ਅੰਗਰੇਜ਼ੀ ਦਾ ਇੱਕ ਸ਼ਬਦ ਹੈ ਲਿਟਮਸ ਟੈਸਟ (litmus test) ਜਿਸਦਾ ਅਰਥ ਹੁੰਦਾ ਹੈ ਉਹ ਨਿਰੀਖਣ ਜੋ ਕਿਸੇ ਤੱਥ ਨੂੰ ਸਿੱਧ ਕਰਨ ਲਈ ਅੰਤਮ ਸਬੂਤ ਹੁੰਦਾ ਹੈ। ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਖੱਬੇ ਪੱਖੀ ਮੀਡੀਆ ਆਮ ਕਰਕੇ ਕਿਸੇ ਡਿਕਟੇਟਰ ਤੋਂ ਘੱਟ ਨਹੀਂ ਸਮਝਦਾ। ਕਈ ਵਾਰ ਤਾਂ ਉਸਦਾ ਮੁਕਾਬਲਾ ਡੋਨਲਡ ਟਰੰਪ ਤੱਕ ਕਰ ਦਿੱਤਾ ਜਾਂਦਾ ਹੈ। ਕੀ ਇਸ ਗੱਲ ਡੱਗ ਫੋਰਡ ਲਈ ਲਿਟਮਸ ਟੈਸਟ ਪਾਸ ਕਰਨ ਵਰਗੀ ਨਹੀਂ ਜਦੋਂ ਕੱਲ ਟੋਰਾਂਟੋ ਸਟਾਰ ਨੇ ਕੋਰੋਨਾ-ਵਾਇਰਸ ਨੂੰ ਲੈ ਕੇ ਜਿੱਥੇ ਡੌਨਲਡ ਟਰੰਪ ਨੂੰ ਇੱਕ ਕਿਆਮਤ (disaster) ਆਖਿਆ ਤਾਂ ਡੱਗ ਫੋਰਡ ਦੀ ਲੀਡਰਸਿ਼ੱਪ ਬਾਰੇ ਲਿਖਿਆ ਹੈ ਕਿ ਉਹ ਇਸ ਸੰਕਟ ਨਾਲ ਸਿੱਝਣ ਵਾਸਤੇ ਕੈਨੇਡਾ ਭਰ ਵਿੱਚ ਨਮੂਨੇ ਦੀ ਅਗਵਾਈ ਪੇਸ਼ ਕਰ ਰਿਹਾ ਹੈ। ਇਸ ਵੇਲੇ ਡੱਗ ਫੋਰਡ ਨੂੰ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਬਾਰੇ ਇੱਕ ਇਮਾਨਦਾਰ ਪਹੁੰਚ, ਸੱਚ ਨੂੰ ਸੱਚ ਅਤੇ ਕਿਸੇ ਦੀ ਪਰਵਾਹ ਕੀਤੇ ਬਗੈਰ ਧੱੜਲੇ ਨਾਲ ਫੈਸਲੇ ਲੈਣ ਵਾਲਾ ਆਖਿਆ ਜਾ ਰਿਹਾ ਹੈ। ਇੱਥੇ ਤੱਕ ਕਿ ਸਾਬਕਾ ਲਿਬਰਲ ਪ੍ਰੀਮੀਅਰ ਕੈਥਲਿਨ ਵਿੱਨ ਨੇ ਬੀਤੇ ਦਿਨੀਂ ਇੱਕ ਰੇਡੀਓ ਪ੍ਰਸਾਰਣ ਵਿੱਚ ਕਿਹਾ ਕਿ ਉਹ ਡੱਗ ਫੋਰਡ ਦੇ ਦਿਲ ਵਿੱਚ ਉਗਮੀ ਪਬਲਿਕ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੀ ਭਾਵਨਾ ਦੀ ਕਾਇਲ ਹੋ ਗਈ ਹੈ।
ਡੱਗ ਫੋਰਡ ਨੇ ਕੱਲ ਉਂਟੇਰੀਓ ਦੇ ਸਾਰੇ ਗੈਰ-ਲਾਜ਼ਮੀ ਬਿਜਨਸਾਂ ਨੂੰ ਅੱਜ ਮੰਗਲਵਾਰ ਸਵੇਰੇ 11 ਵੱਜ ਕੇ 59 ਮਿੰਟ ਤੋਂ ਮੁਕੰਮਲ ਰੂਪ ਵਿੱਚ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ। ਜਿਹੜੇ ਬਿਜਸਨ ਬੰਦ ਹੋਣਗੇ, ਉਹਨਾਂ ਦੀ ਲਿਸਟ ਸਰਕਾਰ ਅੱਜ ਨਸ਼ਰ ਕਰ ਦੇਵੇਗੀ। ਆਪਣੀਆਂ ਤਨਖਾਹਾਂ ਵਧਾਉਣ ਦੇ ਚੱਕਰ ਵਿੱਚ ਉਂਟੇਰੀਓ ਦੇ ਹੜਤਾਲਾਂ ਕਰਨ ਉੱਤੇ ਉਤਾਰੂ ਹੋਏ ਅਧਿਆਪਕ ਜਰੂਰ ਸੋਚਦੇ ਹੋਣਗੇ ਕਿ ਸਖ਼ਤ ਲੀਡਰਸਿ਼ੱਪ ਦੇ ਕੀ ਮਾਅਨੇ ਹੁੰਦੇ ਹਨ। ਜਿਹੜੇ ਅਧਿਆਪਕ ਸਿਰਫ਼ ਇੱਕ ਆਨ-ਲਾਈਨ ਕਲਾਸ ਲਾਉਣ ਲਈ ਢੇਰ ਹੁੱਜਤਾਂ ਕਰ ਰਹੇ ਸਨ, ਉਹ ਹੁਣ ਵਿੱਦਿਆਰਥੀਆਂ ਨੂੰ ਸਾਰੀਆਂ ਕਲਾਸਾਂ ਆਨਲਾਈਨ ਕਰਦੇ ਵੇਖਕੇ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ। ਇਹ ਉਹੀ ਅਧਿਆਪਕ ਹਨ ਜੋ ਡੱਗ ਫੋਰਡ ਸਰਕਾਰ ਨੂੰ ਉਹਨਾਂ ਦੇ ਅਖੌਤੀ ਹਿੱਤਾਂ ਦਾ ਕਰੋਨਾ-ਵਾਇਰਸ ਹੀ ਸਮਝ ਕੇ ਜੰਗ ਕਰਦੇ ਰਹੇ ਸਨ।
ਇੱਕ ਗੱਲ ਪੱਕੀ ਹੈ ਕਿ ਸੱਚ ਵਿੱਚ ਫੈਲਿਆ ਕੋਰੋਨਾ ਵਾਇਰਸ ਕਿਸੇ ਦਾ ਮਿੱਤ ਨਹੀਂ ਹੈ। ਜਿਹਨਾਂ ਦੇਸ਼ਾਂ ਜਾਂ ਖੇਤਰੀ ਸਰਕਾਰਾਂ ਨੇ ਢਿੱਲ ਮੱਠ ਵਰਤੀ ਹੈ, ਉਹਨਾਂ ਦਾ ਨੁਕਸਾਨ ਜਿ਼ਆਦਾ ਹੋਇਆ ਹੈ। ਵਿਸ਼ਵ ਭਰ ਵਿੱਚ ਕੱਲ ਸ਼ਾਮ ਤੱਕ 3,75,577 ਕੇਸ ਰਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਇਹ ਵਾਇਰਸ 16, 369 ਮੌਤਾਂ ਦਾ ਕਾਰਣ ਬਣ ਚੁੱਕਾ ਹੈ। ਜੇ ਜਨਸੰਖਿਆ ਦੇ ਆਧਾਰ ਉੱਤੇ ਵੇਖਿਆ ਜਾਵੇ ਤਾਂ ਜਿੱਥੇ ਚੀਨ ਵਿੱਚ ਹਰ ਦਸ ਲੱਖ ਲੋਕਾਂ ਪਿੱਛੇ 56 ਕੇਸ ਰਿਪੋਰਟ ਕੀਤੇ ਗਏ, ਉੱਥੇ ਇਟਲੀ ਵਿੱਚ ਦਸ ਲੱਖ ਲੋਕਾਂ ਪਿੱਛੇ 1057 ਕੇਸ ਦਰਜ਼ ਹੋਏ ਹਨ। ਅਮਰੀਕਾ ਦੀ ਗਿਣਤੀ ਹਰ ਦਸ ਲੋਕਾਂ ਪਿੱਛੇ 130, ਸਪੇਨ ਦੀ 708, ਜਰਮਨੀ ਦੀ 347, ਸਵਿਟਰਜ਼ਲੈਂਡ ਦੀ 988, ਆਸਟਰੀਆ ਦੀ 497 ਅਤੇ ਇਰਾਨ ਦੀ 274 ਹੈ। ਇਹਨਾਂ ਦੇ ਮੁਕਾਬਲੇ ਕੈਨੇਡਾ ਵਿੱਚ ਹਾਲੇ ਤੱਕ ਦਸ ਲੱਖ ਲੋਕਾਂ ਪਿੱਛੇ 56 ਕੇਸ ਹਨ ਜੋ ਗਿਣਤੀ ਅੱਜ ਦੇ ਦਿਨ ਇੰਨ ਬਿੰਨ ਚੀਨ ਦੇ ਬਰਾਬਰ ਹੈ। ਇਸਦਾ ਅਰਥ ਹੈ ਕਿ ਜੇ ਸਹੀ ਅਤੇ ਸਖ਼ਤ ਕਦਮ ਚੁੱਕੇ ਜਾਣ ਤਾਂ ਸਾਡੇ ਕੋਲ ਸਮਾਂ ਹੈ ਕਿ ਸਥਿਤੀ ਨੂੰ ਬੇਲੋੜਾ ਬੇਕਾਬੂ ਹੋਣ ਤੋਂ ਬਚਾ ਕੀਤਾ ਜਾ ਸਕਦਾ ਹੈ।
ਇਹ ਸੋਚ ਮਾਰੂ ਸਾਬਤ ਹੋ ਸਕਦੀ ਹੀ ਕਿ ਕੋਈ ਵਿਅਕਤੀ ਸੋਚੇ ਕਿ ਉਸਨੂੰ ਕੋਰੋਨਾ ਵਾਇਰਸ ਨਹੀਂ ਹੋ ਸਕਦਾ। ਈਟੋਬੀਕੋ ਜਨਰਲ ਹਸਪਤਾਲ ਦੇ ਮਸ਼ਹੂਰ ਡਾਕਟਰ ਗੁਰਜੀਤ ਸਿੰਘ ਬਾਜਵਾ ਦਾ ਸੋਸ਼ਲ ਮੀਡੀਆ ਉੱਤੇ ਵੀਡੀਓ ਰਾਹੀਂ ਦਿੱਤਾ ਇਹ ਸੁਨੇਹਾ ਪੱਲੇ ਬੰਨਣ ਵਾਲਾ ਹੈ ਕਿ ਹਰੇਕ ਵਿਅਕਤੀ ਇਹ ਮੰਨ ਕੇ ਇਹਿਤਾਤ ਵਰਤੇ ਕਿ ਉਸਨੂੰ ਕੋਰੋਨਾ-ਵਾਇਰਸ ਹੋਇਆ ਹੈ। ਜਿਸ ਕਿਸੇ ਨੇ ਅਜਿਹੇ ਇਤਿਹਾਤ ਨਹੀਂ ਵਰਤਣੇ ਤਾਂ ਉਹ ਟੋਰਾਂਟੋ ਹਸਪਤਾਲ ਵਿੱਚ ਤਾਇਨਾਤ ਪੰਜਾਬੀ ਡਾਕਟਰ ਰਿੱਕ ਸਿੰਘ ਮਾਨ ਵੱਲੋਂ ਫੇਸ ਬੁੱਕ ਉੱਤੇ ਪਾਈ ਦਰਦਭਰੀ ਗੁਹਾਰ ਪੜ ਸਕਦੇ ਹਨ ਜਿਸਦੇ ਸਹੁਰਾ ਸਾਹਿਬ ਉਸਦੀਆਂ ਅੱਖਾਂ ਸਾਹਮਣੇ ਸਾਰੇ ਇਤਿਹਾਤ ਵਰਤਣ ਦੇ ਬਾਵਜੂਦ ਕੋਰੋਨਾ ਵਾਇਰਸ ਹੱਥੋਂ ਪੀੜਤ ਹੋ ਕੇ ਪਰਸੋਂ ਸਵਰਗ ਸਿਧਾਰ ਗਏ। ਉਂਟੇਰੀਓ ਵਿੱਚ ਹੋਈਆਂ ਛੇ ਮੌਤਾਂ ਵਿੱਚੋਂ ਇੱਕ ਪੰਜਾਬੀ ਸ਼ਾਮਲ ਹੈ।
ਅੱਜ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਦੀ ਇੱਕ ਐਮਰਜੰਸੀ ਬੈਠਕ ਹੋ ਰਹੀ ਹੈ ਜਿਸ ਵਿੱਚ ਐਮਰਜੰਸੀ ਜਾਂ ਐਮਰਜੰਸੀ ਵਰਗੇ ਸਖ਼ਤ ਕਦਮ ਚੁੱਕਣ ਵਾਲਾ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ। ਅਜਿਹਾ ਕਰਨਾ ਜਰੂਰੀ ਹੈ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜਿਹੜੇ ਹਾਲੇ ਵੀ ਕੋਰੋਨਾ ਵਾਇਰਸ ਕਾਰਣ ਬੰਦ ਹੋਏ ਕੰਮਕਾਜ ਨੂੰ ਛੂੱਟੀਆਂ ਸਮਝ ਕੇ ਸੈਰ ਸਪਾਟੇ ਕਰਨੋਂ ਬਾਜ਼ ਨਹੀਂ ਆ ਰਹੇ। ਸੱਚ ਹੀ ਕਿਹਾ ਜਾਂਦਾ ਹੈ ਕਿ ਸਵੈ-ਅਨੁਸ਼ਾਸ਼ਨ ਦੀ ਪਾਲਣਾ ਨਾ ਕਰਨ ਵਾਲੇ ਲੋਕ ਹੋਰਾਂ ਲਈ ਵੀ ਸਮੱਸਿਆ ਖੜੀਆਂ ਕਰਦੇ ਹਨ।