Welcome to Canadian Punjabi Post
Follow us on

28

October 2020
ਸੰਪਾਦਕੀ

ਕੋਰੋਨਾ-ਵਾਈਰਸ-ਸਖ਼ਤ ਕਦਮਾਂ ਲਈ ਤਿਆਰ ਰਹਿਣ ਦੀ ਲੋੜ

March 12, 2020 07:28 AM

ਪੰਜਾਬੀ ਪੋਸਟ ਸੰਪਾਦਕੀ

4600 ਮੌਤਾਂ ਅਤੇ ਸਵਾ ਲੱਖ ਪੁਸ਼ਟੀ ਹੋ ਚੁੱਕੇ ਕੇਸਾਂ ਦਾ ਕਾਰਣ ਬਣ ਚੁੱਕੀ ਕੋਰੋਨਾ-ਵਾਈਰਸ ਬਿਮਾਰੀ ਦੇ ਡਰ ਨੇ ਵਿਸ਼ਵ ਭਰ ਵਿੱਚ ਤਹਿਲਕਾ ਮਚਾ ਰੱਖਿਆ ਹੈ ਜਿਸਦੇ ਹੁੰਗਾਰੇ ਵਜੋਂ ਸਰਕਾਰਾਂ ਵੱਲੋਂ ਆਪੋ ਆਪਣੇ ਢੰਗ ਨਾਲ ਕਦਮ ਚੁੱਕੇ ਜਾ ਰਹੇ ਹਨ। ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਇਸ ਬਿਮਾਰੀ ਨਾਲ ਸਿੱਝਣ ਵਾਸਤੇ ਸਰਕਾਰ 1 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਇਸ ਰਾਸ਼ੀ ਵਿੱਚੋਂ 500 ਮਿਲੀਅਨ ਡਾਲਰ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਦਿੱਤੇ ਜਾਣਗੇ ਜਦੋਂ ਕਿ 275 ਮਿਲੀਅਨ ਡਾਲਰ ਖੋਜ ਕਾਰਜਾਂ ਵਾਸਤੇ ਅਤੇ 100 ਮਿਲੀਅਨ ਡਾਲਰ ਥੋਕ ਵਿੱਚ ਹਿਫਾਜ਼ਤੀ ਉਪਕਰਣ ਖਰੀਦਣ, ਮੂਲਵਾਸੀ ਭਾਈਚਾਰਿਆਂ ਨੂੰ ਇਮਦਾਦ ਦੇਣ ਵਰਗੇ ਕਾਰਜਾਂ ਲਈ ਰਾਖਵੇਂ ਰੱਖੇ ਜਾਣਗੇ। ਇਸਤੋਂ ਇਲਾਵਾ ਅੰਤਰਰਾਸ਼ਟਰੀ ਸਹਾਇਤਾ, ਪਬਲਿਕ ਵਿੱਚ ਚੇਤਨਾ ਫੈਲਾਉਣ, ਵਿਦੇਸ਼ਾਂ ਵਿੱਚ ਅਟਕੇ ਹੋਏ ਕੈਨੇਡੀਅਨਾਂ ਨੂੰ ਮੁੜ ਸਵਦੇਸ਼ ਲਿਆਉਣ ਵਰਗੇ ਕਾਰਜਾਂ ਲਈ ਵੀ ਡਾਲਰ ਨਿਰਧਾਰਤ ਕੀਤੇ ਗਏ ਹਨ।

ਬੇਸ਼ੱਕ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਕਿਸੇ ਪ੍ਰੋਵਿੰਸ ਜਾਂ ਕਿਸੇ ਕੈਨੇਡੀਅਨ ਨੂੰ ਇਹ ਫਿਕਰ ਨਹੀਂ ਹੋਣਾ ਚਾਹੀਦਾ ਕਿ ਸਰਕਾਰ ਉਹਨਾਂ ਦੀ ਮਦਦ ਨਹੀਂ ਕਰੇਗੀ ਪਰ ਸੱਚ ਇਹ ਹੈ ਕਿ ਇਸ ਵੇਲੇ ਕੈਨੇਡੀਅਨਾਂ ਦੇ ਮਨਾਂ ਵਿੱਚ ਫਿਕਰ ਅਤੇ ਭੈਅ ਉੱਭਰਿਆ ਹੋਇਆ ਹੈ। Angus Reid Institute ਵੱਲੋਂ ਕਰਵਾਏ ਇੱਕ ਸਰਵੇਖਣ ਮੁਤਾਬਕ 40% ਕੈਨੇਡੀਅਨ ਨੂੰ ਡਰ ਹੈ ਕਿ ਉਹਨਾਂ ਨੂੰ ਇਹ ਬਿਮਾਰੀ ਹੋ ਸਕਦੀ ਹੈ। ਫਰਵਰੀ ਦੇ ਆਰੰਭ ਵਿੱਚ 30% ਲੋਕਾਂ ਦੇ ਮਨਾਂ ਵਿੱਚ ਇਸ ਕਿਸਮ ਦਾ ਡਰ ਪਾਇਆ ਜਾਂਦਾ ਸੀ। 30% ਦੇ ਕਰੀਬ ਕੈਨੇਡੀਅਨਾਂ ਦਾ ਆਖਣਾ ਹੈ ਕਿ ਉਹ ਕਿਸੇ ਖੇਡ ਜਾਂ ਹੋਰ ਈਵੈਂਟ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਐਨੇ ਹੀ ਕੈਨੇਡੀਅਨ ਆਖ ਰਹੇ ਹਨ ਕਿ ਵਿਦੇਸਾਂ਼ ਦੀ ਫਲਾਈਟ ਲੈਣਾ ਤਾਂ ਕੀ ਉਹ ਏਅਰਪੋਰਟ ਦੇ ਨੇੜੇ ਢੁੱਕਣਾ ਵੀ ਪਸੰਦ ਨਹੀਂ ਕਰਨਗੇ।

ਹੈਰਾਨੀ ਦੀ ਗੱਲ ਹੈ ਸਰਕਾਰ ਨੇ ਬਿਜਨਸਾਂ ਨੂੰ ਰਾਹਤ ਦੇਣ ਬਾਰੇ ਹਾਲੇ ਕੋਈ ਯੋਜਨਾ ਬਣਾਈ ਨਹੀਂ ਜਾਪਦੀ। ਇਸਦੇ ਉਲਟ ਬ੍ਰਿਟਿਸ਼ ਸਰਕਾਰ ਨੇ ਆਰਥਕਤਾ ਨੂੰ ਸਹਾਰਾ ਦੇਣ ਲਈ 53 ਬਿਲੀਅਨ ਡਾਲਰ ਰਾਸ਼ੀ ਨਿਰਧਾਰਤ ਕੀਤੀ ਹੈ। ਇਸ ਵਿੱਚ 31 ਡਾਲਰ ਸਿੱਧੇ ਆਰਥਕ ਗਤੀਵਿਧੀਆਂ ਵਿੱਚ ਝੋਕਣੇ, ਪ੍ਰਾਪਰਟੀ ਟੈਕਸ ਰੇਟਾਂ ਵਿੱਚ ਕਟੌਤੀ ਅਤੇ ਮੁਲਾਜ਼ਮਾਂ ਦੇ ਸਿੱਕ ਡੇਅਜ਼ (ਬਿਮਾਰੀ ਦੀ ਛੁੱਟੀ) ਵਿੱਚ ਇਜ਼ਾਫਾ ਕਰਨਾ ਸ਼ਾਮਲ ਹੈ। ਕੈਨੇਡੀਅਨ ਆਰਥਕਤਾ ਨੂੰ ਨੁਕਸਾਨ ਬਾਰੇ ਅੰਕੜੇ ਹਾਲੇ ਉਪਲਬਧ ਨਹੀਂ ਹਨ ਪਰ ਸੰਕੇਤ ਸਾਡੇ ਸਾਹਮਣੇ ਹਨ। ਮਿਸਾਲ ਵਜੋਂ 2018 ਵਿੱਚ ਸਾਢੇ ਸੱਤ ਲੱਖ ਚੀਨੀ ਟੂਰਿਸਟ ਕੈਨੇਡਾ ਆਏ ਸਨ ਜਿਹਨਾਂ ਨੇ ਦੋ ਬਿਲੀਅਨ ਡਾਲਰ ਸਾਡੀ ਮਾਰਕੀਟ ਵਿੱਚ ਖਰਚ ਕੀਤੇ। ਕਾਨਫਰੰਸ ਬੋਰਡ ਆਫ ਕੈਨੇਡਾ ਮੁਤਾਬਕ ਇਸ ਸਾਲ ਇਸ ਗਤੀਵਿਧੀ ਦੇ ਘਟ ਕੇ 550 ਮਿਲੀਅਨ ਡਾਲਰ ਰਹਿ ਜਾਣ ਦੀ ਸੰਭਾਵਨਾ ਹੈ। ਹੋਰ ਵਸਤਾਂ ਦੀ ਖਪਤ ਅਤੇ ਉਤਪਾਦਨ ਉੱਤੇ ਪ੍ਰਭਾਵ ਦਾ ਦੋ ਮਹੀਨੇ ਬਾਅਦ ਪਤਾ ਲੱਗਣ ਦੀ ਆਸ ਹੈ ਪਰ ਕੀ ਸਰਕਾਰ ਨੂੰ ਉਸ ਵੇਲੇ ਤੱਕ ਚੁੱਪ ਕਰਕੇ ਬੈਠ ਜਾਣਾ ਚਾਹੀਦਾ ਹੈ?

ਵਿਸ਼ਵ ਸਿਹਤ ਸੰਸਥਾ (WHO) ਨੇ ਕੋਰੋਨਾ-ਵਾਇਰਸ ਨੂੰ ਵਿਸ਼ਵ ਵਿਆਪੀ ਮਹਾਂਮਾਰੀ (Pandemic) ਐਲਾਨਦੇ ਹੋਏ ਸਮੂਹ ਸਰਕਾਰਾਂ ਨੂੰ ਕਮਰਕੱਸੇ ਕੱਸਣ ਦੀ ਸਲਾਹ ਦਿੱਤੀ ਹੈ। ਅਮਰੀਕਾ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਇਸਦੇ ਕੇਸਾਂ ਵਿੱਚ 8 ਗੁਣਾ ਵਾਧਾ ਹੋਇਆ ਹੈ। ਕੀ ਕੈਨੇਡਾ ਇਸ ਮਾੜੇ ਵਿਕਾਸ ਕਰਮ ਤੋਂ ਪਿੱਛੇ ਰਹਿ ਸਕਦਾ ਹੈ? ਕੀ ਸਾਡੀ ਸਰਕਾਰ ਲੋੜੀਂਦੇ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ? ਇਟਲੀ ਸਰਕਾਰ ਨੇ ਸਮੱਚੇ ਦੇਸ਼ ਨੂੰ ਸੀਲਬੰਦ ਕਰ ਲਿਆ ਹੈ ਜਿੱਥੇ 600 ਤੋਂ ਵੱਧ ਲੋਕੀ ਮਾਰੇ ਜਾ ਚੁੱਕੇ ਹਨ। ਭਾਰਤ ਨੇ ਕਿਸੇ ਵੀ ਵਿਦੇਸ਼ੀ ਨੂੰ ਟੂਰਿਸਟ ਵੀਜ਼ਾ ਦੇਣ ਉੱਤੇ ਰੋਕ ਲਾ ਦਿੱਤੀ ਹੈ। ਇੱਥੇ ਤੱਕ ਕਿ ਜਿਹਨਾਂ ਭਾਰਤੀ ਮੂਲ ਦੇ ਲੋਕਾਂ ਕੋਲ OCI ਕਾਰਡ ਹਨ, ਉਹਨਾਂ ਦੇ ਵੀ ਭਾਰਤ ਵਿੱਚ 15 ਅਪਰੈਲ ਤੱਕ ਦਾਖ਼ਲੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਭਾਰਤ ਵਿੱਚ ਹਾਲੇ 60 ਕੇਸਾਂ ਦੀ ਹੀ ਪੁਸ਼ਟੀ ਹੋਈ ਹੈ ਜਦੋਂ ਕਿ ਕੈਨੇਡਾ ਵਿੱਚ ਕੱਲ ਤੱਕ 112 ਕੋਰੋਨਾ-ਵਾਇਰਸ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਸੀ ਜਿਸ ਵਿੱਚੋਂ 42 ਕੇਸ ਇੱਕਲੇ ਉਂਟੇਰੀਓ ਵਿੱਚ ਹਨ। ਅਮਰੀਕਾ-ਕੈਨੇਡਾ ਤੋਂ ਲੈ ਕੇ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਇਸ ਬਿਮਾਰੀ ਦੇ ਆਰੰਭ ਹੋਣ ਤੋਂ ਹੀ ਚੀਨ ਸਰਕਾਰ ਦੀ ਗੱਲ ਗੱਲੋਂ ਨੁਕਤਾਚੀਨੀ ਕਰਦੀਆਂ ਆ ਰਹੀਆਂ ਸਨ ਕਿ ਉਸਨੇ ਕੈਂਪ ਉਸਾਰ ਕੇ ਲੱਖਾਂ ਕਰੋੜਾਂ ਲੋਕਾਂ ਨੂੰ ਅਲੱਗ ਥਲੱਗ ਕਰਕੇ ਲੋੜੋਂ ਵੱਧ ਸਖ਼ਤੀ ਕੀਤੀ ਹੈ। ਹੁਣ ਸਾਰੇ ਮੰਨ ਰਹੇ ਹਨ ਕਿ ਚੀਨ ਅਤੇ ਇਟਲੀ ਦੀ ਸਹੀ ਨੀਤੀ ਸਾਬਤ ਹੋ ਰਹੀ ਹੈ। ਕੈਨੇਡਾ ਨੂੰ ਵੀ ਢਿੱਲੀਆਂ ਮੱਠੀਆਂ ਰਣਨੀਤੀਆਂ ਤਿਆਗ ਕੇ ਸਖ਼ਤ ਕਦਮ ਚੁੱਕਣ ਲਈ ਤਿਆਰ ਰਹਿਣਾ ਚਾਹੀਦਾ ਹੈ। ਰੱਬ ਕਰੇ ਕੈਨੇਡਾ ਵਿੱਚ ਸਖ਼ਤ ਕਦਮ ਚੁੱਕਣ ਦੀ ਨੌਬਤ ਨਾ ਆਵੇ ਪਰ ਰੱਬ ਵੀ ਤਾਂ ਉਹਨਾਂ ਦੀ ਮਦਦ ਕਰਦਾ ਹੈ ਜੋ ਖੁਦ ਦੀ ਮਦਦ ਕਰਦੇ ਹਨ।

Have something to say? Post your comment