ਸਿਡਨੀ ਦੇ ਗੁਰਦੁਆਰਾ ਸਾਹਿਬ, ਸਿੱਖ ਸੈਂਟਰ ਦੇ ਬਾਬਾ ਬੁੱਢਾ ਜੀ ਹਾਲ ਵਿਚ, ਸ. ਜਸਵੰਤ ਸਿੰਘ ਕੰਵਲ ਅਤੇ ਬੀਬੀ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਸ਼ੋਕ ਸਮਾਗਮ ਕੀਤਾ ਗਿਆ।
ਸ਼ੁਰੂ ਵਿਚ ਗੁਰਦੁਆਰਾ ਸਾਹਿਬ ਦੇ ਸੈਕਟਰੀ ਮੋਹਨ ਸਿੰਘ ਵਿਰਕ ਨੇ ਸਮਾਗਮ ਦੀ ਆਰੰਭਤਾ ਸਮੇ, ਦੋਹਾਂ ਸ਼੍ਰੋਮਣੀ ਸਾਹਿਤਕਾਰਾਂ ਦੇ ਸਦੀਵੀ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਆਖਿਆ ਕਿ ਇਹਨਾਂ ਪੰਜਾਬੀ ਸਾਹਿਤ ਦੇ ਧੁਰੰਤਰ ਵਿਦਵਾਨਾਂ ਦੇ ਅਕਾਲ ਚਲਾਣੇ ਨਾਲ਼ ਸਾਹਿਤਕ ਸੰਸਾਰ ਵਿਚ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ। ਉਹਨਾਂ ਨੇ ਆਖਿਆ ਕਿ ਮੈਂ ਇਹਨਾਂ ਮਹਾਨ ਸਾਹਿਤਕਾਰਾਂ ਦੇ ਅਕਾਲ ਚਲਾਣੇ 'ਤੇ ਦੁੱਖ ਪਰਗਟ ਕਰਦਾ ਹੋਇਆ, ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਉਹ ਵਿੱਛੜੀਆਂ ਆਤਮਾਵਾਂ ਨੂੰ ਸ਼ਾਂਤੀ ਅਤੇ ਸੱਜਣਾਂ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਉਪ੍ਰੰਤ ਵਿਰਕ ਸਾਹਿਬ ਨੇ, ਪ੍ਰਸਿਧ ਪੰਥਕ ਵਿਦਵਾਨ ਅਤੇ ਸਾਹਿਤਕਾਰ ਗਿਆਨੀ ਸੰਤੋਖ ਸਿੰਘ ਜੀ ਨੂੰ ਸਟੇਜ ਉਪਰ ਬੁਲਾਇਆ। ਗਿਆਨੀ ਜੀ ਨੇ ਕੰਵਲ ਸਾਹਿਬ ਜੀ ਨਾਲ਼ ਨਿਜੀ ਸਬੰਧਾਂ ਦੀ ਸਾਂਝ ਨੂੰ ਸਰੋਤਿਆਂ ਨਾਲ਼ ਸਾਂਝਾ ਕਰਦਿਆਂ, ਦੋਹਾਂ ਸਾਹਿਤਕਾਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਣ ਕੀਤੀ।
'ਦਾ ਪੰਜਾਬ ਹੈਰਲਡ' ਦੇ ਮੁਖ ਸੰਪਾਦਕ, ਡਾ. ਅਵਤਾਰ ਸਿੰਘ ਸੰਘਾ ਜੀ ਨੇ ਦੋਹਾਂ ਵਿੱਛੜੇ ਸੱਜਣਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਉਹਨਾਂ ਸਾਹਿਤਕਾਰਾਂ ਦੇ ਨਿਜੀ ਜੀਵਨ ਦੀਆਂ ਘਟਨਾਵਾਂ ਬਾਰੇ ਵੀ ਸਰੋਤਿਆਂ ਨੂੰ ਦੱਸਿਆ ਅਤੇ ਸ਼ਰਧਾਂਜਲੀ ਅਰਪਣ ਕੀਤੀ।
ਰੋਜ਼ਾਨਾ 'ਅਜੀਤ' ਦੇ ਸਿਡਨੀ ਵਿਚ ਨਾਮਾ ਨਿਗਾਰ ਅਤੇ ਸੰਗੀਤ ਸੈਂਟਰ ਸਿਡਨੀ ਦੇ ਚੇਅਰਮੈਨ, ਸ. ਹਰਕੀਰਤ ਸਿੰਘ ਨੇ ਦੋਹਾਂ ਸਾਹਿਤਕਾਰਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਭਰਪੂਰ ਜਾਣਕਾਰੀ ਦਿਤੀ ਅਤੇ ਸ਼ਰਧਾਂਜਲੀ ਵਜੋਂ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਬਹੁਤ ਸਾਰੇ ਵਕਤਿਆਂ ਨੇ ਆਪੋ ਆਪਣੀ ਜਾਣਕਾਰੀ ਅਨੁਸਾਰ, ਦੋਹਾਂ ਸਾਹਿਤਕਾਰਾਂ ਨਾਲ਼ ਬਿਤਾਏ ਪਲਾਂ ਦੀਆਂ ਯਾਦਾਂ ਅਤੇ ਉਹਨਾਂ ਦੀਆਂ ਲਿਖਤਾਂ ਬਾਰੇ ਵਿਚਾਰ ਪਰਗਟ ਕੀਤੇ।
ਪ੍ਰਸਿਧ ਲੋਕ ਗਾਇਕ ਅਤੇ ਸੰਗੀਤ ਸੈਂਟਰ ਦੇ ਕਰਤਾ ਧਰਤਾ, ਸ. ਦਵਿੰਦਰ ਸਿੰਘ ਧਾਰੀਆ ਜੀ ਨੇ ਇਕ ਸੋਗਮਈ ਗੀਤ ਰਾਹੀਂ ਵਿੱਛੜੀਆਂ ਸਾਹਿਤਕ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ।
ਉਪ੍ਰੰਤ ਡਾ. ਅਵਤਾਰ ਸਿੰਘ ਸੰਘਾ ਜੀ ਦੀ ਨਵੀਂ ਕਿਤਾਬ 'ਘੋੜਾ ਡਾਕਟਰ' ਪਾਠਕਾਂ ਦੇ ਅਰਪਣ ਕੀਤੀ ਗਈ।
ਡਾਕਟਰ ਸਾਹਿਬ ਦੀਆਂ ਸਾਹਿਤਕ ਕਿਰਤਾਂ ਅਤੇ ਇਸ ਕਿਤਾਬ ਬਾਰੇ ਬੋਲਦਿਆਂ ਗਿਆਨੀ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਆਸਟ੍ਰੇਲੀਆ ਵਿਚ ਸੰਘਾ ਸਾਹਿਬ ਪੰਜਾਬੀ ਸਾਹਿਤਕਾਰੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਅਤੀ ਸ਼ਲਾਘਾਯੋਗ ਕਾਰਜ ਕਰ ਰਹੇ ਹਨ।
ਇਸ ਸ਼ੋਕ ਸਮਾਗਮ ਵਿਚ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਸੰਗੀਤ ਸੈਂਟਰ ਅਤੇ ਪੰਜਾਬੀ ਕੌਂਸਲ ਆਸਟ੍ਰੇਲੀਆ ਦੇ ਸਾਹਿਤ ਰਸੀਆਂ ਨੇ ਭਾਗ ਲਿਆ।
ਅੰਤ ਵਿਚ ਸ. ਹਰਕੀਰਤ ਸਿੰਘ ਸੰਧਰ ਜੀ ਵੱਲੋਂ ਆਏ ਸੱਜਣਾਂ ਦੇ ਧੰਨਵਾਦ ਨਾਲ਼ ਸਭਾ ਦੀ ਸਮਾਪਤੀ ਹੋਈ।