Welcome to Canadian Punjabi Post
Follow us on

28

October 2020
ਸੰਪਾਦਕੀ

ਨਵਾਂ ਲਿਬਰਲ ਲੀਡਰ: ਭੱਵਿਖ ਦੀ ਆਸ ਜਾਂ ਅਤੀਤ ਦਾ ਬੋਝ

March 09, 2020 07:29 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੇ ਲਿਬਰਲ ਡੈਲੀਗੇਟਾਂ ਨੇ ਬੀਤੇ ਵੀਕਐਂਡ ਕੈਥਲਿਨ ਵਿੱਨ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਸਟੀਵਨ ਡੈਲ ਡੂਕਾ ਨੂੰ ਆਪਣਾ ਨਵਾਂ ਲੀਡਰ ਚੁਣ ਲਿਆ ਹੈ। ਕੁੱਲ 2184 ਡੈਲੀਗੇਟਾਂ ਵਿੱਚੋਂ 1258 ਡੈਲੀਗੇਟਾਂ ਦੀਆਂ ਵੋਟਾਂ ਹਾਸਲ ਕਰਕੇ ਡੈਲ ਡੂਕਾ ਨੇ ਇਹ ਚੋਣ ਜਿੱਤੀ ਹੈ ਜਿਸ ਵਿੱਚ ਉਸਦੇ ਨੇੜਲੇ ਵਿਰੋਧੀ ਮਾਈਕਲ ਕੋਚੂ (Michael Coteau ) ਨੂੰ ਮਹਿਜ਼ 371 ਵੋਟਾਂ ਹਾਸਲ ਹੋਈਆਂ। 2018 ਦੀਆਂ ਉਂਟੇਰੀਓ ਆਮ ਚੋਣਾਂ ਵਿੱਚ ਜਿਸ ਕਦਰ ਲਿਬਰਲ ਪਾਰਟੀ ਦੀ ਹਾਰ ਹੋਈ ਸੀ, ਉਸਤੋਂ ਬਾਅਦ ਪਾਰਟੀ ਦੀ ਲੀਡਰਸਿ਼ੱਪ ਨੂੰ ਹੱਥਾਂ ਵਿੱਚ ਲੈਣ ਲਈ ਅੱਗੇ ਆਉਣ ਵਿੱਚ ਬਹੁਤ ਸਾਰੇ ਹੰਢੇ ਵਰਤੇ ਲਿਬਰਲ ਆਗੂ ਕੰਨੀ ਕਤਰਾਉਂਦੇ ਰਹੇ ਹਨ। ਪਿਛਲੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਕੋਲ 55 ਸੀਟਾਂ ਸਨ ਜਦੋਂ ਕਿ 2018 ਵਿੱਚ ਸਿਰਫ਼ 7 ਲਿਬਰਲ ਐਮ ਪੀ ਚੁਣੇ ਗਏ ਸਨ। ਇਸ ਵਕਤ ਲਿਬਰਲ ਪਾਰਟੀ ਦੇ 40 ਹਜ਼ਾਰ ਦੇ ਕਰੀਬ ਮੈਂਬਰ ਹਨ ਜਿਹਨਾਂ ਨੇ 2184 ਡੈਲੀਗੇਟ ਚੁਣੇ ਸਨ। ਕੀ ਇਹ ਦਿਲਚਸਪ ਨਹੀਂ ਕਿ ਇੱਕਲੀ ਬਰੈਂਪਟਨ ਈਸਟ ਰਾਈਡਿੰਗ ਤੋਂ ਪਿਛਲੀ ਵਾਰ ਕੰਜ਼ਰਵੇਟਿਵ ਪਾਰਟੀ ਨੌਮੀਨੇਸ਼ਨ ਚੋਣ ਜਿੱਤਣ ਲਈ ਵੱਖ ਵੱਖ ਉਮੀਦਵਾਰਾਂ ਨੇ 40 ਹਜ਼ਾਰ ਦੇ ਕਰੀਬ ਮੈਂਬਰ ਬਣਾਏ ਸਨ।

ਲਿਬਰਲ ਲੀਡਰਸਿ਼ੱਪ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਹਾਸਲ ਕਰਨ ਲਈ ਹਰ ਰਾਈਡਿੰਗ ਵਿੱਚੋਂ 16 ਡੈਲੀਗੇਟ ਚੁਣੇ ਜਾਣੇ ਸਨ। ਹਰ ਰਾਈਡਿੰਗ ਵਿੱਚੋਂ ਚੁਣੇ ਗਏ ਡੈਲੀਗੇਟਾਂ ਵਿੱਚੋਂ 4 ਔਰਤ ਡੈਲੀਗੇਟ ਸਨ ਜਿਹਨਾਂ ਦੀ ਉਮਰ 25 ਸਾਲ ਤੋਂ ਵੱਧ ਸੀ, 4 ਮਰਦ ਡੈਲੀਗੇਟ ਸਨ ਜਿਹਨਾਂ ਦੀ ਉਮਰ 25 ਸਾਲ ਤੋਂ ਵੱਧ ਸੀ ਅਤੇ 4 ਡੈਲੀਗੇਟ 25 ਸਾਲ ਤੋਂ ਘੱਟ ਉਮਰ ਦੇ ਸਨ ਜਿਹਨਾਂ ਵਿੱਚੋਂ ਘੱਟੋ ਘੱਟ ਇੱਕ ਇਸਤਰੀ ਅਤੇ ਇੱਕ ਮਰਦ ਦਾ ਹੋਣਾ ਲਾਜ਼ਮੀ ਸੀ। ਇਸ ਤੋਂ ਇਲਾਵਾ 540 ਐਕਸ ਆਫਸ਼ੀਓ ਡੈਲੀਗੇਟ ਸਨ ਜਿਹਨਾਂ ਵਿੱਚ ਸਾਬਕਾ ਅਤੇ ਵਰਤਮਾਨ ਐਮ ਪੀ ਪੀ, ਪਾਰਟੀ ਦੀ ਐਗਜ਼ੈਕਟਿਵ ਦੇ ਮੈਂਬਰ, ਰਾਈਡਿੰਗ ਐਸੋਸੀਏਸ਼ਨਾਂ ਅਤੇ ਵੱਖੋ ਵੱਖਰੇ ਲਿਬਰਲ ਕਲੱਬਾਂ, ਮਿਸਾਲ ਵਜੋਂ ਵਿੱਦਿਆਰਥੀ ਕੱਲਬ ਜਾਂ ਔਰਤ ਕੱਲਬ, ਦੇ ਪ੍ਰਧਾਨ ਸ਼ਾਮਲ ਸਨ। ਲੀਡਰਸਿ਼ੱਪ ਵਿੱਚ ਕੁੱਦੇ ਹਰ ਉਮੀਦਵਾਰ ਨੇ 75,000 ਡਾਲਰ ਪਾਰਟੀ ਨੂੰ ਅਦਾ ਕੀਤੇ।

ਖੈਰ ਚੋਣ ਜਿੱਤਣ ਤੋਂ ਬਾਅਦ ਹੁਣ ਉਹ ਵਕਤ ਆਰੰਭ ਹੋ ਜਾਵੇਗਾ ਜਿਸ ਵਿੱਚ ਡੈਲ ਡੂਕਾ ਨੂੰ ਆਪਣੀ ਪਹਿਚਾਣ ਸਾਬਤ ਕਰਨੀ ਹੋਵੇਗੀ। ਉਸ ਕੋਲ ਹਾਲੇ ਉਂਟੇਰੀਓ ਪਾਰਲੀਮੈਂਟ ਵਿੱਚ ਸੀਟ ਨਹੀਂ ਹੈ ਜਿਸਨੂੰ ਜਿੱਤਣਾ ਇੱਕ ਵੱਡੀ ਚੁਣੌਤੀ ਹੋਵੇਗੀ ਖਾਸ ਕਰਕੇ ਜਦੋਂ ਲਿਬਰਲ ਪਾਰਟੀ ਦਾ ਢਾਂਚਾ ਕਾਫ਼ੀ ਲੜਖੜਾਇਆ ਹੋਇਆ ਹੈ। ਜੇ ਡੈਲ ਡੂਕਾ ਕੁੱਝ ਸਮਾਂ ਸੀਟ ਨਾ ਜਿੱਤ ਸਕਿਆ ਤਾਂ ਵਿਰੋਧੀ ਉਸਨੂੰ ਐਨ ਡੀ ਪੀ ਆਗੂ ਜਗਮੀਤ ਸਿੰਘ ਵਾਲਾ ਕਿੱਸਾ ਚੇਤੇ ਕਰਵਾਉਂਦੇ ਰਹਿਣਗੇ। ਕੋਈ ਸ਼ੱਕ ਨਹੀਂ ਕਿ ਇਟਾਲੀਅਨ ਮੂਲ ਦੇ ਵੁੱਡਬਰਿਜ ਨਿਵਾਸੀ ਡੈਲ ਡੂਕਾ ਕੋਲ ਚੰਗਾ ਖਾਸਾ ਸਿਆਸੀ ਅਨੁਭਵ ਹੈ ਜਿਸ ਵਿੱਚ 2012 ਤੋਂ 2018 ਤੱਕ ਐਮ ਪੀ ਪੀ ਅਤੇ ਟਰਾਂਸਪੋਰਟ ਅਤੇ ਆਰਥਕ ਵਿਕਾਸ ਬਾਰੇ ਮੰਤਰੀ ਹੋਣਾ ਸ਼ਾਮਲ ਹੈ।

ਡੈਲ ਡੂਕਾ ਨੇ ਚੋਣ ਜਿੱਤਣ ਤੋਂ ਬਾਅਦ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਸਦਾ ਜਸਟਿਨ ਟਰੂਡੋ ਵਾਲੀਆਂ ਗੈਲਰੀ ਨੂੰ ਭਾਉਣ ਵਾਲੀਆਂ ਗੱਲਾਂ ਉੱਤੇ ਵਧੇਰੇ ਜੋਰ ਰਹੇਗਾ। ਮਿਸਾਲ ਵਜੋਂ ਉਸਨੇ ਕਿਹਾ ਹੈ ਕਿ ਅਗਲੀਆਂ ਚੋਣਾਂ ਵਿੱਚ ਘੱਟੋ ਘੱਟ 30 ਸੀਟਾਂ ਨੂੰ 30 ਸਾਲਾਂ ਤੋਂ ਘੱਟ ਉਮਰ ਦੇ ਉਮਰ ਲਿਬਰਲਾਂ ਲਈ ਰੀਜ਼ਰਵ ਰੱਖਿਆ ਜਾਵੇਗਾ ਅਤੇ 50% ਸੀਟਾਂ ਔਰਤਾਂ ਲਈ ਰੀਜ਼ਰਵ ਹੋਣਗੀਆਂ। ਇਹ ਵਾਅਦੇ ਪੂਰੇ ਕਰਨਾ ਇਕ ਕਾਬਲੇ ਤਾਰੀਫ ਗੱਲ ਹੋਵੇਗੀ ਪਰ ਸੱਭ ਤੋਂ ਵੱਧ ਚੁਣੌਤੀ ਹੋਵੇਗੀ ਕਿ ਉਹ 2022 ਦੀਆਂ ਚੋਣਾਂ ਵਿੱਚ ਡੱਗ ਫੋਰਡ ਦਾ ਮੁਕਾਬਲਾ ਕਿਵੇਂ ਕਰੇਗਾ। ਵਿਸ਼ੇਸ਼ ਕਰਕੇ ਉਹਨਾਂ ਹਾਲਾਤਾਂ ਵਿੱਚ ਜਦੋਂ ਸਨੂੰ ਕੈਥਲਿਨ ਵਿੱਨ ਸਰਕਾਰ ਦੀਆਂ ਨਾਕਾਮਯਾਬੀਆਂ ਦਾ ਬੋਝ ਉਸਦੇ ਮੋਢਿਆਂ ਉੱਤੇ ਢੋਣ ਦੀ ਮਜਬੂਰੀ ਹੋਵੇਗੀ। ਕੀ ਇਹ ਦਿਲਸਚਪ ਨਹੀਂ ਕਿ ਕੱਲ ਆਪਣੇ ਜਿੱਤ ਦੇ ਭਾਸ਼ਣ ਵਿੱਚ ਉਸਨੇ ਡੱਗ ਫੋਰਡ ਅਤੇ ਕੈਥਲਿਨ ਵਿੱਨ ਬਾਰੇ ਜਿ਼ਕਰ ਤੱਕ ਨਹੀਂ ਕੀਤਾ। ਆਖਰ ਇਹਨਾਂ ਕੌੜੀਆਂ ਹਕੀਕਤਾਂ ਤੋਂ ਕਦੋਂ ਤੱਕ ਬਚਿਆ ਜਾ ਸਕੇਗਾ?

ਅਗਲੇ ਦੋ ਸਾਲਾਂ ਵਿੱਚ ਡੈਲ ਡੂਕਾ ਲਈ ਸਮੂਹ ਰਾਈਡਿੰਗ ਲਈ ਜਿੱਤਣਯੋਗ ਉਮੀਦਵਾਰ ਦੇ ਨਾਲ 2 ਪਾਰਟੀ ਦੇ ਬੈਂਕ ਖਾਤੇ ਵਿੱਚ ਡਾਲਰਾਂ ਦਾ ਮੀਂਹ ਵੀ ਵਰਸਾਉਣਾ ਹੋਵੇਗਾ। 2019 ਵਿੱਚ ਕੰਜ਼ਰਵੇਟਿਵ ਪਾਰਟੀ ਨੇ 4.6 ਮਿਲੀਅਨ ਡਾਲਰ ਡੋਨੇਸ਼ਨਾਂ ਵਿੱਚ ਇੱਕਤਰ ਕੀਤੇ ਜਿਸਦੇ ਮੁਕਾਬਲੇ ਲਿਬਰਲ ਮਹਿਜ਼ 7 ਲੱਖ 70 ਹਜ਼ਾਰ ਡਾਲਰ ਇੱਕਤਰ ਕਰ ਸਕੇ ਸਨ। ਇਸਤੋਂ ਇਲਾਵਾ ਸਟੀਵਨ ਡੈਲ ਡੂਕਾ ਨੂੰ ਬਿਨਾ ਆਗਿਆ ਤੋਂ ਪੂਲ ਬਣਾਉਣ ਅਤੇ ਆਰਥਕ ਵਿਕਾਸ ਵਜੋਂ ਮੰਤਰੀ ਹੋਣ ਸਮੇਂ ਮੈਟਰੋਲਿੰਕਸ ਬਾਰੇ ਗਲਤ ਫੈਸਲਾ ਕਰਕੇ ਲੱਖਾਂ ਡਾਲਰਾਂ ਦਾ ਨੁਕਸਾਨ ਕਰਨ ਵਿੱਚ ਭਾਗੀਦਾਰ ਹੋਣ ਵਰਗੇ ਸੁਆਲਾਂ ਦੇ ਜਵਾਬ ਵੀ ਦੇਣੇ ਹੋਣਗੇ।

Have something to say? Post your comment