ਟੋਰਾਂਟੋ, 3 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਵਿੱਚ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਅੱਜ ਇਸ ਸਬੰਧ ਵਿੱਚ ਡਾਟਾ ਜਾਰੀ ਕੀਤਾ ਗਿਆ ਕਿ ਵੱਖ ਵੱਖ ਹਾਲਾਤ ਵਿੱਚ ਕੋਵਿਡ-19 ਨਾਲ ਕਿੰਨੇ ਲੋਕ ਮਰ ਸਕਦੇ ਹਨ।
ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਨੂੰ ਸੁਣਨਾ ਵੀ ਰੋਂਗਟੇ ਖੜ੍ਹੇ ਕਰ ਦਿੰਦਾ ਹੈ ਤੇ ਕੁਝ ਓਨਟਾਰੀਓ ਵਾਸੀਆਂ ਲਈ ਤਾਂ ਇਹ ਹਾਲੇ ਵੀ ਡੂੰਘੀ ਨੀਂਦ ਵਿੱਚੋਂ ਜਾਗਣ ਦਾ ਸੱਦਾ ਹੈ। ਪਰ ਉਨ੍ਹਾਂ ਆਖਿਆ ਕਿ ਆਪਣੀ ਸਿਹਤ ਨੂੰ ਮੱੁਖ ਰੱਖਦਿਆਂ ਲੋਕਾਂ ਨੂੰ ਵੀ ਆਪਣੇ ਫੈਸਲੇ ਉਨ੍ਹਾਂ ਵਾਂਗ ਖੁਦ ਕਰਨ ਦਾ ਤੇ ਇਸ ਜਾਣਕਾਰੀ ਤੱਕ ਪਹੁੰਚ ਕਰਨ ਦਾ ਪੂਰਾ ਹੱਕ ਹੈ।
ਫੋਰਡ ਨੇ ਹਾਲਾਤ ਨੂੰ ਬੇਹੱਦ ਖਰਾਬ ਦੱਸਿਆ ਤੇ ਉਨ੍ਹਾਂ ਹਰ ਕਿਸੇ ਨੂੰ ਜਿੰਨੀ ਸੰਭਵ ਹੋ ਸਕੇ ਇੱਕ ਦੂਜੇ ਤੋਂ ਦੂਰੀ ਮੇਨਟੇਨ ਕਰਨ ਲਈ ਆਖਿਆ। ਮੈਡੀਕਲ ਮਾਹਿਰਾਂ ਵੱਲੋਂ ਬ੍ਰੀਫਿੰਗ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਨਵਾਂ ਡਾਟਾ ਹੋਵੇਗਾ ਪਰ ਕੁਝ ਕੁ ਵੇਰਵੇ ਫੌਰੀ ਉਪਲਬਧ ਹਨ। ਪ੍ਰੋਵਿੰਸ ਪੱਧਰ ਉਤੇ ਕੱਲ੍ਹ ਤੱਕ ਕੋਵਿਡ-19 ਦੇ 2800 ਮਾਮਲੇ ਸਨ, ਇਨ੍ਹਾਂ ਵਿਚੋਂ 53 ਲੋਕ ਮਾਰੇ ਜਾ ਚੁਕੇ ਹਨ ਤੇ 831 ਠੀਕ ਹੋ ਚੁਕੇ ਹਨ।