ਇਸਲਾਮਾਬਾਦ, 26 ਫਰਵਰੀ (ਪੋਸਟ ਬਿਊਰੋ)- ਇਸ ਵਕਤ ਦਿੱਲੀ ਵਿੱਚ ਹੋ ਰਹੀ ਹਿੰਸਾ ਅੰਤਰਰਾਸ਼ਟਰੀ ਮੀਡੀਆ ਵਿਚ ਸੁਰਖੀਆਂ ਵਿਚ ਹੈ। ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਿੱਲੀ ਹਿੰਸਾ ਬਾਰੇ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾ ਨੇ ਦਿੱਲੀ ਦੀ ਹਿੰਸਾ ਉੱਤੇ ਭਾਰਤ ਨੂੰ ਘੇਰਨ ਦੇ ਨਾਲ ਆਪਣੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਕਰਨ ਦੀ ਗੱਲ ਕਹੀ ਹੈ।
ਇਮਰਾਨ ਨੇ ਟਵੀਟ ਕੀਤਾ, 'ਅੱਜ ਭਾਰਤ ਵਿਚ ਅਸੀਂ ਦੇਖਦੇ ਹਾਂ ਕਿ ਅਰਬਾਂ ਦੀ ਆਬਾਦੀ ਵਾਲੇ ਐਟਮੀ ਸ਼ਕਤੀ ਵਾਲੇ ਦੇਸ਼ ਉੱਤੇ ਨਾਜ਼ੀਵਾਦ ਤੋਂ ਪ੍ਰੇਰਿਤ ਆਰ ਐੱਸ ਐੱਸ ਵਿਚਾਰਧਾਰਾ ਦਾ ਕੰਟਰੋਲ ਹੋ ਗਿਆ ਹੈ। ਜਦੋਂ ਵੀ ਨਸਲਵਾਦੀ ਵਿਚਾਰਧਾਰਾ ਉੱਤੇ ਆਧਾਰਿਤ ਨਫਰਤ ਫੈਲਦੀ ਹੈ ਤਾਂ ਖੂਨੀ ਸੰਘਰਸ਼ ਵੱਲ ਅੱਗੇ ਵੱਧਦੀ ਹੈ।' ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ, 'ਯੂ ਐੱਨ ਜਨਰਲ ਅਸੈਂਬਲੀ ਵਿੱਚ ਕੀਤੇ ਭਾਸ਼ਣ ਵਿਚ ਮੈਂ ਭੱਵਿਖਬਾਣੀ ਕੀਤੀ ਸੀ ਕਿ ਜਦੋਂ ਜਿੰਨ ਬੋਤਲ ਤੋਂ ਬਾਹਰ ਆਵੇਗਾ, ਖੂਨ-ਖਰਾਬੇ ਦਾ ਦੌਰ ਸ਼ੁਰੂ ਹੋ ਜਾਵੇਗਾ। ਕਸ਼ਮੀਰ ਸ਼ੁਰੂਆਤ ਸੀ। ਭਾਰਤ ਦੇ 20 ਕਰੋੜ ਮੁਸਲਿਮਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਸਾਰ ਭਾਈਚਾਰੇ ਨੂੰ ਕਾਰਵਾਈ ਕਰਨੀ ਚਾਹੀਦੀ ਹੈ।' ਇਸ ਪਿੱਛੋਂ ਉਨ੍ਹਾ ਨੇ ਆਪਣੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਕਿਹਾ ਕਿ ਮੈਂ ਨਾਗਰਿਕਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਪਾਕਿਸਤਾਨ ਵਿਚ ਜੇ ਕਿਸੇ ਨੇ ਗੈਰ-ਮੁਸਲਿਮਾਂ ਜਾਂ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਤਾਂ ਓਥੇ ਸਖਤੀ ਨਾਲ ਨਜਿੱਠਿਆ ਜਾਵੇਗਾ। ਸਾਡੇ ਘੱਟ ਗਿਣਤੀ ਮੈਂਬਰ ਇਸ ਦੇਸ਼ ਦੇ ਸਮਾਨ ਰੂਪ ਨਾਲ ਨਾਗਰਿਕ ਹਨ।
ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਿੱਲੀ ਹਿੰਸਾ ਦੇ ਵਾਸਤੇ ਕਿਹਾ ਸੀ ਕਿ ਭਾਰਤ ਦੇ ਨਾਗਰਿਕਤਾ ਕਾਨੂੰਨ ਬਾਰੇ ਉਸ ਦੇ ਦੇਸ਼ ਦਾ ਪੱਖ ਅੱਜ ਦਿੱਲੀ ਦੀ ਹਿੰਸਾ ਤੋਂ ਸਮਝਿਆ ਜਾ ਸਕਦਾ ਹੈ।