ਜਦੋਂ ਸਰਕਾਰਾਂ ਰਾਹਤ ਦੇਂਦੀਆਂ ਹਨ ਤਾਂ ਉਸਦੇ ਠੋਸ ਕਾਰਣ ਹੁੰਦੇ ਹਨ। ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਐਲਾਨ ਕੀਤਾ ਕਿ ਕੈਨੇਡਾ ਦੀ ਆਰਥਕਤਾ ਦੇ 3% ਦੇ ਬਰਾਬਰ 82 ਬਿਲੀਅਨ ਡਾਲਰ ਰਾਸ਼ੀ ਨੂੰ ਰਾਹਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਐਲਾਨ ਕੋਰੋਨਾ-ਵਾਇਰਸ ਦੀ ਸਥਿਤੀ ਦੀ ਗੰਭੀਰਤਾ ਨੂੰ ਜ਼ਾਹਰ ਨਹੀਂ ਕਰਦਾ। ਇਹ ਸਥਿਤੀ ਤਾਂ ਪਹਿਲਾਂ ਹੀ ਬਥੇਰੀ ਗੰਭੀਰ ਹੈ ਜਿਸ ਬਾਰੇ ਕੈਨੇਡੀਅਨ ਅਤੇ ਵਿਸ਼ਵ ਦੇ ਬਹੁ-ਗਿਣਤੀ ਨਾਗਰਿਕ ਚੰਗੀ ਤਰਾਂ ਜਾਣੂੰ ਹਨ। ਇਹ ਰਾਹਤ ਸਿਰਫ਼ ਇਹ ਦਰਸਾਉਂਦੀ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਥੋੜੇ ਲੰਬੇ ਸਮੇਂ ਤੱਕ ਸੰਘਰਸ਼ ਕਰਨ ਲਈ ਤਿਆਰ ਰਹਿਣਾ ਪੈ ਸਕਦਾ ਹੈ। ਆਖਰ ਨੂੰ ਐਲਾਨੇ ਗਏ 82 ਬਿਲੀਅਨ ਡਾਲਰ ਕਿਤੇ ਰੁੱਖਾਂ ਤੋਂ ਲੱਗ ਕੇ ਨਹੀਂ ਆਉਣੇ ਸਗੋਂ ਕੱਲ ਨੂੰ ਟੈਕਸ ਰਾਹੀਂ ਆਮ ਨਾਗਰਿਕਾਂ ਨੂੰ ਭਰਨੇ ਪੈਣੇ ਹਨ। ਪਰ ਕੀ ਸਰਕਾਰ ਕੋਲ ਰਾਹਤ ਦੇਣ ਤੋਂ ਇਲਾਵਾ ਕੋਈ ਚਾਰਾ ਸੀ? ਬਿਲਕੁਲ ਨਹੀਂ ਸਗੋਂ ਇਹ ਤਾਂ ਦੇਰ ਨਾਲ ਚੁੱਕਿਆ ਗਿਆ ਸਹੀ ਕਦਮ ਹੈ।
ਦੇਰ ਨਾਲ ਚੁੱਕਿਆ ਕਦਮ ਇਸ ਲਈ ਕਿ ਹੁਣ ਕੋਰੋਨਾ-ਵਾਇਰਸ ਆਪਣੇ ਪੇਕੇ-ਸਥਾਨ ਭਾਵ ਚੀਨ ਦੇ ਵੁਹਾਨ ਸੂਬੇ ਦੇ ਹੂਬੇ (Hubei) ਸ਼ਹਿਰ ਨਾਲੋਂ ਮੋਹ ਭੰਗ ਕਰਕੇ ਅਖਤਿਆਰ ਕੀਤੇ ਦੇਸ਼ਾਂ ਇਟਲੀ, ਇਰਾਨ, ਸਪੇਨ, ਜਰਮਨੀ, ਸਾਊਥ ਕੋਰੀਆ, ਫਰਾਂਸ ਸਮੇਤ ਸਮੁੱਚੇ ਯੂਰਪ ਅਤੇ ਨੌਰਥ ਅਮਰੀਕਾ ਵਿੱਚ ਪੈਰ ਪਸਾਰਨ ਲੱਗਾ ਹੈ। ਇਹ ਆਰਟੀਕਲ ਲਿਖਣ ਤੱਕ ਦੀਆਂ ਖਬ਼ਰਾਂ ਮੁਤਾਬਕ ਨਵੀਆਂ ਹੋਈਆਂ 944 ਕੋਰੋਨਾ-ਵਾਇਰਸ ਮੌਤਾਂ ਵਿੱਚੋਂ ਚੀਨ ਵਿੱਚ ਸਿਰਫ਼ 11 ਨਵੀਆਂ ਮੌਤਾਂ ਹੋਈਆਂ ਜਦੋਂ ਕਿ ਇੱਕਲੇ ਇਟਲੀ ਵਿੱਚ 475 ਨਵੀਆਂ ਮੌਤਾਂ ਦਰਜ਼ ਕੀਤੀਆਂ ਗਈਆਂ। ਸਪੇਨ ਵਿੱਚ 147, ਫਰਾਂਸ 89, ਇੰਗਲੈਂਡ 33, ਹਾਲੈਂਡ ਵਿੱਚ 15 ਨਵੀਆਂ ਮੌਤਾਂ ਦਾ ਹੋਣਾ ਦੱਸਦਾ ਹੈ ਕਿ ਇਸ ਭੱਦਰਪੁਰਸ਼ ਵਾਇਰਸ ਦਾ ਨਿਸ਼ਾਨਾ ਕਿਸ ਪਾਸੇ ਜਾ ਰਿਹਾ ਹੈ। ਕੱਲ ਤੱਕ ਕੈਨੇਡਾ ਵਿੱਚ 656 ਕੇਸ ਹੋ ਚੁੱਕੇ ਸਨ ਜਿਹਨਾਂ ਵਿੱਚੋਂ 58 ਨਵੇਂ ਕੇਸ ਸਨ। ਕਿਉਬਿੱਕ ਦੀ ਪਹਿਲੀ ਮੌਤ ਨਾਲ ਕੈਨੇਡਾ ਵਿੱਚ 9 ਲੋਕ ਇਸ ਵਾਇਰਸ ਕਾਰਣ ਮਾਰੇ ਜਾ ਚੁੱਕੇ ਹਨ।
ਕੋਰੋਨਾ-ਵਾਇਰਸ ਦਾ ਫੈਲਾਉ ਹੁਣ ਕਮਿਉਨਿਟੀ ਆਧਾਰਿਤ ਲਾਗ (community spread) ਬਣ ਚੁੱਕਾ ਹੈ ਭਾਵ ਅਸੀਂ ਉਸ ਪੜਾਅ ਉੱਤੇ ਹਾਂ ਜਿੱਥੇ ਇਹ ਰੋਗ ਆਮ ਲੋਕਾਂ ਨੂੰ ਆਮ ਲੋਕਾਂ ਤੋਂ ਹੰੁਦਾ ਹੈ। ਕੈਨੇਡਾ-ਅਮਰੀਕਾ ਦਰਮਿਆਨ ਐਮਰਜੰਸੀ ਬਿਜਨਸ/ਸੇਵਾਵਾਂ ਤੋਂ ਬਿਨਾ ਬਾਰਡਰ ਦਾ ਦੋਵਾਂ ਸਰਕਾਰਾਂ ਦੀ ਸਹਿਮਤੀ ਨਾਲ ਬੰਦ ਕੀਤੇ ਜਾਣ ਅਤੇ 82 ਬਿਲੀਅਨ ਡਾਲਰਾਂ ਦੀ ਰਾਹਤ ਨੂੰ ਸਮਝਣਾ ਚਾਹੀਦਾ ਹੈ। ਇਹ ਸਮਾਂ ਜਿੰਨਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਹਤ ਤੋਂ ਲਾਭ ਲੈਣ ਦਾ ਹੈ, ਉੱਨਾ ਹੀ ਸਵੈ, ਪਰਿਵਾਰ ਵਿਸ਼ੇਸ਼ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਹੀ ਸੰਭਾਲ ਕਰਨ ਦਾ ਹੈ। ਪੈਸੇ, ਵਸਤਾਂ, ਸਰਕਾਰੀ ਰਾਹਤ ਇਹ ਸਾਰੇ ਸ੍ਰੋਤ ਸਰੀਰਕ ਸੰਭਾਲ ਕਰਨ ਵਿੱਚ ਸਹਾਈ ਹੁੰਦੇ ਹਨ ਪਰ ਇਤਿਹਾਸ ਗਵਾਹ ਹੈ ਕਿ ਅੰਤ ਨੂੰ ਵੱਡੀਆਂ ਚੁਣੌਤੀਆਂ ਮਨ ਦੀ ਮਜ਼ਬੂਤੀ ਨਾਲ ਜਿੱਤੀਆਂ ਜਾਂਦੀਆਂ ਹਨ। ਇਸ ਵਾਸਤੇ ਉਹ ਯਤਨ ਕਰਨੇ ਭੁੱਲਣੇ ਨਹੀਂ ਚਾਹੀਦੇ ਜਿਸ ਨਾਲ ਮਨ ਦੀ ਤੰਦਰੁਸਤੀ ਕਾਇਮ ਰਹੇ। ਜੇ ਗੁਰਬਾਣੀ ਦਾ ਸਿਧਾਂਤ ‘ਮਨ ਜੀਤੇ ਜਗਜੀਤ’ ਹੈ ਤਾਂ ਸ਼ਰਤੀਆ ਹੀ ਇਹ ਸੁਨੇਹਾ ਮਨੁੱਖੀ ਬਿਪਤਾ ਵੇਲੇ ਕੰਮ ਆਉਣ ਵਾਸਤੇ ਹੀ ਗੁਰੁ ਸਾਹਿਬ ਨੇ ਸਾਨੂੰ ਬਖਸਿ਼ਆ ਹੋਵੇਗਾ।
ਹੁਣ ਰਹੀ ਗੱਲ ਰਾਹਤ ਦੀ। ਇਸ ਵਿੱਚ 2 ਬਿਲੀਅਨ ਡਾਲਰ ਦੇ ਬਰਾਰਰ ਅਤੀਰਿਕਤ ਚਾਈਲਡ ਟੈਕਸ ਬੈਨੇਫਿਟ, 10 ਬਿਲੀਅਨ ਨਾਲ ਉਹਨਾਂ ਵਰਕਰਾਂ ਜਾਂ ਸੈਲਫ ਇੰਪਲਾਇਡ ਲੋਕਾਂ ਨੂੰ 15 ਹਫ਼ਤੇ ਤੱਕ 450 ਡਾਲਰ ਪ੍ਰਤੀ ਹਫ਼ਤਾ ਮੁਹਈਆ ਕਰਨੇ ਸ਼ਾਮਲ ਹੈ ਜਿਹਨਾਂ ਨੂੰ ਇਸ ਬਿਮਾਰੀ ਕਾਰਣ ਬਿਨਾ ਰੁਜ਼ਗਾਰ ਘਰ ਰਹਿਣਾ ਪੈ ਸਕਦਾ ਹੈ। 5 ਬਿਲੀਅਨ ਡਾਲਰ ਉਹਨਾਂ ਲੋਕਾਂ ਨੂੰ ਮਾਲੀ ਸਹਾਰਾ ਦੇਣ ਉੱਤੇ ਖਰਚੇ ਜਾਣਗੇ ਜਿਹਨਾਂ ਕੋਲ ਇੰਪਲਾਇਮੈਂਟ ਇੰਸ਼ੂਰੈਂਸ ਦੀ ਸਹੂਲਤ ਨਹੀਂ ਹੈ। 55 ਬਿਲੀਅਨ ਡਾਲਰ ਵਿੱਚੋਂ ਵੱਡਾ ਹਿੱਸਾ ਬਿਜਨਸਾਂ ਨੂੰ ਦੇਰੀ ਨਾਲ ਟੈਕਸ ਭਰਨ ਦੀ ਸਹੂਲਤ (31 ਅਗਸਤ), ਬਿਜਸਨਾਂ ਨੂੰ ਅਤੀਰਿਕਤ ਫੰਡ ਮੁਹਈਆ ਕਰਨ (ਜਿਹਨਾਂ ਦੀ ਹਾਲੇ ਤਫ਼ਸੀਲ ਜਾਰੀ ਨਹੀਂ ਕੀਤੀ) ਅਤੇ 50 ਬਿਲੀਅਨ ਡਾਲਰ ਨਾਲ ਬੈਂਕਾਂ ਅਤੇ ਕਰਜ਼ਾ ਦੇਣ ਵਾਲੀਆਂ ਹੋਰ ਸੰਸਥਾਵਾਂ ਨੂੰ ਬੀਮਾਯੁਕਤ ਮਾਰਟਗੇਜ ਦਿੱਤੀ ਜਾਵੇਗੀ ਤਾਂ ਜੋ ਬੈਂਕਾਂ ਦੇ ਫੰਡ ਸਥਿਰ ਰਹਿ ਸੱਕਣ। ਆਖਰ ਨੂੰ ਦੇਸ਼ ਦੀ ਆਰਥਕਤਾ ਬੈਂਕਾਂ ਦੀ ਮਾਲੀ ਸਥਿਰਤਾ ਉੱਤੇ ਟਿਕੀ ਹੁੰਦੀ ਹੈ।
ਸੋ ਵਕਤ ਦੀ ਲੋੜ ਹੈ ਕਿ ਹਰ ਵਿਅਕਤੀ ਅਤੇ ਹਰ ਬਿਜਨਸ ਨਿੱਜੀ ਰੁਚੀ ਨਾਲ ਇਹ ਵੇਖੇ ਕਿ ਉਹ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਰਾਹਤ ਕਾਰਜ ਕਾਰਜਾਂ ਤੋਂ ਕਿਵੇਂ ਲਾਭ ਲੈ ਸਕਦਾ/ਸਕਦੇ ਹਨ। ਨਾਲ ਹੀ ਇਹ ਵੇਖਿਆ ਜਾਵੇ ਕਿ ਪਰਿਵਾਰ, ਸਮਾਜ ਅਤੇ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਣ ਵਿੱਚ ਕੀ ਯੋਗਦਾਨ ਪਾਇਆ ਜਾ ਸਕਦਾ ਹੈ। ਜੇ ਜਾਨ ਹੈ ਤਾਂ ਜਹਾਨ ਹੈ, ਉਹ ਜਹਾਨ ਜਿਸ ਵਿੱਚ ਜਿਉਣ ਦਾ ਆਨੰਦ ਤੰਦਰੁਸਤ ਮਨ ਨਾਲ ਮਾਣਿਆ ਜਾ ਸਕਦਾ ਹੈ।