ਕਾਬੁਲ, 24 ਫਰਵਰੀ (ਪੋਸਟ ਬਿਊਰੋ)- ਅਮਰੀਕਾ ਤੇ ਤਾਲਿਬਾਨ ਵਿਚਾਲੇ ਸੱਤ ਦਿਨ ਲਈ ਹਿੰਸਾ ਵਿੱਚ ਕਮੀ ਕਰਨਦਾ ਸਮਝੌਤਾ ਹੋਣ ਤੋਂ ਅਗਲੇ ਦਿਨ ਹੀ ਅਫ਼ਗਾਨਿਤਾਨ ਵਿੱਚ ਅੱਠ ਥਾਈਂ ਤਾਲਿਬਾਨ ਤੇ ਅਫ਼ਗਾਨ ਸੁਰੱਖਿਆ ਫੋਰਸਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਇਹ ਸਮਝੌਤਾ ਪਰਸੋਂ ਅੱਧੀ ਰਾਤ ਲਾਗੂ ਹੋਇਆ ਹੈ। ਜੇ ਇਹ ਕਾਮਯਾਬ ਰਿਹਾ ਤਾਂ ਤਾਲਿਬਾਨ ਤੇ ਅਮਰੀਕਾ ਵਿਚਾਲੇ 29 ਫਰਵਰੀ ਨੂੰ ਸ਼ਾਂਤੀ ਸਮਝੌਤੇ 'ਤੇ ਦਸਖ਼ਤ ਕੀਤੇ ਜਾਣ ਦੀ ਆਸ ਹੈ।
ਵਰਨਣ ਯੋਗ ਹੈ ਕਿ ਇਸ ਸਮਝੌਤੇ ਬਾਰੇਦੋਵਾਂ ਪੱਖਾਂ ਵਿਚਾਲੇ ਪਿਛਲੇ 18 ਮਹੀਨਿਆਂ ਤੋਂ ਗੱਲਬਾਤ ਚੱਲਦੀ ਪਈ ਸੀ। ਸਮਝੌਤਾ ਹੋਣ ਤੋਂ ਬਾਅਦ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਤਾਲਿਬਾਨ ਅਤੇ ਅਫ਼ਗਾਨਿਸਤਾਨ ਸਰਕਾਰ ਵਿਚਾਲੇ ਗੱਲਬਾਤ ਦਾ ਰਾਹ ਵੀ ਖੁੱਲ੍ਹੇਗਾ। ਜਦੋਂ ਇਹ ਸਮਝੌਤਾ ਹੋਇਆ ਤਾਂ ਅਗਲੇ ਦਿਨ ਹੀ ਤਾਲਿਬਾਨ ਅਤੇ ਅਫ਼ਗਾਨ ਸੁਰੱਖਿਆ ਬਲਾਂ ਵਿਚਾਲੇ ਫਰਯਾਬ, ਉਰੁਜਗਾਨ, ਪਕਤੀਆ, ਬਲਖ਼, ਬਘਲਾਨ, ਬਦਗੀਜ਼, ਹੇਲਮੰਦ ਅਤੇ ਕਾਪਿਸ ਪ੍ਰਾਂਤਾਂ ਵਿੱਚ ਝੜਪਾਂ ਹੋਈਆਂ। ਅਫ਼ਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਅਸਦਉਲਾ ਖਾਲਿਦ ਨੇ ਫਿਰ ਵੀ ਕਿਹਾ ਹੈ ਕਿ ਹਿੰਸਾ ਵਿੱਚ ਕਾਫ਼ੀ ਕਮੀ ਆਈ ਹੈ। ਕੁਝ ਖੇਤਰਾਂ ਵਿੱਚ ਕੁਝ ਛੋਟੇ-ਮੋਟੇ ਹਮਲਿਆਂ ਦੀਆਂ ਖਬਰਾਂ ਹਨ, ਪਰ ਬਹੁਤ ਗੰਭੀਰ ਮਸਲਾ ਨਹੀਂ ਹੈ।ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਵੀ ਟਵੀਟ ਵਿੱਚ ਕਿਹਾ, ਸਮਝੌਤੇ ਵਿੱਚ ਸਾਰੇ ਪ੍ਰਾਂਤਾਂ ਦੇ ਹੈੱਡਕੁਆਰਟਰਾਂ, ਵਿਦੇਸ਼ੀ ਟਿਕਾਣਿਆਂ ਅਤੇ ਅਫ਼ਗਾਨ ਸੁਰੱਖਿਆ ਬਲਾਂ ਦੇ ਹੈੱਡਕੁਆਰਟਰ ਸ਼ਾਮਲ ਹਨ। ਸਮਝੌਤੇ ਤਹਿਤ ਨਾ ਆਉਣ ਵਾਲੇ ਖੇਤਰਾਂ ਵਿੱਚ ਜੇ ਗੋਲੀਬਾਰੀ ਅਤੇ ਹਮਲਾ ਹੁੰਦਾ ਹੈ ਤਾਂ ਇਸ ਨੂੰ ਸਮਝੌਤੇ ਦੇ ਉਲੰਘਣ ਦੇ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ, ਆਖਰ ਇਹ ਦੇਸ਼ ਵਿਆਪੀ ਯੁੱਧਬੰਦੀ ਨਹੀਂ ਹੈ।