Welcome to Canadian Punjabi Post
Follow us on

02

July 2025
 
ਸੰਪਾਦਕੀ

ਮੈਰੀਉਆਨਾ ਤੋਂ ਬਾਅਦ ਡਰੱਗਜ਼ ਬਾਰੇ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ?

March 04, 2020 08:18 AM

ਪੰਜਾਬੀ ਪੋਸਟ ਸੰਪਾਦਕੀ

ਬੀਚਸ-ਈਸਟ ਯੌਰਕ (Beaches—East York) ਰਾਈਡਿੰਗ ਤੋਂ ਲਿਬਰਲ ਐਮ ਪੀ ਨੇਥੀਨੀਅਲ ਐਰਸਕਿਨ-ਸਮਿਥ ਨੇ ਬੀਤੇ ਦਿਨੀਂ ਪਾਰਲੀਮੈਂਟ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਸੀ-236 ਪੇਸ਼ ਕੀਤਾ ਜਿਸਦਾ ਮਨੋਰਥ ਉਹਨਾਂ ਡਰੱਗਾਂ ਨੂੰ ਕੈਨੇਡਾ ਦੇ ਕ੍ਰਿਮੀਨਲ ਕੋਡ ਵਿੱਚ ਦਰਜ਼ ਅਪਰਾਧਕ ਗਤੀਵਿਧੀਆਂ ਤੋਂ ਬਾਹਰ ਕੱਢਣਾ ਹੈ ਜਿਹਨਾਂ ਦਾ ਲੋਕੀ ਨਸ਼ੇ ਦੀ ਆਦਤ ਕਾਰਣ ਸੇਵਨ ਕਰਦੇ ਹਨ। ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਹੈਰੋਇਨ ਜਾਂ ਹੋਰ ਡਰੱਗਾਂ ਨੂੰ ਨਿੱਜੀ ਵਰਤੋਂ ਲਈ ਰੱਖਣਾ ਅਪਰਾਧਕ ਗਤੀਵਿਧੀ ਨਾ ਰਹਿ ਕੇ ਮਹਿਜ਼ ਪ੍ਰਸ਼ਾਸ਼ਨਕ ਮਸਲਾ ਰਹਿ ਜਾਵੇਗਾ ਜਿਵੇਂ ਕਿ ਟਰੈਫਿਕ ਨੇਮ ਦੀ ਉਲੰਘਣਾ ਕਰਨ ਨਾਲ ਟਿਕਟ ਦਾ ਮਿਲਣਾ ਹੁੰਦਾ ਹੈ। ਕੀ ਇਸ ਬਿੱਲ ਨੂੰ ਲਿਬਰਲ ਪਾਰਟੀ ਦਾ ਸਮਰੱਥਨ ਮਿਲੇਗਾ ਜਾਂ ਫੇਰ ਇਸਨੂੰ ਇੱਕਲੇ ਕਾਰੇ ਮੈਂਬਰ ਪਾਰਲੀਮੈਂਟ ਦੀ ਸੋਚ ਦਾ ਫਿਤਨਾ ਸਮਝ ਕੇ ਅੱਖੋਂ ਪਰੋਖੇ ਕਰ ਦਿੱਤਾ ਜਾਵੇਗਾ। ਇਸ ਬਿੱਲ ਦਾ ਹਸ਼ਰ ਜੋ ਮਰਜ਼ੀ ਹੋਵੇ ਇਸ ਬਾਰੇ ਚਰਚਾ ਕਰਨਾ ਦਿਲਚਸਪ ਹੈ।

ਵਰਨਣਯੋਗ ਹੈ ਕਿ ਨੇਥਨੀਅਲ ਨੇ ਡਰੱਗਾਂ ਨੂੰ ਗੈਰ-ਅਪਰਾਧਕ ਬਣਾਉਣ ਬਾਰੇ ਪ੍ਰਾਈਵੇਟ ਮੈਂਬਰ ਬਿੱਲ ਸੀ-460 ਪਾਰਲੀਮੈਂਟ ਵਿੱਚ 2019 ਵਿੱਚ ਵੀ ਪੇਸ਼ ਕੀਤਾ ਸੀ। ਉਸ ਵੇਲੇ ਇਸ ਬਿੱਲ ਦੀ ਸਮੇਂ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ ਜਿਸਨੂੰ ਪਾਰਲੀਮਾਨੀ ਭਾਸ਼ਾ ਵਿੱਚ ਬਿੱਲ ਦਾ Died on the orders of Papersਹੋਣਾ ਆਖਿਆ ਜਾਂਦਾ ਹੈ। ਇਸਦਾ ਸਾਧਾਰਨ ਅਰਥ ਹੈ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਉਹਨਾਂ ਸਾਰੇ ਬਿੱਲ ਖਾਰਜ ਹੋ ਜਾਂਦੇ ਹਨ ਜਿਹਨਾਂ ਨੂੰ ਰੋਆਇਲ ਪਰਵਾਨਗੀ (Royal Assent) ਨਹੀਂ ਮਿਲੀ ਹੁੰਦੀ। ਮੁਮਕਿਨ ਹੈ ਕਿ ਉਸ ਵੇਲੇ ਬਿੱਲ ਦੇ ਆਪਣੀ ਮੌਤੇ ਆਪ ਮਰ ਜਾਣ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੁਖ ਦਾ ਸਾਹ ਲਿਆ ਹੋਵੇ ਕਿਉਂਕਿ ਉਹ ਜਤਨਕ ਰੂਪ ਵਿੱਚ ਮੈਰੀਉਆਨਾ ਤੋਂ ਬਾਅਦ ਕਿਸੇ ਵੀ ਕਿਸਮ ਦੇ ਡਰੱਗ ਨੂੰ ਗੈਰ-ਅਪਰਾਧਕ ਬਣਾਉਣ ਦੇ ਹੱਕ ਵਿੱਚ ਨਹੀਂ ਰਹੇ ਹਨ। ਉਹਨਾਂ ਦਾ ਇਹ ਸਟੈਂਡ ਇਸ ਤੱਥ ਦੇ ਬਾਵਜੂਦ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲਿਬਰਲ ਮੈਂਬਰ ਪਾਰਲੀਮੈਂਟ ਡਰੱਗਾਂ ਨੂੰ ਗੈਰ-ਅਪਰਾਧਕ ਬਣਾਉਣ ਦੇ ਹੱਕ ਵਿੱਚ ਹਨ। ਮਿਸਾਲ ਵਜੋਂ 2018 ਵਿੱਚ ਲਿਬਰਲ ਪਾਰਟੀ ਦੀ ਨੈਸ਼ਨਲ ਕਾਕਸ ਨੇ ਸਾਲਾਨਾ ਕਨਵੈਨਸ਼ਨ ਦੌਰਾਨ ਇੱਕ ਮਤਾ ਪਾਸ ਕੀਤਾ ਸੀ ਕਿ ਲਿਬਰਲ ਸਰਕਾਰ ਡਰੱਗਾਂ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਥੋੜੀ ਮਾਤਰਾ ਵਿੱਚ ਡਰੱਗ ਰੱਖਣ ਨੂੰ ਅਪਰਾਧ ਕਰਨਾ ਸਪਾਪਤ ਕਰ ਦੇਵੇਗੀ। ਪ੍ਰਧਾਨ ਮੰਤਰੀ ਟਰੂਡੋ ਸਦਾ ਹੀ ਆਪਣੀ ਪਾਰਟੀ ਦੇ ਇਸ ਮਤੇ ਦੇ ਇਹ ਆਖਦੇ ਹੋਏ ਵਿਰੁੱਧ ਰਹੇ ਹਨ ਕਿ ਅਜਿਹਾ ਕਰਨ ਦਾ ਹਾਲੇ ਸਹੀ ਸਮਾਂ ਨਹੀਂ ਹੈ। ਕੀ ਹੁਣ ਉਹ ਸਹੀ ਸਮਾਂ ਆ ਗਿਆ ਹੈ?

ਪ੍ਰਧਾਨ ਮੰਤਰੀ ਵੱਲੋਂ ਡਰੱਗਾਂ ਨੂੰ ਅਪਰਾਧਕ ਲਿਸਟ ਵਿੱਚੋਂ ਨਾ ਕੱਢੇ ਜਾਣ ਬਾਰੇ ਸਟੈਂਡ ਸਦਕਾ ਹੀ ਕੈਨੇਡਾ ਨੇ ਯੂਨਾਈਟਡ ਨੇਸ਼ਨ ਅਸੈਂਬਲੀ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਸਿ਼ਆਂ ਨੂੰ ਅਪਰਾਧਕ ਬਣਾਈ ਰੱਖਣ ਦੇ ਮਤੇ ਦੀ ਹਮਾਇਤ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਸਟੈਂਡ ਦੀ ਕੁੱਝ ਲਿਬਰਲ ਖੇਮਿਆਂ ਸਮੇਤ ਕਈ ਹੋਰ ਪਾਸਿਓਂ ਖਾਸ ਕਰਕੇ ਐਨ ਡੀ ਪੀ ਅਤੇ ਗਰੀਨ ਪਾਰਟੀ ਵੱਲੋਂ ਨਿਖੇਧੀ ਕੀਤੀ ਗਈ ਸੀ। ਐਨ ਡੀ ਪੀ ਲੀਡਰ ਜਗਮੀਤ ਸਿੰਘ ਨੇ ਆਪਣੀ ਲੀਡਰਸਿ਼ੱਪ ਚੋਣ ਦੇ ਦਿਨਾਂ ਤੋਂ ਹੀ ਡਰੱਗਾਂ ਨੂੰ ਗੈਰ-ਅਪਰਾਧਕ ਬਣਾਉਣ ਦੇ ਹੱਕ ਵਿੱਚ ਸਟੈਂਡ ਲਿਆ ਹੋਇਆ ਹੈ ਅਤੇ ਇਹ ਗੱਲ ਐਨ ਡੀ ਪੀ ਦੇ 2019 ਦੀਆਂ ਚੋਣਾਂ ਦੌਰਾਨ ਪਲੇਟਫਾਰਮ ਵਿੱਚ ਵੀ ਸ਼ਾਮਲ ਸੀ। ਗਰੀਨ ਪਾਰਟੀ ਤਾਂ ਖੈਰ ਕਾਫੀ ਦੇਰ ਤੋਂ ਹੀ ਨਸਿ਼ਆਂ ਉੱਤੋਂ ਕ੍ਰਿਮੀਨਲ ਟੈਗ ਹਟਾਉਣ ਨੂੰ ਆਪਣੀ ਹਰੀ ਝੰਡੀ ਦੇ ਚੁੱਕੀ ਹੈ। ਇਹਨਾਂ ਸਾਰਿਆਂ ਦਾ ਮੰਨਣਾ ਹੈ ਕਿ ਨਸਿ਼ਆਂ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕੀਤੀਆਂ ਜਾ ਸਕਦੀਆਂ ਹਨ ਜੇ ਨਸਿ਼ਆਂ ਨੂੰ ਲੈ ਕੇ ਚੱਲਣਾ ਸੁਖਾਲਾ ਕਰ ਦਿੱਤਾ ਜਾਵੇ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਮੁਤਾਬਕ 2016 ਵਿੱਚ 14,000 ਕੈਨੇਡੀਅਨ ਓਪੀਓਆਇਡਜ਼ (opioids) ਕਾਰਣ ਮਰੇ ਸਨ।

ਵੇਖਣਾ ਹੋਵੇਗਾ ਕਿ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਬਿੱਲ ਨੂੰ ਲੈ ਕੇ ਆਪਣੇ ਪਹਿਲੇ ਸਟੈਂਡ ਵਿੱਚ ਕੋਈ ਤਬਦੀਲੀ ਕਰਨਗੇ ਜਾਂ ਫੇਰ ਆਪਣਾ ਵਿਰੋਧ ਜਾਰੀ ਰੱਖ ਕੇ ਲਿਬਰਲ ਐਮ ਪੀਆਂ ਨੂੰ ਇਸਦੇ ਵਿਰੋਧ ਵਿੱਚ ਵੋਟ ਪਾਉਣ ਲਈ ਮਜ਼ਬੂਰ ਕਰਨਗੇ। ਇਹ ਵੇਖਣਾ ਵੀ ਦਿਲਚਸਪ ਹੋਵੇਗਾ ਕਿ ਇਸ ਬਿੱਲ ਨੂੰ ਲੈ ਕੇ ਐਨ ਡੀ ਪੀ ਅਤੇ ਗਰੀਨ ਪਾਰਟੀ ਵੱਲੋਂ ਸਰਕਾਰ ਉੱਤੇ ਕਿਹੋ ਜਿਹਾ ਦਬਾਅ ਪਾਇਆ ਜਾਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ