ਮੈਡ੍ਰਿਡ, 28 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਜਾਂਚ ਦੇ ਪਿਛਲੇ ਦਿਨੀਂ ਵਿਕਸਤ ਦੋ ਢੰਗਾਂ ਤੋਂ ਜਿੱਥੇ ਕੁਝ ਸਿਆਸੀ ਆਗੂ ਉਤਸ਼ਾਹਿਤ ਹਨ, ਉਥੇ ਵਿਗਿਆਨਕਾਂ ਨੇ ਇਨ੍ਹਾਂ ਜਾਂਚ ਨਤੀਜਿਆਂ ਦੀ ਭਰੋਸੇ ਯੋਗਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਵਿੱਚ ਇੱਕ ਜਾਂਚ ਸੰਭਾਵਿਤ ਮਰੀਜ਼ ਦੀ ਨੱਕ ਤੋਂ ਲਏ ਗਏ ਤਰਲ ਨਮੂਨਿਆਂ ਅਤੇ ਦੂਜੀ ਜਾਂਚ ਸੂਈ ਦੀ ਨੋਕ ਉੱਤੇ ਲਏ ਗਏ ਖ਼ੂਨ ਦੇ ਨਮੂਨੇ 'ਤੇ ਆਧਾਰਤ ਹੈ।
ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਸਪੇਨ ਵਿੱਚ ਸਾਧਨਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਪਿਛਲੇ ਦਿਨੀਂ ਵਿਕਸਿਤ ਕੀਤੇ ਗਏ ਅਤੇ ਨੱਕ-ਗਲੇ ਤੋਂ ਲਏ ਗਏ ਤਰਲ ਨਮੂਨੇ ਅਤੇ ਸੂਈ ਦੀ ਨੋਕ 'ਤੇ ਲਏ ਗਏ ਖ਼ੁੂਨ ਦੇ ਨਮੂਨਿਆਂ ਤੋਂ ਤੁਰੰਤ ਜਾਂਚ ਨੇ ਵੱਡੀ ਆਸਬੰਨ੍ਹਾਈ ਸੀ। ਇਹ ਜਾਂਚ ਕਿੱਟਾ ਵੀ ਲੋੜੀਂਦੀ ਮਾਤਰਾ ਵਿੱਚ ਮੌਜੂਦ ਨਹੀਂ ਤੇ ਇਨ੍ਹਾਂ ਵਿੱਚੋਂ ਵੀ ਕਈ ਭਰੋਸੇਯੋਗ ਨਹੀਂ ਹਨ।ਸਪੇਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਬਾਜ਼ਾਰ ਵਿੱਚ ਹਫੜਾ-ਤਫੜੀ ਮਚੀ ਹੈ। ਉਨ੍ਹਾਂ ਨੇ ਦੇਸ਼ ਵਿੱਚ ਫੇਸ ਮਾਸਕ, ਸੁਰੱਖਿਆ ਯੰਤਰ ਤੇ ਤੁਰੰਤ ਜਾਂਚ ਦੀ ਕਿੱਟ ਨਾ ਮਿਲਣ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਕਟ ਦੇ ਸਮੇਂ ਹਰ ਕਿਸੇ ਨੂੰ ਇਨ੍ਹਾਂ ਦੀ ਲੋੜ ਹੈ ਅਤੇ ਸਾਰੇ ਚੰਗੀ ਗੁਣਵੱਤਾ ਵੀ ਚਾਹੁੰਦੇ ਹਨ। ਦੇਸ਼ ਵਿੱਚ ਇਸ ਸਮੇਂ ਮੌਜੂਦ ਤੁਰੰਤ ਜਾਂਚ ਵਾਲੇ ਐਂਟੀਜੈਨ ਟੈਸਟ ਕਿੱਟਾਂ ਵਿੱਚੋਂ ਸਾਰੇ ਚੰਗੀ ਗੁਣਵੱਤਾ ਵਾਲੇ ਨਹੀਂ। ਸਪੇਨ ਸਰਕਾਰ ਨੇ ਇੱਕ ਕੰਪਨੀ ਨੂੰ ਨੌ ਹਜ਼ਾਰ ਕਿੱਟਾਂ ਵਾਪਸ ਕੀਤੀਆਂ ਹਨ ਜਿਨ੍ਹਾਂ ਦੇ ਨਤੀਜੇ ਭਰੋਸੇਯੋਗ ਨਹੀਂ ਸਨ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਤੁਰੰਤ ਜਾਂਚ ਕਿੱਟ ਨੂੰ ਗੇਮ ਚੇਂਜਰ ਦੱਸਦੇ ਹੋਏ 34 ਲੱਖ ਕਿੱਟਾਂ ਦਾ ਆਰਡਰ ਦੇ ਦਿੱਤਾ ਹੈ। ਉਨ੍ਹਾਂ ਦੇ ਕਹਿਣ ਅਨੁਸਾਰ ਤੁਰੰਤ ਜਾਂਚ ਦੇ ਇਨ੍ਹਾਂ ਟੈਸਟਾਂ ਨਾਲ ਫੌਰਨ ਪਤਾ ਚੱਲ ਜਾਏਗਾ ਕਿ ਕੌਣ ਇਸ ਵਾਇਰਸ ਦੀ ਲਪੇਟ ਵਿੱਚ ਹੈ ਤੇ ਕੌਣ ਠੀਕ ਹੋ ਕੇ ਕੰਮ ਉੱਤੇ ਪਰਤ ਸਕਦਾ ਹੈ। ਇਨ੍ਹਾਂ ਆਸਾਨ ਟੈਸਟਾਂ ਤੋਂ ਸਿਹਤ ਵਿਭਾਗ ਦੇ ਉਹ ਕਰਮਚਾਰੀ ਜਲਦੀ ਕੰਮ 'ਤੇ ਪਰਤ ਸਕਣਗੇ ਜਿਨ੍ਹਾਂ ਨੇ ਬਿਮਾਰੀ ਦੀ ਸ਼ੱਕ ਕਾਰਨ ਖ਼ੁਦ ਨੂੰ ਘਰਾਂ ਵਿੱਚ ਬੰਦ ਕਰ ਰੱਖਿਆ ਹੈ। ਕਈ ਵਿਗਿਆਨਕਾਂ ਨੂੰ ਇਨ੍ਹਾਂ ਟੈਸਟ ਕਿੱਟਾਂ 'ਤੇ ਭਰੋਸਾ ਨਹੀਂ ਹੋ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਏਨੀ ਜਲਦੀ ਸਹੀ ਜਾਂਚ ਦੇ ਨਤੀਜੇ ਨਹੀਂਮਿਲ ਸਕਦੇ। ਪਿਛਲੇ ਕਈ ਮਹੀਨਿਆਂ ਤੋਂ ਜਾਂਚ ਦਾ ਜੋ ਤਰੀਕਾ ਪ੍ਰਚਲਿਤ ਹੈ, ਉਸ ਵਿੱਚ ਮਰੀਜ਼ ਦੇ ਗਲ਼ੇ ਅਤੇ ਨੱਕ ਤੋਂ ਰੂੰ ਨਾਲ ਤਰਲ ਨਮੂਨਾ ਲਿਆ ਜਾਂਦਾ ਹੈ ਜਿਸ ਵਿੱਚ ਜ਼ਿੰਦਾ ਵਾਇਰਸ ਹੋਣ। ਇਨ੍ਹਾਂ ਨਮੂਨਿਆਂ ਦੀਆਂ ਅਣਗਿਣਤ ਕਾਪੀਆਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਕੰਪਿਊਟਰ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਸ ਕੰਮ ਵਿੱਚ ਕਈ-ਕਈ ਦਿਨ ਲੱਗ ਜਾਂਦੇ ਹਨ।