ਲੰਡਨ, 25 ਫਰਵਰੀ (ਪੋਸਟ ਬਿਊਰੋ)- ਭਾਰਤ ਨੇ ਤਾਮਿਲਨਾਡੂ ਦੇ ਮੰਦਰ ਵਿੱਚੋਂ ਚੋਰੀ ਹੋਣੀ 15ਵੀਂ ਸ਼ਤਾਬਦੀ ਦੀ ਸੰਤ ਤਿਰੂਮੰਕਾਈ ਅਲਵਾਰ ਦੀ ਮੂਰਤੀ ਨੂੰ ਵਾਪਸ ਕਰਨ ਲਈ ਬ੍ਰਿਟੇਨ ਸਰਕਾਰ ਨੂੰ ਬੇਨਤੀ ਕੀਤੀ ਹੈ। ਕਾਂਸੇ ਦੀ ਬਣੀ ਇਹ ਮੂੁਰਤੀ ਇਸ ਸਮੇਂ ਆਕਸਫੋਰਡ ਯੂਨੀਵਰਸਿਟੀ ਦੇ ਮਿਊਜ਼ੀਅਮ ਵਿੱਚ ਹੈ।
ਪਤਾ ਲੱਗਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਐਸ਼ਮੋਲੀਅਨ ਮਿਊਜ਼ੀਅਮ ਨੂੰ ਇਹ ਮੂਰਤੀ ਸੋਥਬੀ ਆਕਸ਼ਨ ਹਾਊਸ ਦੇ ਰਾਹੀਂ 1967 ਵਿੱਚ ਮਿਲੀ ਸੀ। ਸੋਥਬੀ ਨੇ ਇਸ ਨੂੰ ਜੇਅਰ ਬੇਲਮਾਂਟ ਦੇ ਸੰਗ੍ਰਹਿ ਤੋਂ ਲੈ ਕੇ ਨਿਲਾਮ ਕੀਤਾ ਸੀ। ਮਿਊਜ਼ੀਅਮ ਨੇ ਦੱਸਿਆ ਕਿ ਪ੍ਰਾਚੀਨ ਮੂਰਤੀ ਦੇ ਵਿਸ਼ੇ ਵਿੱਚ ਨਵੰਬਰ 2019 ਵਿੱਚ ਇੱਕ ਆਜ਼ਾਦ ਖੋਜੀ ਨੇ ਖ਼ਦਸ਼ਾ ਪ੍ਰਗਟ ਕੀਤਾ ਸੀ। ਇਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਮੂਰਤੀ ਦੇ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਕੱਲ੍ਹ ਮਿਊਜ਼ੀਅਮ ਨੇ ਬਿਆਨ ਜਾਰੀ ਕੀਤਾ ਕਿ ਜਾਂਚ ਵਿੱਚ ਪਤਾ ਲੱਗਾ ਕਿ ਇੰਸਟੀਚਿਈਊਟ ਫੈਂ੍ਰਕਾਈਸ ਡੀ ਪਾਂਡੇਚੇਰੀ ਐਂਡ ਦ ਇਕੋਲ ਫ੍ਰੈਂਕਾਈਸ਼ ਡੀ ਐਕਸਟ੍ਰੀਮ-ਓਰੀਐਂਟ (ਆਈ ਐਫ ਪੀ-ਈ ਐਫ ਈ ਓ) ਫੋਟੋ ਸੰਗ੍ਰਹਿ ਤੋਂ ਪਤਾ ਲੱਗਦਾ ਹੈ ਕਿ ਤਾਮਿਲਨਾਡੂ ਦੇ ਸ੍ਰੀ ਸੁੰਦਰਰਾਜਾ ਪੇਰੂਮਲ ਕੋਵਿਲ ਦੇ ਮੰਦਰ ਵਿੱਚ 1957 ਵਿੱਚ ਸੰਤ ਦੀ ਅਜਿਹੀ ਹੀ ਕਾਂਸੇ ਦੀ ਮੂਰਤੀ ਸੀ। ਮਿਊਜ਼ੀਅਮ ਪ੍ਰਸ਼ਾਸਨ ਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਬੀਤੀ 16 ਦਸੰਬਰ ਨੂੰ ਮੂਰਤੀ ਦੇ ਚੋਰੀ ਹੋਣ ਦਾ ਪੁਲਸ ਰਿਕਾਰਡ ਅਤੇ ਕਾਰਵਾਈ ਦੀ ਜਾਣਕਾਰੀ ਦੇਣ ਦੀ ਬੇਨਤੀ ਕੀਤੀ। ਇਸ ਜਾਣਕਾਰੀ ਤੋਂ ਸਾਬਤ ਹੋਵੇਗਾ ਕਿ ਮਿਊਜ਼ੀਅਮ ਵਿੱਚ ਰੱਖੀ ਸੰਤ ਦੀ ਮੂਰਤੀ ਉਹੀ ਹੈ ਜਿਹੜੀ ਤਾਮਿਲਨਾਡੂ ਦੇ ਮੰਦਰ ਵਿੱਚ ਸੀ।
ਲੰਡਨ 'ਚ ਭਾਰਤੀ ਹਾਈ ਕਮਿਸ਼ਨਰ ਰੁਚੀ ਘਨਸ਼ਿਆਮ ਨੇ ਮਿਊਜ਼ੀਅਮ ਦੀ ਸਰਗਰਮੀ ਨੂੰ ਸਵੀਕਾਰ ਕਰਦੇ ਹੋਏ ਮੂਰਤੀ ਦੇ ਬਾਰੇ ਸਾਰੀ ਜਾਣਕਾਰੀ ਭੇਜਣ ਲਈ ਭਾਰਤ ਵਿਚਲੇ ਅਧਿਕਾਰੀਆਂ ਨੂੰ ਕਿਹਾ ਹੈ। ਹਾਈ ਕਮਿਸ਼ਨ ਦੇ ਫਸਟ ਸੈਕਟਰੀ (ਵਪਾਰ) ਰਾਹੁਲ ਨਾਨਗੇਰੇ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਤਾਮਿਲਨਾਡੂ ਦੇ ਮੰਦਰ ਤੋਂ ਮੂਰਤੀ ਚੋਰੀ ਹੋਈ ਸੀ।