Welcome to Canadian Punjabi Post
Follow us on

27

May 2020
ਮਨੋਰੰਜਨ

ਕਣਕ ਦੀ ਰੋਟੀ

April 01, 2020 09:19 AM

-ਸੰਤੋਖ ਸਿੰਘ ਭਾਣਾ
ਕਣਕ ਨੂੰ ਵਾਢੀ ਪੈ ਗਈ ਸੀ। ਮੇਰੀ ਬੀਬੀ ਜੀ ਇੱਕ ਦਿਨ ਬਾਬੇ ਪਿਆਰੇ ਦੇ ਘਰ ਜਾ ਕੇ ਦਾਦੀ ਜੀ ਨਾਲ ਇਹ ਗੱਲ ਪੱਕੀ ਕਰ ਆਈ, ‘‘ਸੰਤੋਖਾ ਦਸਵੀਂ ਕਰ ਕੇ ਵਿਹਲਾ ਹੀ ਏ, ਤੁਸੀਂ ਅਵਤਾਰ ਤੇ ਮਿੰਦਰ ਨੂੰ ਕਹਿਣਾ ਕਿ ਉਹ ਇਸ ਨੂੰ ਵੀ ਹਾੜ੍ਹੀ ਵੱਢਣ ਲਈ ਨਾਲ ਲੈ ਜਾਇਆ ਕਰਨ। ਕਿਸੇ ਨੂੰ ਇਹ ਥੋੜ੍ਹਾ ਪਤਾ ਲੱਗਣੈ ਕਿ ਇਹ ਦਿਹਾੜੀਆਂ ਕਰਦੈ। ਲੋਕ ਤਾਂ ਇਹੀ ਸਮਝਣਗੇ ਕਿ ਆਪਣੇ ਚਾਚਿਆਂ ਨਾਲ ਕੰਮ ਕਰਵਾਉਂਦੈ। ਤੁਸੀਂ ਸਾਨੂੰ ਚਾਰ ਬੋਰੀਆਂ ਕਣਕ ਦੀਆਂ ਦੇ ਦੇਣੀਆਂ। ਪੈਸੇ ਘਰ ਆਏ ਤਾਂ ਖੂੰਜੇ-ਖੁਰਲੀ ਵੜ ਜਾਣਗੇ। ਇਸ ਦਾ ਭਾਊ (ਪਿਤਾ) ਤੈਨੂੰ ਪਤਾ ਹੀ ਹੈ ਕਿ ਪਿਛਲੇ ਦੋ ਸਾਲਾਂ ਤੋਂ ਮੰਜੇ 'ਤੇ ਪਿਐ। ਜ਼ਮੀਨ ਦੇ ਜਿਹੜੇ ਤਿੰਨ ਕਿੱਲੇ ਠੇਕੇ 'ਤੇ ਦਿੰਦੇ ਹਾਂ, ਉਹ ਕੁਝ ਪੱਲੇ ਨਹੀਂ ਪਾਉਂਦੇ।”
ਭਾਊ ਜੀ ਪਿਛਲੇ ਦੋ ਸਾਲਾਂ ਤੋਂ ਰੀਂਗਣ ਵਾਅ ਦੀ ਤਕਲੀਫ ਕਾਰਨ ਮੰਜੇ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਤਾਂ ਮੈਨੂੰ ਅੱਠਵੀਂ ਪਾਸ ਕਰਨ ਤੋਂ ਬਾਅਦ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਸੀ। ਤਿੰਨ ਕੁ ਕਿੱਲੇ ਜ਼ਮੀਨ ਹਿੱਸੇ ਠੇਕੇ 'ਤੇ ਦਿੱਤੀ ਹੋਈ ਸੀ। ਪਾਕਿਸਤਾਨ ਤੋਂ ਇਧਰ ਇੰਨੀ ਕੁ ਜ਼ਮੀਨ ਹੀ ਅਲਾਟ ਹੋਈ ਸੀ। ਇਸ ਨਾਲ ਪਰਵਾਰ ਦਾ ਗੁਜ਼ਾਰਾ ਔਖਾ ਸੀ। ਸਾਰੇ ਭੈਣਾਂ-ਭਰਾਵਾਂ ਤੋਂ ਵੱਡਾ ਹੋਣ ਕਰ ਕੇ ਘਰ ਦਾ ਤੋਰਾ-ਤੋਰਨ ਦੀ ਜ਼ਿੰਮੇਵਾਰੀ ਮੇਰੀ ਬਣਦੀ ਸੀ। ਦਾਦੀ ਜੀ ਅਤੇ ਤਾਇਆ ਜੀ ਦੀ ਹਿੰਮਤ ਨਾਲ ਮੈਂ ਦਸਵੀਂ ਪਾਸ ਕਰ ਲਈ।
ਸਾਡੇ ਸਕਿਆਂ 'ਚੋਂ ਬਾਹਰਲੇ ਘਰ ਵਾਲੇ ਬਾਬੇ ਪਿਆਰੇ ਕਿਆਂ ਦੀ ਸਾਨੂੰ ਪੂਰੀ ਇਮਦਾਦ ਸੀ। ਵੇਲੇ-ਕੁਵੇਲੇ ਕਈ ਜ਼ਰੂਰਤ ਦੀਆਂ ਚੀਜ਼ਾਂ ਮੈਂ ਓਧਰੋਂ ਲੈ ਕੇ ਆਉਂਦਾ ਸੀ। ਉਨ੍ਹਾਂ ਦੀ ਜ਼ਮੀਨ-ਜਾਇਦਾਦ ਚੰਗੀ ਸੀ।
ਸਵੇਰੇ ਸੁਵੱਖਤੇ ਉਠ ਕੇ ਪਹਿਲਾਂ ਮੈਂ ਨਿਆਈਂ 'ਚੋਂ ਆਪਣੀ ਮੱਝ ਲਈ ਪੱਠੇ ਵੱਢ ਕੇ ਲਿਆਉਂਦਾ, ਟੋਕਾ ਕਰ ਕੇ ਅਤੇ ਫਿਰ ਹਾੜ੍ਹੀ ਵੱਢਣ ਚਲਾ ਜਾਂਦਾ। ਅਲੂੰਏਂ ਜਿਹੇ ਕਮਜ਼ੋਰ ਸਰੀਰ ਲਈ ਵਾਢੀਆਂ ਦਾ ਸਖਤ ਕੰਮ ਕਰਨਾ ਸੀ ਤਾਂ ਔਖਾ, ਪਰ ਮਜਬੂਰੀ ਸੀ। ਸਵੇਰ ਤੋਂ ਸ਼ਾਮ ਤੱਕ ਕਣਕ ਵੱਢਣੀ, ਕਣਕ ਦੀਆਂ ਭਰੀਆਂ ਚੁੱਕ ਕੇ ਇੱਕ ਥਾਂ ਮੰਡਲੀਆਂ ਲਾਉਣੀਆਂ ਅਤੇ ਫਿਰ ਖੇਤ ਵਿੱਚੋਂ ਮੋਟੇ-ਮੋਟੇ ਮਿੱਟੀ ਦੇ ਡਲੇ ਪੁੱਟ ਕੇ ਮੰਡਲੀਆਂ 'ਤੇ ਰੱਖਣੇ ਤਾਂ ਜੋ ਤੇਜ਼ ਮੀਂਹ ਹਨੇਰੀ ਨਾਲ ਮੰਡਲੀਆਂ ਖਿਲਰ ਨਾ ਜਾਣ। ਢੱਡੀ ਵਾਲੇ ਪਾਸੇ ਦੀ ਕਣਕ ਵੱਢ ਲਈ ਗਈ ਤਾਂ ਗੱਡਿਆਂ ਉੱਤੇ ਲੱਦ ਕੇ ਪਿੰਡ ਦੇ ਨੇੜੇ ਪਿੜਾਂ ਵਿੱਚ ਸੁੱਟਣੀ ਸ਼ੁਰੂ ਕਰ ਦਿੱਤੀ। ਸਾਰਾ ਲਾਂਘਾ ਪਿੜ ਵਿੱਚ ਗੋਲ ਘੋਰੇ ਵਿੱਚ ਖਿਲਾਰ ਕੇ ਫਲ੍ਹੇ ਪਾ ਲਏ। ਪੂਰੀ ਤਰ੍ਹਾਂ ਗਾਹ ਕੇ ਤਰੰਗਲੀਆਂ ਨਾਲ ਹਵਾ 'ਚ ਉਛਾਲ ਕੇ ਤੂੜੀ ਦਾ ਵੱਖਰਾ ਢੇਰ ਲਾ ਲਿਆ ਗਿਆ। ਦੁਪਹਿਰ ਤੋਂ ਬਾਅਦ ਜਦੋਂ ਹਵਾ ਰੁਕ ਗਈ ਤਾਂ ਚਾਚਾ ਅਵਤਾਰ ਸਿੰਘ ਤੇ ਮਿੰਦਰ ਨੇ ਛਜਲੀਆਂ ਨਾਲ ਕਣਕ ਦਾ ਬੋਹਲ ਲਾਉਣਾ ਸ਼ੁਰੂ ਕਰ ਦਿੱਤਾ।
ਮੈਂ ਉਨ੍ਹਾਂ ਦੇ ਸੀਰੀਆਂ ਨਾਲ ਰਲ ਕੇ ਤੂੜੀ ਢੋਣ ਲੱਗ ਪਿਆ। ਚਾਚੇ ਅਵਤਾਰ ਨੂੰ ਪੁੱਛ ਕੇ ਮੈਂ ਕੁਝ ਪੰਡਾਂ ਆਪਣੀ ਮੱਝ ਲਈ ਘਰ ਸੁੱਟਣ ਚਲਾ ਗਿਆ। ਥੋੜ੍ਹੀ ਚਿਰ ਚਾਹ ਲੈਣ ਲਈ ਬੀਬੀ ਜੀ ਕੋਲ ਬੈਠਿਆ ਤਾਂ ਉਹ ਮੇਰੇ ਨੇੜੇ ਹੋ ਗਈ, ‘‘ਪੁੱਤਰ, ਕਣਕ ਕਦੋਂ ਢੋਣੀ ਐ...?”
‘‘ਕੱਲ੍ਹ ਨੂੰ ਸਵੇਰੇ ਮੂੰਹ ਹਨ੍ਹੇਰੇ... ਅੱਜ ਤਾਂ ਤੂੜੀ ਦਾ ਕੰਮ ਈ ਮਸਾਂ ਨਿਬੜੂ...।”
‘‘ਆਪਣੇ ਚਾਚੇ ਨੂੰ ਪੁੱਛ ਕੇ ਵੀਹ-ਪੰਝੀ ਸੇਰ ਪੀਹਣ ਜੋਗੀ ਕਣਕ ਤਾਂ ਘਰੇ ਸੁੱਟ ਜੀਂ।”
‘‘ਪੁੱਛ ਲਊਂਗਾ...'' ਕਹਿ ਕੇ ਮੈਂ ਪਿੜਾਂ ਵੱਲ ਨੂੰ ਤੁਰ ਪਿਆ।”
ਜਿਹੜੇ ਬਸਤੀ ਵਾਲੇ ਅਰਜਨ ਅਮਲੀ ਕਿਆਂ ਨੂੰ ਅਸੀਂ ਜ਼ਮੀਨ ਹਿੱਸੇ 'ਤੇ ਦਿੱਤੀ ਹੋਈ ਸੀ, ਉਹ ਪਿਛਲੇ ਦੋ ਸਾਲਾਂ ਤੋਂ ਬਾਜਰਾ ਬੀਜ ਰਹੇ ਸੀ ਤੇ ਸਾਡੇ ਹਿੱਸੇ ਆਉਂਦਾ ਤਿੰਨ ਚਾਰ ਮਣ ਬਾਜਰਾ ਸਾਨੂੰ ਦੇ ਛਡਦੇ ਸਨ। ਕਣਕ ਦੇ ਆਟੇ ਤੋਂ ਬਿਨਾਂ ਨਿਰੇ ਬਾਜਰੇ ਦੀਆਂ ਰੋਟੀਆਂ ਸਾਡੀ ਬੀਬੀ ਪਤਾ ਨਹੀਂ ਕਿਵੇਂ ਥੱਪ ਲੈਂਦੀ ਸੀ। ਬਾਜਰੇ ਦੀਆਂ ਸਖਤ ਅਤੇ ਖੁਸ਼ਕ ਰੋਟੀਆਂ ਖਾ-ਖਾ ਕੇ ਮਨ ਅੱਕਿਆ ਪਿਆ ਸੀ।
ਇਸ ਤੋਂ ਇਲਾਵਾ ਗੱਲ ਇਹ ਵੀ ਸੀ ਕਿ ਪਿੰਡ ਢੁੱਡੀ ਦੇ ਸਕੂਲ 'ਚ ਪੜ੍ਹਨ ਲਈ ਪੈਦਲ ਜਾਣਾ ਪੈਂਦਾ ਸੀ। ਮਿਰਚਾਂ ਦੀ ਚਟਣੀ ਰੱਖ ਕੇ ਪੋਣੇ 'ਚ ਬੰਨ੍ਹੀਆਂ ਬਾਜਰੇ ਦੀਆਂ ਰੋਟੀਆਂ, ਝੋਲੇ ਅਤੇ ਕਿਤਾਬਾਂ ਦੇ ਵਿਚਕਾਰ ਪੀਸ ਕੇ ਚੂਰ-ਭੂਰ ਹੋ ਜਾਂਦੀਆਂ। ਅੱਧੀ ਛੁੱਟੀ ਵੇਲੇ ਸਕੂਲ ਦੀ ਹਲਟੀ ਦੁਆਲੇ ਬਹਿ ਕੇ ਸਾਰੇ ਜਣੇ ਰੋਟੀਆਂ ਖਾਂਦੇ ਸਨ। ਮੈਂ ਸਾਰਿਆਂ ਤੋਂ ਵੱਖਰਾ ਹੋ ਕੇ, ਓਹਲੇ 'ਚ ਬਹਿ ਕੇ ਇਸ ਚੂਰ-ਭੂਰ ਦੇ ਫੱਕੇ ਮਾਰ ਲੈਂਦਾ ਅਤੇ ਹਲਟੀ ਤੋਂ ਬੁੱਕਾਂ ਨਾਲ ਪਾਣੀ ਪੀ ਕੇ ਤਸੱਲੀ ਕਰ ਲੈਂਦਾ। ਇੱਕ ਦਿਨ ਸਾਡੀ ਕਲਾਸ ਇੰਚਾਰਜ ਬਲਵੀਰ ਕੌਰ ਭੈਣ ਜੀ ਟਹਿਲਦੇ-ਟਹਿਲਦੇ ਮੇਰੇ ਨਾਲ ਖਹਿ ਕੇ ਬਹਿ ਗਏ। ਮੈਂ ਆਪਣਾ ਚੂਰ-ਭੂਰ ਵਾਲਾ ਪੌਣਾ ਲੁਕਾਉਣ ਲਈ ਟੇਢਾ ਜਿਹਾ ਹੋ ਕੇ ਬਹਿ ਗਿਆ। ਭੈਣ ਜੀ ਹੋਰ ਮੇਰੇ ਨਾਲ ਲੱਗ ਗਏ :
‘‘ਸੰਤੋਖਿਆ, ਵਿਖਾ ਤਾਂ ਸਹੀ, ਕਾਹਦੇ ਨਾਲ ਰੋਟੀ ਖਾ ਰਿਹੈਂ...?”
‘‘ਨਹੀਂ.. ਭੈਣ ਜੀ... ਨਹੀਂ...।” ਮੇਰੇ ਨਾਂਹ-ਨਾਂਹ ਕਰਦਿਆਂ ਉਨ੍ਹਾਂ ਨੇ ਮੇਰੇ ਹੱਥੋਂ ਪੋਣਾ ਖੋਹ ਕੇ ਉਸ ਚੂਰ-ਭੂਰ ਦਾ ਫੱਕਾ ਮਾਰ ਲਿਆ।
‘‘ਇਹ ਤਾਂ ਸੁਆਦ ਈ ਬੜਾ ਏ।” ਕਹਿ ਕੇ ਭੈਣ ਜੀ ਤੁਰ ਗਏ, ਪਰ ਮੈਨੂੰ ਸ਼ਰਮਿੰਦਗੀ ਬੜੀ ਹੋਈ। ਇਸ ਲਈ ਦਿਨ-ਰਾਤ ਦੀ ਸਖਤ ਮਿਹਨਤ ਨਾਲ ਭਾਵੇਂ ਮੇਰਾ ਸਰੀਰ ਥੱਕ ਕੇ ਦਰਦਾਂ ਨਾਲ ਭਰਿਆ ਪਿਆ ਸੀ, ਪਰ ਇਸ ਉਮੀਦ ਨੇ ਕਿ ਅਸੀਂ ਵੀ ਕਣਕ ਦੀ ਰੋਟੀ ਖਾਵਾਂਗੇ, ਮੇਰੇ ਅੰਦਰ ਨਵੀਂ ਤਰੰਗ ਭਰੀ ਰੱਖੀ ਤੇ ਮੈਂ ਬਿਨਾਂ ਕਿਸੇ ਸ਼ਿਕਵੇ-ਸ਼ਿਕਾਇਤ ਦੇ ਬਾਬੇ ਪਿਆਰੇ ਦੇ ਘਰ ਦਾ ਦਿਹਾੜੀ-ਧੱਪੇ ਦਾ ਕੰਮ ਜੀਅ-ਜਾਨ ਨਾਲ ਕਰਦਾ ਰਿਹਾ। ਇਸ ਮਿਹਨਤ ਸਦਕਾ ਮੈਨੂੰ ਭਾਵੇਂ ਨਕਦ ਪੈਸੇ ਨਹੀਂ ਸਨ ਮਿਲਣੇ, ਪਰ ਕਣਕ ਮਿਲਣ ਦਾ ਚਾਅ ਅਤੇ ਕਣਕ ਦੀਆਂ ਰੋਟੀਆਂ ਖਾਣ ਦੀ ਖੁਸ਼ੀ ਮੈਨੂੰ ਉਡਾਈ ਫਿਰਦੀ ਸੀ। ਰਾਤੀਂ ਸੁੱਤਿਆਂ ਮੈਨੂੰ ਤਾਂ ਪਤਾ ਵੀ ਨਾ ਲੱਗਿਆ। ਥਕੇਵਾਂ ਇੰਨਾ ਸੀ ਕਿ ਸੂਰਤ ਹੀ ਨਹੀਂ ਸੀ। ਗੂੜ੍ਹੀ ਨੀਂਦ। ਰਾਤ ਅੱਧੀਓਂ ਵੱਧ ਲੰਘ ਗਈ ਸੀ। ਬੀਬੀ ਜੀ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਮੈਨੂੰ ਹਲੂਣ ਰਹੀ ਸੀ, ‘‘ਵੇ ਸੰਤੋਖ... ਸੰਤੋਖ ਵੇ... ਵੇ... ਵੇ... ਉਠ ਕੇ ਵੇਖ ਤਾਂ ਸਹੀ...।”
ਮੈਂ ਉਬੜਵਾਹੇ ਅੱਖਾਂ ਮਲਦਾ ਉਠਿਆ। ਤੇਜ਼ ਤੂਫਾਨ, ਬੱਦਲਾਂ ਦੀ ਖਤਰਨਾਕ ਗੜਗੜਾਹਟ। ਲੱਗਦਾ ਸੀ ਜਿਵੇਂ ਕੰਧਾਂ-ਕੋਠੇ ਪਾਟ ਜਾਣਗੇ। ਬੂਹਿਓਂ ਬਾਹਰ ਮੂੰਹ ਨਹੀਂ ਸੀ ਕੱਢਿਆ ਜਾਂਦਾ। ਪਿੜਾਂ 'ਚ ਪਏ ਤੂੜੀ ਦੇ ਢੇਰਾਂ ਦੇ ਢੇਰ, ਸ਼ੂਕਦੇ ਤੂਫਾਨ ਨਾਲ ਉਡ ਕੇ ਅਸਮਾਨ 'ਚ ਖਿੱਲਰ ਗਏ ਸਨ। ਉਡ ਉਡ ਕੇ ਆਈ ਤੂੜੀ ਨਾਲ ਵਿਹੜਾ ਭਰਦਾ ਜਾਂਦਾ ਸੀ।
ਵੇਖਦੇ ਵੇਖਦੇ ਗੜਿਆਂ ਦੀ ਤੇਜ਼ ਬੁਛਾੜ ਹੋਈ ਤੇ ਫਿਰ ਬੱਦਲਾਂ ਦੀ ਖਤਰਨਾਕ ਗੜਗੜਾਹਟ ਨਾਲ ਤੂਫਾਨੀ ਮੀਂਹ ਸ਼ੁਰੂ ਹੋ ਗਿਆ। ਮੀਂਹ ਤਾਂ ਰੁਕਣ ਦਾ ਨਾਂਅ ਹੀ ਨਹੀਂ ਸੀ ਲੈ ਰਿਹਾ।
ਕਣਕ ਦਾ ਕੀ ਬਣੂ...? ਬੀਬੀ ਜੀ ਬੈਠੀ ਬੈਠੀ ਬੁੜਬੁੜਾਈ। ਉਹਦਾ ਗੱਚ ਭਰ ਆਇਆ ਸੀ।
‘‘ਵਾਹਿਗੁਰੂ-ਵਾਹਿਗੁਰੂ ਕਰ ਹਰਬੰਸ ਕੁਰੇ... ਉਹਦੇ ਅੱਗੇ ਕੀਹਦਾ ਜ਼ੋਰ ਐ...?” ਲੱਤਾਂ 'ਚੋਂ ਨਿਕਲੀਆਂ ਚੀਸਾਂ ਨੂੰ ਆਪਣੇ ਹੱਥਾਂ ਨਾਲ ਪੋਲਾ ਪੋਲਾ ਘੁਟਦੇ ਭਾਉ ਜੀ ਕਹਿ ਰਹੇ ਸਨ। ਮੇਰੇ ਛੋਟੇ ਭੈਣ-ਭਰਾ ਡੌਰ-ਭੌਰ ਹੋਏ ਬੈਠੇ ਸਨ ਸਹਿਮੇ-ਸਹਿਮੇ। ਮੇਰੇ ਅੰਗ-ਅੰਗ 'ਚ ਥਕੇਵੇਂ ਦੀਆਂ ਚੀਸਾਂ ਨਿਕਲ ਰਹੀਆਂ ਸਨ। ਪਹੁ ਫੁਟਦੇ ਨੂੰ ਮੈਂ ਕਾਹਲੀ ਕਾਹਲੀ ਪਿੜਾਂ ਵੱਲ ਨੂੰ ਹੋ ਤੁਰਿਆ। ਸਾਰਾ ਗੁੱਭ-ਗੁਲ੍ਹਾਟ ਕੱਢ ਕੇ ਅਸਮਾਨ ਸਾਫ ਸੀ। ਬੀਬੀ ਜੀ ਮੇਰੇ ਮਗਰੇ ਹੋ ਤੁਰੀ। ਪਿੜਾਂ ਦਾ ਹਾਲ ਵੇਖ ਕੇ ਮੈਨੂੰ ਗਸ਼ੀਆਂ ਪੈਣ ਨੂੰ ਹੋ ਗਈਆਂ। ਮੇਰਾ ਦਿਮਾਗ ਸੁੰਨ ਹੋ ਗਿਆ।
ਜਿਹੜੀ ਥਾਂ ਉੱਤੇ ਕਣਕ ਦਾ ਬੋਹਲ ਲੱਗਿਆ ਹੋਇਆ ਸੀ, ਉਹਦੇ ਨਾਲ ਲੰਘਦਾ ਕੱਚਾ ਖਾਲ, ਮਸਾਂ ਦੋ ਕੁ ਕਿੱਲਿਆਂ ਦੀ ਵਿੱਥ 'ਤੇ ਛੱਪੜ 'ਚ ਪੈਂਦਾ ਸੀ। ਇਸ ਖਾਲ ਰਾਹੀਂ ਛੱਪੜ ਨੂੰ ਵਾਰੀ ਦਾ ਨਹਿਰੀ ਪਾਣੀ ਪਾਇਆ ਜਾਂਦਾ ਸੀ।
ਤੇਜ਼ ਮੀਂਹ ਤੇ ਝੱਖੜ ਨਾਲ ਸਾਰੇ ਦਾ ਸਾਰਾ ਬੋਹਲ ਰੁੜ੍ਹ ਕੇ ਖਾਲ ਰਾਹੀਂ ਛੱਪੜ 'ਚ ਜਾ ਵੜਿਆ ਸੀ। ਖਾਲ 'ਚ ਥਾਂ-ਥਾਂ ਅਟਕੀ ਹੋਈ ਕਣਕ ਬੱਕਲੀਆਂ ਬਣੀ ਪਈ ਸੀ। ਰੁੜ੍ਹੀ ਜਾਂਦੀ ਕਣਕ ਨੂੰ ਪੋਲੇ ਪੋਲਾ ਟੋਂਹਦੀ ਬੀਬੀ ਜੀ ਦੇ ਗਲੇ 'ਚ ਭਰਿਆ ਗੱਚ ਹਉਕਾ ਬਣ ਕੇ ਨਿਕਲ ਗਿਆ। ਅੱਖਾਂ 'ਚੋਂ ਹੰਝੂਆਂ ਦੀਆਂ ਘਰਾਲਾਂ ਵਹਿ ਤੁਰੀਆਂ।

Have something to say? Post your comment