਥੇ ਛੇ ਸੀਟਾਂ 'ਚੋਂ ਪਿਛਲੀ ਵਾਰ ਕਾਂਗਰਸ ਨੂੰ ਚਾਰ ਮਿਲੀਆਂ ਸਨ, ਭਾਜਪਾ ਦੇ ਹਿੱਸੇ ਸਿਰਫ ਇੱਕ ਸੀਟ ਆਈ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪਹਿਲੇ ਗੇੜ ਦੀਆਂ 18 ਸੀਟਾਂ ਵਿੱਚੋਂ ਪਿਛਲੀ ਵਾਰ ਭਾਜਪਾ ਨੂੰ ਸਿਰਫ ਛੇ ਮਿਲੀਆਂ ਸਨ। ਇਸ ਵਾਰ ਕਹਾਣੀ ਪਲਟੇ ਬਿਨਾਂ ਭਾਜਪਾ ਦਾ ਕੰਮ ਨਹੀਂ ਚੱਲਣਾ। ਰਾਜਨਾਦਗਾਓਂ ਵਿੱਚ ਕਾਂਗਰਸ ਨੇ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਕਰੁਣਾ ਸ਼ੁਕਲਾ ਨੂੰ ਉਤਾਰ ਕੇ ਰਮਨ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਤੇ ਰਮਨ ਸਿੰਘ ਚਾਹ ਕੇ ਵੀ ਕਰੁਣਾ ਵਿਰੁੱਧ ਬੋਲਣ ਤੋਂ ਅਸਮਰਥ ਹਨ। ਜਦੋਂ ਉਹ ਕਰੁਣਾ ਨੂੰ ‘ਭੈਣ' ਕਹਿੰਦੇ ਹਨ ਤਾਂ ਉਹ ਪੁੱਛਦੀ ਹੈ ਕਿ ਇਹ ਰਿਸ਼ਤਾ ਚੋਣਾਂ ਵੇਲੇ ਕਿਉਂ ਚੇਤੇ ਆਉਂਦਾ ਹੈ?
ਉਂਝ ਦਿਲਚਸਪ ਤੱਥ ਹੈ ਕਿ ਰਾਜਨਾਦਗਾਓਂ ਹਿੰਦੀ ਦੇ ਬਾਗੀ ਕਵੀ ਗਜਾਨਨ ਮਾਧਵ ਮੁਕਤੀਬੋਧ ਦਾ ਕਰਮ ਖੇਤਰ ਰਿਹਾ ਹੈ। ਇਥੇ ਇੱਕ ਕਾਲਜ ਦੇ ਕੰਪਲੈਕਸ 'ਚ ਉਨ੍ਹਾਂ ਦੇ ਅਜਾਇਬਘਰ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਕਮਰੇ ਦਾ ਉਹ ਕੋਨਾ ਦੇਖਿਆ, ਜਿੱਥੇ ਬੈਠ ਕੇ ਮੁਕਤੀਬੋਧ ਕਵਿਤਾਵਾਂ ਰਚਦੇ ਸਨ। ਮੁਕਤੀਬੋਧ ਦਾ ਤਕੀਆ ਕਲਾਮ ਸੀ, ‘‘ਤੁਮਹਾਰੀ ਪਾਲੀਟਿਕਸ ਕਿਆ ਹੈ ਕਾਮਰੇਡ?” ਉਥੇ ਉਨ੍ਹਾਂ ਦੇ ਬੁੱਤ ਅੱਗੇ ਖੜ੍ਹੇ ਹੋ ਕੇ ਸੋਚਿਆ ਕਿ ਜੇ ਉਹ ਅੱਜ ਜ਼ਿੰਦਾ ਹੁੰਦੇ ਤਾਂ ਅੱਜ ਦੀ ਸਿਆਸਤ ਨੂੰ ਦੇਖ ਕੇ ਕੀ ਕਹਿੰਦੇ? ਅੱਜ ਤਾਂ ਸਿਆਸਤ ਹੀ ਸਿਆਸਤ ਹੈ।
ਖੈਰ, ਰਾਜਨਾਦਗਾਓਂ 'ਚ ਰਮਨ ਸਿੰਘ ਦੇ ਵਿਰੁੱਧ ਬੋਲਣ ਵਾਲੇ ਵਿਰਲੇ ਹੀ ਹਨ, ਪਰ ਉਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਲੋਕ ਖੁੱਲ੍ਹ ਕੇ ਬੋਲਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੈਦਲ ਚੱਲਣ ਵਾਲੇ ਨੇਤਾ ਅੱਜ ਇਨੋਵਾ ਗੱਡੀਆਂ 'ਚ ਘੁੰਮਦੇ ਹਨ, ਜਦ ਕਿ ਆਮ ਲੋਕ ਸਰਕਾਰੀ ਬਸ ਲਈ ਵੀ ਤਰਸਦੇ ਹਨ।
ਇਸ ਵਾਰ ਛੱਤੀਸਗੜ੍ਹ ਵਿੱਚ ਇੱਕ ਕਰੋੜ 85 ਲੱਖ ਵੋਟਰ ਹਨ ਤੇ ਇਨ੍ਹਾਂ 'ਚੋਂ ਲਗਭਗ 24 ਲੱਖ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ। 18 ਸਾਲ ਦੇ ਹੋ ਚੁੱਕੇ ਇਨ੍ਹਾਂ ਵੋਟਰਾਂ ਨੇ ਕਾਂਗਰਸ ਦਾ ਰਾਜ ਦੇਖਿਆ ਹੀ ਨਹੀਂ ਹੈ। ਕੁਝ ਵੋਟਰਾਂ ਨਾਲ ਗੱਲ ਹੋਈ ਤਾਂ ਉਹ ਕਹਿਣ ਲੱਗੇ ਕਿ ਕਾਂਗਰਸ ਨੂੰ ਇੱਕ ਮੌਕਾ ਦੇਣਾ ਬਣਦਾ ਹੈ। ਵਿਕਾਸ ਦੇ ਕੰਮਾਂ ਤੋਂ ਇਹ ਨੌਜਵਾਨ ਖੁਸ਼ ਦਿਖਾਈ ਦਿੰਦੇ ਹਨ। ਰੋਜ਼ਗਾਰ ਦੀ ਚਿੰਤਾ ਉਨ੍ਹਾਂ ਨੂੰ ਜ਼ਰੂਰ ਸਤਾਉਂਦੀ ਹੈ।
ਮਨ ਸਿੰਘ ਸਰਕਾਰ ਨੇ 50 ਲੱਖ ਔਰਤਾਂ ਨੂੰ ਸਮਾਰਟਫੋਨ ਵੰਡੇ ਹਨ ਤੇ ਇਨ੍ਹਾਂ ਵਿੱਚ ਪੰਜ ਲੱਖ ਵਿਦਿਆਰਥਣਾਂ ਵੀ ਸ਼ਾਮਲ ਹਨ। ਔਰਤਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਠੀਕ ਹੈ, ਪਰ ਗੈਸ ਚੁੱਲ੍ਹੇ ਦੇ 1100 ਰੁਪਏ ਦੇਣੇ ਪੈ ਰਹੇ ਹਨ, ਜੋ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।
ਕਾਂਗਰਸ ਦੇ ਬੁਲਾਰੇ ਆਰ ਪੀ ਸਿੰਘ ਅੰਕੜੇ ਦੱਸੇ ਹਨ ਕਿ ਸਿਰਫ 14 ਫੀਸਦੀ ਲੋਕ ਹੀ ਸਿਲੰਡਰ ਦੀ ਰੀਫਿਲਿੰਗ ਕਰਵਾ ਰਹੇ ਹਨ, ਜਿਨ੍ਹਾਂ ਨੂੰ ਉਜਵਲਾ ਯੋਜਨਾ ਦਾ ਗੈਸ ਕੁਨੈਕਸ਼ਨ ਮਿਲਿਆ ਹੈ। ਇਸੇ ਤਰ੍ਹਾਂ ਕਾਲਜ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਮਿਲਿਆ ਹੈ, ਪਰ ਛੇ ਮਹੀਨਿਆਂ ਪਿੱਛੋਂ ਰੀਚਾਰਜ ਪੱਲਿਓਂ ਕਰਾਉਣਾ ਪੈ ਰਿਹਾ ਹੈ। ਉਂਝ ਤਾਂ ਉਹ ਖੁਸ਼ ਹਨ, ਪਰ ਨਾਲ ਇਹ ਵੀ ਕਹਿੰਦੀਆਂ ਹਨ ਕਿ ਸਕਾਲਰਸ਼ਿਪ ਵੀ ਮਿਲ ਜਾਂਦੀ ਤਾਂ ਜ਼ਿਆਦਾ ਠੀਕ ਸੀ।
ਆਖਿਰ ਵਿੱਚ ਸਭ ਕੁਝ ਅਜੀਤ ਜੋਗੀ ਉਤੇ ਆ ਕੇ ਟਿਕ ਗਿਆ ਹੈ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ ਕਾਂਗਰਸ ਨਾਲੋਂ 0.72 ਫੀਸਦੀ ਵੋਟਾਂ ਵੱਧ ਮਿਲੀਆਂ ਸਨ (ਗਿਣਤੀ ਮੁਤਾਬਕ ਦੇਖਿਆ ਜਾਵੇ ਤਾਂ 97 ਹਜ਼ਾਰ ਵੋਟਾਂ)। ਇਸ ਵਾਰ ਵੀ ਭਾਜਪਾ ਨੂੰ ਉਮੀਦ ਹੈ ਕਿ ਅਜੀਤ ਜੋਗੀ ਤੇ ਮਾਇਆਵਤੀ ਦੋਵੇਂ ਕਾਂਗਰਸ ਨੂੰ ਹਰਵਾ ਦੇਣਗੇ, ਪਰ ਰਮਨ ਸਿੰਘ ਪੁੱਛਣ 'ਤੇ ਕਹਿਣ ਲੱਗੇ ਕਿ ਇਹ ਚੋਣ ਨਤੀਜੇ ਦੱਸਣਗੇ ਕਿ ਜੋਗੀ ਕਿਸ ਨੂੰ ਨੁਕਸਾਨ ਪਹੁੰਚਾਉਂਦੇ ਹਨ; ਕਾਂਗਰਸ ਨੂੰ ਜਾਂ ਭਾਜਪਾ ਨੂੰ।
ਕਾਂਗਰਸ ਦਾ ਕਹਿਣਾ ਹੈ ਕਿ ਅਜੀਤ ਜੋਗੀ ਕਾਰਨ ਸਵਰਨ ਲੋਕ ਅਤੇ ਸਰਕਾਰੀ ਮੁਲਾਜ਼ਮ ਕਾਗੰਰਸ ਨੂੰ ਵੋਟ ਨਹੀਂ ਦਿੰਦੇ ਸਨ, ਇਸ ਵਾਰ ਇਹ ਨਹੀਂ ਹੋਵੇਗਾ। ਦੂਸਰੇ ਪਾਸੇ ਭਾਜਪਾ ਨੂੰ ਲੱਗਦਾ ਹੈ ਕਿ ਜੋਗੀ ਬੇਸ਼ੱਕ ਕਮਜ਼ੋਰ ਹੋਏ ਹੋਣ, ਪਰ ਮਾਇਆਵਤੀ ਆਪਣੀਆਂ ਵੋਟਾਂ ਉਨ੍ਹਾਂ ਨੂੰ ‘ਟਰਾਂਸਫਰ’ ਕਰਨ ਵਿੱਚ ਕਾਮਯਾਬ ਹੋਵੇਗੀ ਤੇ ਚਾਰ-ਪੰਜ ਸੀਟਾਂ 'ਤੇ ਕਾਂਗਰਸ ਨੂੰ ਹਰਵਾ ਦੇਵੇਗੀ, ਬੱਸ ਇਹੋ ਤਾਂ ਭਾਜਪਾ ਚਾਹੁੰਦੀ ਵੀ ਹੈ।

 

 
Have something to say? Post your comment