ਲਾਹੌਰ, 24 ਫਰਵਰੀ (ਪੋਸਟ ਬਿਊਰੋ)- ਅੱਜ ਕੱਲ੍ਹ ਟਿਕ ਟਾਕ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਇਸ ਵਾਰ ਇਕ ਵੀਡੀਓ ਪਾਕਿਸਤਾਨ ਦੀ ਆਈ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਬਾਰੇ ਪਾਕਿਸਤਾਨ ਵਿਚ ਕਾਫੀ ਸਾਰੇ ਲੋਕ ਭੜਕੇ ਹੋਏ ਹਨ। 14 ਸੈਕਿੰਡ ਦੀ ਇਹ ਵੀਡੀਓ ਇੱਕ ਲੜਕੀ ਲਈ ਮੁਸੀਬਤ ਬਣ ਗਈ ਹੈ।
ਪਾਕਿਸਤਾਨ ਦੀ ਇਸ ਵੀਡੀਓ ਵਿਚ ਇਕ ਲੜਕੀ ਚਿੱਟੇ ਰੰਗ ਦੇ ਕੱਪੜੇ ਪਾ ਕੇ ਡਾਂਸ ਕਰਦੀ ਦਿਖਾਈ ਦੇਂਦੀ ਹੈ। ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਲੋਕਾਂ ਨੇ ਇਸ ਵੀਡੀਓ ਤੇ ਲੜਕੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਸ ਵੀਡੀਓ ਵਿਚ ਲੜਕੀ ਪਾਕਿਸਤਾਨ ਦੇ ਮੋੜੀ ਮੁਹੰਮਦ ਅਲੀ ਜਿਨਾਹ ਦੀ ਕਬਰ ਦੇ ਸਾਹਮਣੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਮੁਹੰਮਦ ਅਲੀ ਜਿਨਾਹ ਦੀ ਇਹ ਕਬਰ ਕਰਾਚੀ ਵਿਚ ਹੈ। ਇਹ ਲੜਕੀ ਸੰਗਮਰਮਰ ਦੇ ਫਰਸ਼ ਉੱਤੇ ਨੱਚ ਰਹੀ ਹੈ ਤੇ ਉਸ ਦਾ ਚਿਹਰਾ ਇੱਕ ਮਾਸਕ ਨਾਲ ਢੱਕਿਆ ਹੋਇਆ ਹੈ। ਮਾਸਕ ਹੋਣ ਕਰ ਕੇ ਲੜਕੀ ਦੀ ਪਛਾਣ ਬਾਰੇ ਜਾਣਕਾਰੀ ਨਹੀਂ ਮਿਲ ਸਕੀ, ਪਰ ਇਸ ਵੀਡੀਓ ਨੇ ਹੰਗਾਮਾ ਮਚਾ ਦਿੱਤਾ ਹੈ।
ਕਈ ਲੋਕ ਵੀਡੀਓ ਵਿਚ ਨੱਚਣ ਵਾਲੀ ਲੜਕੀ ਦੀ ਸਖ਼ਤ ਨਿੰਦਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨਾਹ ਦੀ ਕਬਰ ਉੱਤੇ ਏਦਾਂ ਦੀਆਂ ਵੀਡੀਓ ਨਹੀਂ ਬਣਾਉਣੀਆਂ ਚਾਹੀਦੀਆਂ, ਕੁਝ ਲੋਕ ਕਹਿੰਦੇ ਹਨ ਕਿ ਇਹ ਜਗ੍ਹਾ ਇਸ ਤਰ੍ਹਾਂ ਦੇ ਕੰਮ ਲਈ ਨਹੀਂ। ਲੜਕੀ ਦੇ ਡਾਂਸ ਦੀ ਵੀਡੀਓ 14 ਸੈਕਿੰਡ ਦੀ ਹੈ। ਇਸ ਵੀਡੀਓ ਵਿਚ ਕੁਝ ਲੋਕ ਇਧਰ-ਉਧਰ ਘੁੰਮਦੇ ਵੀ ਦੇਖੇ ਜਾ ਸਕਦੇ ਹਨ। ਇਕ ਔਰਤ ਨੇ ਕਿਹਾ ਕਿ ਇਸ ਲੜਕੀ ਦਾ ਦਿਮਾਗ ਖਰਾਬ ਹੈ, ਇਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਲੜਕੀ ਕੌਣ ਹੈ ਅਤੇ ਕਿੱਥੇ ਦੀ ਹੈ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ।