* ਕਰਫਿਊ ਦੌਰਾਨ 111 ਲੋਕ ਗ੍ਰਿਫਤਾਰ, ਕੁੱਲ 232 ਕੇਸ ਦਰਜ
ਚੰਡੀਗੜ੍ਹ, 24 ਮਾਰਚ, (ਪੋਸਟ ਬਿਊਰੋ)- ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵਧੀ ਜਾਂਦਾ ਹੈ। ਅੱਜ ਮੰਗਲਵਾਰ ਸ਼ਾਮ ਤੱਕ ਦੇ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੇ 6 ਨਵੇਂ ਕੇਸ ਪਤਾ ਲੱਗੇ ਹਨ। ਰਾਜ ਸਰਕਾਰ ਦੇ ਸਿਹਤ ਵਿਭਾਗ ਦੇ ਪ੍ਰੈੱਸ ਨੋਟ ਅਨੁਸਾਰ ਇਹ 6 ਕੇਸ ਨਵਾਂ ਸ਼ਹਿਰ ਅਤੇ ਜਲੰਧਰ ਜ਼ਿਲਾ ਨਾਲ ਸਬੰਧਤ ਦੱਸੇ ਗਏ ਹਨ। ਦੋਵੇਂ ਥਾਈਂ 3-3 ਕੇਸ ਸਾਹਮਣੇ ਆਏ ਹਨ ਤੇ ਇਹ ਕੇਸ ਪਹਿਲਾਂ ਤੋਂ ਕੋਰੋਨਾ ਵਾਇਰਸ ਲਈ ਪਾਜਿ਼ਟਿਵ ਐਲਾਨੇ ਜਾ ਚੁੱਕੇ ਮਰੀਜ਼ਾਂ ਨਾਲ ਸੰਪਰਕ ਕਾਰਨ ਹੋਏ ਹਨ। ਇਸ ਤਰ੍ਹਾਂ ਪੰਜਾਬ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਇਸ ਰੋਗ ਦੇ ਪੀੜਤ ਮਰੀਜ਼ਾਂ ਦੀ ਗਿਣਤੀ 23 ਤੋਂ ਵਧ ਕੇ 29 ਹੋ ਗਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਪੰਜਾਬ ਵਿੱਚ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਵਲੋਂ ਸਾਰੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ। ਰਾਜ ਵਿੱਚ ਅਜੇ ਤੱਕ ਜਿਨ੍ਹਾਂ ਕੁਲ 29 ਕੇਸਾਂ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਸੂਚਨਾ ਮਿਲੀ ਹੈ, ਉਨ੍ਹਾਂ ਵਿੱਚ ਸਭ ਤੋਂ ਵੱਧ 18 ਕੇਸ ਨਵਾਂ ਸ਼ਹਿਰ ਜ਼ਿਲੇ ਵਿੱਚੋਂ ਹਨ। ਇਨ੍ਹਾਂ ਵਿੱਚੋਂ ਇਕ ਜਣੇ ਦੀ ਮੌਤ ਹੋ ਚੁੱਕੀ ਹੈ। ਮੋਹਾਲੀ ਜ਼ਿਲੇ ਨਾਲ ਸਬੰਧਤ 5 ਕੇਸ, ਜਲੰਧਰ ਦੇ 3, ਅੰਮ੍ਰਿਤਸਰ ਦੇ 2 ਤੇ ਹੁਸ਼ਿਆਰਪੁਰ ਜ਼ਿਲੇ ਵਿੱਚੋਂ 1 ਕੇਸ ਪਤਾ ਲੱਗਾ ਹੈ। ਸਰਕਾਰ ਦੇ ਬੁਲਾਰੇ ਅਨੁਸਾਰ ਅਜੇ ਤੱਕ 282 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ ਤੇ ਇਨ੍ਹਾਂ ਵਿੱਚੋਂ 29 ਦੇ ਨਤੀਜੇ ਪਾਜ਼ੀਟਿਵ ਅਤੇ 220 ਦੇ ਨੈਗੇਟਿਵ ਆਏ ਹਨ, 33 ਹੋਰ ਕੇਸਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਸਰਕਾਰ ਦੇ ਬੁਲਾਰੇ ਅਨੁਸਾਰ ਫ਼ਤਹਿਗੜ੍ਹ ਸਾਹਿਬ ਤੋਂ ਕੋਰੋਨਾ ਵਾਇਰਸ ਦੇ ਇਕ ਸ਼ੱਕੀ ਨੂੰ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਸੀ, ਪਰ ਉਸ ਦੀ ਮੌਤ ਹੋ ਗਈ। ਫਿਰ ਵੀ ਡਾਕਟਰੀ ਰਿਪੋਰਟ ਅਨੁਸਾਰ ਉਸ ਦੀ ਮੌਤ ਦਾ ਕਾਰਨ ਇਹ ਰੋਗ ਨਹੀਂ ਸੀ।
ਇਸ ਦੌਰਾਨ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲੇ ਵਿਦੇਸ਼ਾਂ ਤੋਂ ਆਏ ਹੋਏ ਕੋਰੋਨਾ ਦੇ 2 ਸ਼ੱਕੀ ਮਰੀਜ਼ਾਂ ਦੇ ਵਿਰੁੱਧ ਚਮਕੌਰ ਸਾਹਿਬ ਵਿਖੇ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਨੇੜਲੇ ਪਿੰਡ ਹਾਫਿਜ਼ਾਬਾਦ ਦਾ ਅਮ੍ਰਿਤਪਾਲ ਸਿੰਘ ਨਿਊਜ਼ੀਲੈਂਡ ਤੋਂ ਆਇਆ ਤਾਂ ਸਿਹਤ ਵਿਭਾਗ ਨੇ ਉਸ ਨੂੰ 14 ਦਿਨਾਂ ਤਕ ਘਰ ਵਿੱਚ ਰਹਿਣ ਲਈ ਕਿਹਾ ਸੀ, ਪਰ ਉਹ ਨੇੜਲੇ ਪਿੰਡ ਅਮਰਾਲੀ ਵਿਚ ਵਿਆਹ ਕਰਾਉਣ ਚਲਾ ਗਿਆ, ਜਿਸ ਕਾਰਨ ਉਸ ਉੱਤੇ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪਿੰਡ ਬਜੀਦਪੁਰ ਦਾ ਜਸਪਾਲ ਸਿੰਘ ਦੁਬਈ ਤੋਂ ਆਇਆ ਤਾਂ ਇਸ ਨੂੰ ਨਿਯਮਾਂ ਮੁਤਾਬਕ 14 ਦਿਨ ਘਰ ਰਹਿਣ ਅਤੇ ਕਿਸੇ ਨੂੰ ਨਾ ਮਿਲਣ ਦੇ ਹੁਕਮ ਹੋਏ ਸਨ, ਪਰ ਉਹ ਵੀ ਜ਼ਿਲਾ ਲੁਧਿਆਣਾ ਦੇ ਪਿੰਡ ਹਸਨਪੁਰ ਵਿਚ ਆਪਣੇ ਨਾਨਕੇ ਵਿਆਹ ਵੇਖਣ ਚਲਾ ਗਿਆ, ਇਸ ਲਈ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਅੱਜ ਪੰਜਾਬ ਵਿੱਚ ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ ਪੁਲਸ ਨੇ 232 ਕੇਸ ਦਰਜ ਕਰਨ ਅਤੇ 111 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਹੈ। ਕਰਫਿਊ ਦੀ ਉਲੰਘਣਾ ਦੇ ਸਭ ਤੋਂ ਵੱਧ ਕੇਸ ਮੋਹਾਲੀ ਵਿੱਚ 38, ਅੰਮ੍ਰਿਤਸਰ ਦਿਹਾਤੀ ਜਿ਼ਲੇ ਵਿੱਚ 34, ਤਰਨ ਤਾਰਨ ਅਤੇ ਸੰਗਰੂਰ ਵਿੱਚ 30-30 ਦਰਜ ਹੋਏ ਹਨ। ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਦੇ ਦੱਸਣ ਅਨੁਸਾਰ ਤਰਨ ਤਾਰਨ ਜਿ਼ਲੇ ਵਿਚ ਸਭ ਤੋਂ ਵੱਧ 43 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਪੂਰਥਲਾ ਵਿਚ 23, ਹੁਸ਼ਿਆਰਪੁਰ 15, ਬਠਿੰਡਾ 13, ਫਿਰੋਜ਼ਪੁਰ 5, ਗੁਰਦਾਸਪੁਰ 4 ਅਤੇ ਲੁਧਿਆਣਾ ਦਿਹਾਤੀ ਜਿ਼ਲੇ ਵਿਚ 2 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਇਸ ਤੋਂ ਬਿਨਾ ਕਰਫਿਊ ਦੀ ਉਲੰਘਣਾ ਕਰਨ ਦੇ ਲਈ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਨੇ 14, ਪੁਲਸ ਕਮਿਸ਼ਨਰੇਟ ਜਲੰਧਰ ਨੇ 10, ਬਟਾਲਾ ਨੇ 6, ਗੁਰਦਾਸਪੁਰ ਨੇ 4, ਪਟਿਆਲਾ ਨੇ 7, ਰੋਪੜ ਨੇ 4, ਫਤਿਹਗੜ੍ਹ ਸਾਹਿਬ ਨੇ 11, ਜਲੰਧਰ ਦਿਹਾਤੀ 7, ਹੁਸ਼ਿਆਰਪੁਰ 9, ਕਪੂਰਥਲਾ 4, ਲੁਧਿਆਣਾ ਦਿਹਾਤੀ 2, ਨਵਾਂ ਸ਼ਹਿਰ 1, ਬਠਿੰਡਾ 3, ਫਿਰੋਜ਼ਪੁਰ 7, ਮੋਗਾ 4, ਫਰੀਦਕੋਟ ਪੁਲਸ ਨੇ ਇੱਕ ਕੇਸ ਦਰਜ ਕੀਤਾ ਹੈ। ਖੰਨਾ, ਪਠਾਨਕੋਟ, ਬਰਨਾਲਾ, ਪੁਲਸ ਕਮਿਸ਼ਨਰੇਟ ਲੁਧਿਆਣਾ, ਫਾਜ਼ਿਲਕਾ ਤੇ ਮਾਨਸਾ ਵਿੱਚ ਉਲੰਘਣਾ ਕਰਨ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਡੀ ਜੀ ਪੀ ਦਿਨਕਰ ਗੁਪਤਾ ਦੇ ਅਨੁਸਾਰ ਜ਼ਰੂਰੀ ਸੇਵਾਵਾਂ ਜਿਵੇਂ ਟੈਲੀਕਾਮ, ਬੈਂਕਾਂ, ਏ ਟੀ ਐੱਮਜ਼, ਮੀਡੀਆ, ਡਾਕਟਰਾਂ, ਪੈਰਾ ਮੈਡੀਕਲ, ਸੈਨੇਟਰੀ, ਇਲੈਕਟ੍ਰੀਸ਼ੀਅਨ ਤੇ ਪਲੰਬਰਾਂ ਨੂੰ ਲੋੜ ਅਨੁਸਾਰ ਪਾਸ ਦਿੱਤੇ ਜਾ ਰਹੇ ਹਨ।