ਪੇਈਚਿੰਗ , 1 ਅਪ੍ਰੈਲ (ਪੋਸਟ ਬਿਊਰੋ)- ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੇ ਜੰਗਲ 'ਚ ਅੱਗ ਲੱਗਣ ਨਾਲ ਫਾਇਰ ਬ੍ਰਿਗੇਡ ਦੇ 18 ਮੁਲਾਜ਼ਮਾਂ ਸਮੇਤ ਕੁੱਲ 19 ਜਣਿਆਂ ਦੀ ਮੌਤ ਹੋ ਗਈ।
ਸਰਕਾਰੀ ਖ਼ਬਰ ਏਜੰਸੀ ਸ਼ਿਨਹੁਆ ਨੇ ਕੱਲ੍ਹ ਦੱਸਿਆ ਕਿ ਇੱਕ ਸਥਾਨਕ ਖੇਤ 'ਚ ਅਚਾਨਕ ਅੱਗ ਲੱਗ ਗਈ ਜੋ ਤੇਜ਼ ਹਵਾਵਾਂ ਕਾਰਨ ਨੇੜਲੇ ਪਹਾੜਾਂ ਤੱਕ ਫੈਲ ਗਈ। ਮਾਰੇ ਗਏ ਲੋਕਾਂ 'ਚ ਫਾਇਰ ਬ੍ਰਿਗੇਡ ਦੇ 18 ਕਰਮਚਾਰੀਆਂ ਤੋਂ ਇਲਾਵਾ ਇੱਕ ਸਥਾਨਕ ਖੇਤ ਮਜ਼ਦੂਰ ਵੀ ਸ਼ਾਮਲ ਸੀ, ਜੋ ਅੱਗ ਬੁਝਾਉਣ ਵਿੱਚ ਮਦਦ ਕਰ ਰਿਹਾ ਸੀ। ਹਵਾ ਦਾ ਰੁਖ ਅਚਾਨਕ ਬਦਲਣ ਕਾਰਨ ਲੋਕ ਅੱਗ ਵਿਚਾਲੇ ਫਸ ਗਏ। ਆਮ ਲੋਕਾਂ ਨੂੰ ਉਥੋਂ ਕੱਢਣ ਦਾ ਕੰਮ ਜਾਰੀ ਹੈ ਤੇ 300 ਤੋਂ ਵੱਧ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਤੇ 700 ਫੌਜੀਆਂ ਨੂੰ ਮਦਦ ਲਈ ਭੇਜਿਆ ਗਿਆ ਹੈ।
ਨਾਨਜਿੰਗ ਕਾਉੂਟੀ ਦੀ ਸਰਕਾਰ ਅਨੁਸਾਰ ਇਸ ਅੱਗ 'ਤੇ ਰਾਤ 11.34 ਵਜੇ ਕਾਬੂ ਪਾ ਲਿਆ ਗਿਆ। ਅੱਗ 90 ਹੈਕਟੇਅਰ ਤੋਂ ਵੱਧ ਰਕਬੇ 'ਚ ਫੈਲ ਗਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।