ਫਿਲੌਰ, 25 ਮਾਰਚ (ਪੋਸਟ ਬਿਊਰੋ)- ਸਥਾਨਕ ਸਿਵਲ ਹਸਪਤਾਲ 'ਚ ਪਿਛਲੇ ਛੇ ਦਿਨੀਂ ਰੱਖੇ ਗਏ ਮ੍ਰਿਤਕ ਗਿਆਨੀ ਬਲਦੇਵ ਸਿੰਘ ਦੇ ਤਿੰਨਾਂ ਰਿਸ਼ਤੇਦਾਰਾਂ ਸਾਂਢੂ, ਸਾਲੀ ਅਤੇ ਉਨ੍ਹਾਂ ਦੇ ਬੇਟੇ ਦੇ ਖੂਨ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੇ ਵਿਰਕਾਂ ਪਿੰਡ ਨੂੰ ਸੀਲ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਉਨ੍ਹਾਂ ਲੋਕਾਂ ਦਾ ਪਤਾ ਲਾਉਣ 'ਚ ਜੁਟ ਗਿਆ ਹੈ, ਜਿਨ੍ਹਾਂ ਨਾਲ ਇਹ ਲੋਕ ਪਿੰਡ 'ਚ ਮਿਲਦੇ ਜੁਲਦੇ ਰਹੇ ਹਨ। ਇਸ ਤੋਂ ਬਾਅਦ ਅਧਿਕਾਰੀਆਂ ਨੇ 26 ਲੋਕਾਂ ਦਾ ਪਤਾ ਕਰ ਕੇ ਉਨ੍ਹਾਂ ਨੂੰ 14 ਦਿਨਾਂ ਲਈ ਆਈਸੋਲੇਟ ਕਰ ਦਿੱਤਾ ਹੈ।
ਫਿਲੌਰ ਦੇ ਜਿਸ ਸਿਵਲ ਹਸਪਤਾਲ ਵਿੱਚ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਰੱਖਿਆ ਗਿਆ ਸੀ, ਉਸ ਦੀ ਰਿਪੋਰਟ ਕੱਲ੍ਹ ਐੱਸ ਐੱਮ ਓ ਡਾਕਟਰ ਜਤਿੰਦਰ ਸਿੰਘ ਨੇ ਖੁਦ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਤੋਂ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਐੱਸ ਐੱਮ ਓ ਅਤੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨਰਸਾਂ ਤੋਂ ਇਲਾਜ ਦੌਰਾਨ ਲਾਪਰਵਾਹੀ ਹੋਈ ਸੀ, ਜਿਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਐੱਸ ਐੱਮ ਓ ਸਮੇਤ ਤਿੰਨ ਡਾਕਟਰਾਂ ਤੇ ਹਸਪਤਾਲ ਦੀਆਂ ਤਿੰਨ ਸਟਾਫ ਨਰਸਾਂ ਅਤੇ ਹਸਪਤਾਲ ਦੇ ਤਿੰਨ ਸਫਾਈ ਮੁਲਾਜ਼ਮਾਂ ਨੂੰ 14 ਦਿਨ ਲਈ ਆਈਸੋਲੇਟ ਕਰ ਦਿੱਤਾ ਹੈ। ਇਹ ਤਿੰਨੇ ਸਫਾਈ ਮੁਲਾਜ਼ਮ ਸੁਰੱਖਿਆ ਯੰਤਰ ਦੇ ਬਿਨਾਂ ਉਨ੍ਹਾਂ ਮਰੀਜ਼ਾਂ ਦੇ ਕਮਰੇ 'ਚ ਜਾ ਕੇ ਪਿਛਲੇ ਛੇ ਦਿਨ ਸਫਾਈ ਕਰਦੇ ਰਹੇ ਸਨ। ਐੱਸ ਐੱਮ ਓ ਦੀ ਥਾਂ ਸਰਕਾਰ ਨੇ ਨਵੀਂ ਨਿਯੁਕਤੀ ਕਰ ਦਿੱਤੀ ਹੈ, ਜਿਨ੍ਹਾਂ ਨੂੰ ਬਰਨਾਲਾ ਤੋਂ ਫਿਲੌਰ ਲਿਆਂਦਾ ਗਿਆ ਹੈ।
ਕੱਲ੍ਹ ਤਿੰਨਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਪਿੱਛੋਂ ਵੱਡੇ ਅਧਿਕਾਰੀਆਂ 'ਚ ਹਫੜਾ-ਦਫੜੀ ਮਚ ਗਈ ਹੈ। ਪਹਿਲਾਂ ਸਿਵਲ ਹਸਪਤਾਲ ਦੇ ਅੱਧੇ ਤੋਂ ਵੱਧ ਡਾਕਟਰਾਂ ਨੂੰ ਵਿਭਾਗ ਨੇ 14 ਦਿਨ ਲਈ ਆਈਸੋਲੇਟ 'ਤੇ ਭੇਜ ਦਿੱਤਾ। ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹਸਪਤਾਲ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਥਾਣਾ ਮੁਖੀ ਬਖਸ਼ੀਸ਼ ਸਿੰਘ ਆਪਣੇ ਦੋ ਗੰਨਮੈਨਾਂ ਨਾਲ ਮਰੀਜ਼ਾਂ ਦੇ ਵਾਰਡ 'ਚ ਖੜ੍ਹੇ ਹੋ ਕੇ ਉਨ੍ਹਾਂ ਦੀ ਸੂਚੀ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਵੀ 14 ਦਿਨਾਂ ਲਈ ਆਈਸੋਲੇਟ 'ਤੇ ਭੇਜ ਦਿੱਤਾ ਗਿਆ। ਬਖਸ਼ੀਸ਼ ਸਿੰਘ ਦੀ ਜਗ੍ਹਾ ਫਿਲੌਰ ਥਾਣੇ ਦਾ ਚਾਰਜ ਸਬ ਇੰਸਪੈਕਟਰ ਗੁਰਬਿੰਦਰ ਸਿੰਘ ਨੂੰ ਦੇ ਦਿੱਤਾ ਗਿਆ ਹੈ।
ਸਥਾਨਕ ਸਿਵਲ ਹਸਪਤਾਲ ਦੇ ਜਿਸ ਵਾਰਡ 'ਚ ਇਨ੍ਹਾਂ ਤਿੰਨ ਮਰੀਜਾਂ ਨੂੰ ਰੱਖਿਆ ਹੋਇਆ ਸੀ, ਉਸੇ ਵਿੱਚ ਪੰਜ ਐੱਨ ਆਰ ਆਈਜ਼ ਨੂੰ ਵੀ ਸਾਵਧਾਨੀ ਵਜੋਂ ਰੱਖਿਆ ਗਿਆ ਹੈ। ਇਹ ਸਾਰੇ ਅੱਠ ਮਰੀਜ਼ ਸਿਰਫ ਮਾਸਕ ਲਾ ਕੇ ਬੈਠੇ ਹੋਏ ਸਨ, ਜੋ ਲਗਾਤਾਰ ਤਿੰਨ ਦਿਨ ਤੋਂ ਇੱਕ-ਦੂਜੇ ਨਾਲ ਗੱਲਬਾਤ ਕਰ ਰਹੇ ਸਨ। ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਇਨ੍ਹਾਂ 'ਚੋਂ ਤਿੰਨ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਤਾਂ ਇਨ੍ਹਾਂ ਨਾਲ ਬੈਠੇ ਪੰਜਾਂ ਮਰੀਜ਼ਾਂ ਨੂੰ ਵੀ ਵੱਖਰਾ ਕਰ ਦਿੱਤਾ ਗਿਆ ਹੈ, ਜੋ ਛੇ ਦਿਨ ਤੋਂ ਇਨ੍ਹਾਂ ਨਾਲ ਰਹਿ ਰਹੇ ਸਨ।