Welcome to Canadian Punjabi Post
Follow us on

19

March 2024
 
ਭਾਰਤ

ਟਰੰਪ ਦਾ ਭਾਰਤ ਦੌਰਾ: ਮੋਟੇਰਾ ਸਟੇਡੀਅਮ ਵਿੱਚ ਹੋਏ ਪਹਿਲੇ ਸਮਾਗਮ ਵਿੱਚ ਭਾਰਤ ਨਾਲ ਦੋਸਤੀ ਤੇ ਵਪਾਰ ਦੇ ਮੁੱਦੇ ਛੋਹੇ

February 25, 2020 06:14 AM

* ਅੱਤਵਾਦ ਦੇ ਮੁੱਦੇ ਤੋਂ ਸਖਤ ਬੋਲੀ ਵਿੱਚ ਪਾਕਿ ਨੂੰ ਸਮਝਾਉਣੀਆਂ


ਅਹਿਮਦਾਬਾਦ, 24 ਫਰਵਰੀ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤ ਦੀ ਯਾਤਰਾ ਲਈ ਜਦੋਂ ਗੁਜਰਾਤ ਦੇ ਇਸ ਮਹਾਨਗਰ ਵਿੱਚ ਏਅਰਪੋਰਟ ਉੱਤੇ ਉੱਤਰੇ ਤਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਬਾਅਦ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਨੇ 22 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਅਤੇ ਡੋਲਾਨਡ ਟਰੰਪ ਆਪਣੀ ਪਤਨੀ ਮੇਲਾਨੀਆ ਦੇ ਨਾਲ ਮੋਟੇਰਾ ਸਟੇਡੀਅਮ ਪਹੁੰਚੇ ਅਤੇ ਪਹਿਲੇ ਭਾਸ਼ਣ ਦੌਰਾਨ ਹੀ ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋਣ ਦੀ ਗੱਲ ਕੀਤੀ।
ਡੋਨਾਲਡ ਟਰੰਪ ਨੇ ‘ਨਮਸਤੇ’ ਕਹਿ ਕੇ ਭਾਸ਼ਣ ਸ਼ੁਰੂ ਕੀਤਾ ਅਤੇ ਕਿਹਾ ਕਿ ਅਮਰੀਕਾ ਹਮੇਸ਼ਾ ਲਈ ਭਾਰਤ ਵਾਸਤੇ ਵਫਾਦਾਰ ਦੋਸਤ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਦੇਸ਼ ਲਈ ਬਿਹਤਰੀਨ ਕੰਮ ਕਰ ਰਹੇ ਹਨ। ਟਰੰਪ ਨੇ ਮੋਟੇਰਾ ਸਟੇਡੀਅਮ ਦੀ ਖੂਬਸੂਰਤੀ ਦੀ ਤਾਰੀਫ ਕਰਨ ਪਿੱਛੋਂ ਕਿਹਾ ਕਿ ਮੈਂ ਇਸ ਸ਼ਾਨਦਾਰ ਸਵਾਗਤ ਲਈ ਤੁਹਾਡਾ ਧੰਨਵਾਦੀ ਹਾਂ। ਉਨ੍ਹਾ ਕਿਹਾ ਕਿ ਪੰਜ ਮਹੀਨੇ ਪਹਿਲਾਂ ਅਮਰੀਕਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਸੀ, ਅੱਜ ਭਾਰਤ ਨੇ ਸਾਡਾ ਸਵਾਗਤ ਕੀਤਾ ਹੈ, ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ। ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਜ਼ਿੰਦਗੀ ਤੋਂ ਇਸ ਦੇਸ਼ ਵਿੱਚ ਵਿਕਾਸ ਦੀ ਆਸ ਦਿੱਸਦੀ ਹੈ। ਮੋਦੀ ਏਥੋਂ ਦੇ ਲੋਕਤੰਤਰ ਦੇ ਸਭ ਤੋਂ ਮਜ਼ਬੂਤ ਨੇਤਾਵਾਂ ਵਿੱਚ ਸ਼ਾਮਲ ਹਨ ਅਤੇ ਕਾਫੀ ਕਾਮਯਾਬ ਨੇਤਾ ਹਨ, ਉਹ ਕਰੜੀ ਮਿਹਨਤ ਦੀ ਮਿਸਾਲ ਹਨ।
ਆਪਣੀ ਗੱਲ ਅੱਗੇ ਤੋਰਦੇ ਹੋਏ ਟਰੰਪ ਨੇ ਕਿਹਾ ਕਿ ਭਾਰਤੀ ਲੋਕ ਬੜੇ ਮਿਹਨਤੀ ਹਨ, ਅਮਰੀਕਾ ਵਿੱਚ 40 ਲੱਖ ਭਾਰਤੀ ਰਹਿੰਦੇ ਹਨ, ਉਹ ਸਾਡੇ ਦੋਸਤ ਹਨ ਤੇ ਹਰ ਖੇਤਰ ਵਿੱਚ ਬਿਹਤਰੀਨ ਕੰਮ ਕਰਦੇ ਹਨ। ਉਨ੍ਹਾ ਕਿਹਾ ਕਿ ਭਾਰਤ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ, ਇਹ ਇਸ ਦਹਾਕੇ ਦੀ ਸਭ ਤੋਂ ਵੱਡੀ ਗੱਲ ਹੈ। ਸਾਡੇ ਦੇਸ਼ ਲਈ ਤੁਹਾਡੇ ਯੋਗਦਾਨ ਵਾਸਤੇ ਅਮਰੀਕਾ ਭਾਰਤ ਦਾ ਧੰਨਵਾਦੀ ਹੈ। ਟਰੰਪ ਨੇ ਆਪਣੇ ਭਾਸ਼ਣ ਦੌਰਾਨ ਬਾਲੀਵੁੱਡ ਫ਼ਿਲਮਾਂ ਦੇ ਨਾਲ ਕ੍ਰਿਕਟ ਦਾ ਵੀ ਜ਼ਿਕਰ ਕੀਤਾ ਅਤੇ ਸਚਿਨ ਤੇਂਦੁਲਕਰ ਸਮੇਤ ਕਈ ਪ੍ਰਮੁੱਖ ਲੋਕਾਂ ਦੇ ਨਾਂਅ ਲਏ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਗੰਗਾ ਵੀ ਹੈ, ਗੋਲਡਨ ਟੈਂਪਲ ਵੀ ਹੈ, ਇਹ ਮਹਾਨ ਦੇਸ਼ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੋਵੇਂ ਦੇਸ਼ ਅੱਤਵਾਦ ਤੋਂ ਪ੍ਰਭਾਵਿਤ ਰਹੇ ਹਨ। ਅਸੀਂ ਆਈ ਐਸ ਆਈ ਐਸ ਨਾਂਅ ਦੀ ਜਥੇਬੰਦੀ ਨੂੰ 100 ਫੀਸਦੀ ਖ਼ਤਮ ਕੀਤਾ ਹੈ, ਅਸੀਂ ਅੱਤਵਾਦੀ ਵਿਦਾਰਧਾਰਾ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਨੇ ਪਾਕਿਸਤਾਨ ਬਾਰੇ ਕਿਹਾ ਕਿ ਉਸ ਨੂੰ ਅੱਤਵਾਦ ਦਾ ਖਾਤਮਾ ਕਰਨਾ ਚਾਹੀਦਾ ਹੈ।
ਖਚਾਖਚ ਭਰੇ ਮੋਟੇਰਾ ਸਟੇਡੀਅਮ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਇਸ 40 ਮਿੰਟ ਲੰਮੇ ਭਾਸ਼ਣ ਵਿੱਚ ਉਨ੍ਹਾਂ ਸਭ ਗੱਲਾਂ ਦਾ ਜਿ਼ਕਰ ਕੀਤਾ, ਜਿਨ੍ਹਾਂ ਦੀ ਸਿਆਸੀ ਜਾਂ ਕੂਟਨੀਤਕ ਪੱਖ ਤੋਂ ਲੋੜ ਸਮਝੀ ਜਾ ਸਕਦੀ ਹੈ ਅਤੇ ਭਾਰਤ ਦੀਆਂ ਚਿੰਤਾਵਾਂ ਵਾਲੇ ਮੁੱਦੇ ਵੀ ਇਸ ਵਿੱਚ ਸ਼ਾਮਲ ਕਰ ਲਏ। ਇਸਲਾਮਿਕ ਅੱਤਵਾਦ ਖ਼ਿਲਾਫ਼ ਸਖ਼ਤ ਰੁਖ ਅਪਣਾ ਕੇ ਟਰੰਪ ਨੇ ਭਾਰਤ ਨੂੰ ਇਹ ਭਰੋਸਾ ਦਿੱਤਾ ਕਿ ਅਮਰੀਕਾ ਇਸ ਲੜਾਈ ਵਿੱਚ ਪੂਰੀ ਤਰ੍ਹਾਂ ਉਸ ਦੇ ਨਾਲ ਹੈ, ਪਰ ਪਾਕਿਸਤਾਨ ਦੇ ਵੱਲ ਸਿੱਧਾ ਨਿਸ਼ਾਨਾ ਲਾਉਣ ਦੀ ਥਾਂ ਉਸ ਨੂੰ ਅੱਤਵਾਦ ਦੇ ਖ਼ਿਲਾਫ਼ ਆਪਣਾ ਭਾਈਵਾਲ ਦੱਸਿਆ।
ਭਾਰਤ ਨੂੰ ਵਿਸ਼ਵ ਦੀ ਆਰਥਿਕ ਸ਼ਕਤੀ ਮੰਨਦੇ ਹੋਏ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ਼ਾਰਾ ਕੀਤਾ ਕਿ ਦੱਖਣੀ ਏਸ਼ੀਆ ਵਿੱਚ ਭਾਰਤ ਨੂੰ ਸਮੱਸਿਆਵਾਂ ਦੇ ਹੱਲ ਅਤੇ ਇਸ ਖੇਤਰ ਦੀ ਸ਼ਾਂਤੀ ਤੇ ਸਥਿਰਤਾ ਦੀ ਜਿੰਮੇਵਾਰੀ ਵੀ ਚੁੱਕਣੀ ਪਵੇਗੀ। ਉਨ੍ਹਾ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲਦੀ ਕਾਰੋਬਾਰੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਤੇ ਮੰਨਿਆ ਕਿ ਭਾਰਤ ਨਾਲ ਇਸ ਬਾਰੇ ਗੱਲ ਕਰਨਾ ਸੌਖਾ ਨਹੀਂ। ਮੋਦੀ ਨੂੰ ਇਕ ਕਰੜੇ ਵਾਰਤਾਕਾਰ ਦੱਸ ਕੇ ਉਨ੍ਹਾਂ ਕਿਹਾ, ‘ਅਸੀਂ ਭਾਰਤ ਨਾਲ ਇਕ ਸ਼ਾਨਦਾਰ ਟਰੇਡ ਸਮਝੌਤੇ ਦੀ ਗੱਲ ਸ਼ੁਰੂ ਕਰ ਚੁੱਕੇ ਹਾਂ, ਜਿਹੜੀ ਦੋਵਾਂ ਦੇਸ਼ਾਂ ਵਿੱਚ ਹੋ ਰਹੇ ਨਿਵੇਸ਼ ਨੂੰ ਕਾਫ਼ੀ ਸੌਖਾ ਕਰ ਦੇਵੇਗੀ। ਅਸੀਂ ਹਾਲੇ ਤਕ ਦਾ ਸਭ ਤੋਂ ਵੱਡਾ ਟਰੇਡ ਸਮਝੌਤਾ ਕਰਨ ਵਾਲੇ ਹਾਂ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਅਰਬ ਡਾਲਰ ਦੇ ਹੈਲੀਕਾਪਟਰ ਸਮਝੌਤੇ ਦਾ ਜ਼ਿਕਰ ਕਰ ਕੇ ਕਿਹਾ ਕਿ ਅਮਰੀਕਾ ਭਾਰਤ ਦਾ ਸਭ ਤੋਂ ਮਜ਼ਬੂਤ ਫ਼ੌਜੀ ਭਾਈਵਾਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਬਿਹਤਰੀਨ ਹਥਿਆਰ ਤੇ ਫ਼ੌਜੀ ਸਾਮਾਨ ਅਮਰੀਕਾ ਬਣਾਉਂਦਾ ਹੈ ਤੇ ਉਨ੍ਹਾ ਨੇ ਉਹ ਸਾਰੇ ਸਾਮਾਨ ਭਾਰਤ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਵੀ ਕੀਤੀ। ਜੰਗੀ ਜਹਾਜ਼ਾਂ, ਮਿਜ਼ਾਈਲਾਂ, ਰਾਕਟਾਂ ਬਾਰੇ ਟਰੰਪ ਨੇ ਸਾਫ਼ ਕਿਹਾ ਕਿ ਅਮਰੀਕਾ ਇਨ੍ਹਾਂ ਸਭਨਾਂ ਨੂੰ ਭਾਰਤ ਨੂੰ ਵੇਚਣ ਦੀ ਇੱਛਾ ਰੱਖਦਾ ਹੈ।
ਆਪਣੀ ਪਤਨੀ ਮੇਲੇਨੀਆ ਟਰੰਪ, ਬੇਟੀ ਇਵਾਂਕਾ, ਜਵਾਈ ਜੈਰੇਡ ਕੁਸ਼ਨਰ ਨਾਲ ਆਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ ਵਿੱਚ ਸਵਾਮੀ ਵਿਵੇਕਾਨੰਦ ਤੋਂ ਲੈ ਕੇ ਭਾਰਤ ਦੇ ਧਾਰਮਿਕ ਭਾਈਚਾਰੇ ਵਾਲੇ ਜੀਵਨ ਢੰਗ ਦਾ ਵੀ ਜ਼ਿਕਰ ਕੀਤਾ। ਆਜ਼ਾਦੀ ਦੇ ਬਾਅਦ ਪਿਛਲੇ 70 ਸਾਲਾਂ ਵਿੱਚ ਭਾਰਤੀ ਲੋਕਤੰਤਰ ਨੇ ਜਿਹੜੀ ਥਾਂ ਹਾਸਲ ਕੀਤੀ, ਉਸ ਨੂੰ ਸ਼ਾਨਦਾਰ ਕਰਾਰ ਦੇ ਕੇ ਟਰੰਪ ਨੇ ਕਿਹਾ ਕਿ ਅਨੇਕਤਾ ਵਿੱਚ ਏਕਤਾ ਦੀ ਇਹੋ ਜਿਹੀ ਮਿਸਾਲ ਮਿਲਣੀ ਮੁਸ਼ਕਲ ਹੈ। ਜਿਵੇਂ ਸਾਰੇ ਧਰਮਾਂ ਦੇ ਲੋਕ ਇੱਥੇ ਭਾਈਚਾਰੇ ਨਾਲ ਰਹਿੰਦੇ ਅਤੇ ਸੈਂਕੜੇ ਭਾਸ਼ਾਵਾਂ ਬੋਲਦੇ ਹਨ, ਉਹ ਪੂਰੀ ਦੁਨੀਆ ਦੇ ਲਈ ਇਕ ਪ੍ਰੇਰਨਾ ਅਤੇ ਮਨੁੱਖਤਾ ਲਈ ਇੱਕ ਆਸ ਦੀ ਕਿਰਨ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ ਜੋਸ਼ 'ਚ ਲਾੜੇ ਨੂੰ ਕਾਰ 'ਤੇ ਸਟੰਟ ਕਰਨਾ ਪੈ ਗਿਆ ਭਾਰੀ, ਪੁਲਿਸ ਨੇ ਲਿਆ ਹਿਰਾਸਤ ਵਿਚ ਪਾਕਿਸਤਾਨ 'ਚ ਦਿਲੀਪ ਕੁਮਾਰ ਦਾ ਜੱਦੀ ਘਰ ਖਸਤਾ ਹਾਲਤ ਵਿਚ, ਭਾਰੀ ਮੀਂਹ ਕਾਰਨ ਨੁਕਸਾਨਿਆ ਗਿਆ ਪਾਕਿਸਤਾਨੀਆਂ ਨੂੰ ਭਾਰਤ 'ਚ ਵਸਾਉਣਾ ਚਾਹੁੰਦੇ ਹਨ, ਇਹ ਵੋਟ ਬੈਂਕ ਦੀ ਰਾਜਨੀਤੀ ਹੈ, ਸੀਏਏ `ਤੇ ਬੋਲੇ ਕੇਜਰੀਵਾਲ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸੀਨੀਅਰ ਨੇਤਾ ਦਾਜੀ ਸਾਹਿਬ ਦਾ ਹਾਲ-ਚਾਲ ਪੁੱਛਿਆ ਚੋਣ ਬਾਂਡ 'ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ, ਐੱਸ.ਬੀ.ਆਈ. ਨੂੰ 12 ਮਾਰਚ ਤੱਕ ਆਂਕੜੇ ਦੇਣ ਲਈ ਕਿਹਾ