ਲੰਡਨ, 22 ਫਰਵਰੀ (ਪੋਸਟ ਬਿਊਰੋ)- ਕਾਰਡਿਫ ਕਰਾਊਨ ਕੋਰਟ 'ਚ ਵੁਲਵਰਹੈਂਪਟਨ ਵਿਚਲੇ ਡਡਲੀ ਇਲਾਕੇ ਦੀ ਫੋਕਸਹਿੱਲ ਪਾਰਕ ਦੇ 31 ਸਾਲਾ ਅੰਮ੍ਰਿਤਪਾਲ ਸਿੰਘ ਥਾਂਦੀ ਨੂੰ ਅਦਾਲਤੀ ਹੁਕਮਾਂ ਨੂੰ ਅਣਡਿੱਠ ਕਰਕੇ ਤੇਜ਼ ਰਫ਼ਤਾਰ ਗੱਡੀ ਚਲਾਉਣ ਦੇ ਦੋਸ਼ 'ਚ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਵਿੱਚ ਦੱਸਿਆ ਗਿਆ ਕਿ ਬੀਤੇ ਸਾਲ 21 ਜੁਲਾਈ ਨੂੰ ਇੱਕ ਮੋਟਰ ਸਾਈਕਲ ਸਵਾਰ ਪੁਲਸ ਅਧਿਕਾਰੀ ਤੋਂ ਬਚਣ ਲਈ ਥਾਂਦੀ ਨੇ 30 ਮੀਲ ਘੰਟਾ ਰਫ਼ਤਾਰ ਵਾਲੀ ਸੜਕ 'ਤੇ 90 ਮੀਲ ਪ੍ਰਤੀ ਘੰਟਾ ਰਫ਼ਤਾਰ ਨਾਲ ਕਾਰ ਭਜਾਈ। ਇੱਥੇ ਹੀ ਬੱਸ ਨਹੀਂ ਉਸ ਨੇ ਪੁਲਸ ਤੋਂ ਬਚਣ ਲਈ ਇੱਕ ਸਮੇਂ 120 ਮੀਲ ਦੀ ਰਫ਼ਤਾਰ ਤੱਕ ਸੂਈਆਂ ਚਾੜ੍ਹ ਦਿੱਤੀਆਂ ਸਨ। ਥਾਂਦੀ ਨੇ ਬਹੁਤ ਖ਼ਤਰਨਾਕ ਢੰਗ ਨਾਲ ਗੱਡੀ ਚਲਾ ਕੇ ਕਈ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ 'ਚ ਪਾਇਆ। ਫਿਰ ਪੁਲਸ ਦੀਆਂ ਤਿੰਨ ਕਾਰਾਂ ਦਾ ਟਾਇਰ ਫੱਟਣ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਅਤੇ ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ, ਜੋ ਕਾਨੂੰਨੀ ਮਾਤਰਾ ਦੇ ਅੰਦਰ ਸੀ। ਅਦਾਲਤ 'ਚ ਦੱਸਿਆ ਗਿਆ ਕਿ ਥਾਂਦੀ 'ਤੇ 2011 ਵਿੱਚ ਸ਼ਰਾਬ ਪੀ ਕੇ ਕਾਰ ਚਲਾਉਣ ਕਾਰਨ ਪਾਬੰਦੀ ਲੱਗੀ ਸੀ। ਜਨਵਰੀ 2019 ਵਿੱਚ ਛੇ ਮਹੀਨੇ ਗੱਡੀ ਚਲਾਉਣ 'ਤੇ ਪਾਬੰਦੀ ਲੱਗੀ, ਪਰ ਇਸ ਦੇ ਬਾਵਜੂਦ ਉਹ ਮੁੜ ਖ਼ਤਰਨਾਕ ਢੰਗ ਨਾਲ ਕਾਰ ਚਲਾਉਂਦਾ ਕਾਬੂ ਆ ਗਿਆ। ਬਚਾਅ ਪੱਖ ਦੀਆਂ ਦਲੀਲਾਂ ਰੱਦ ਕਰਦਿਆਂ ਅਦਾਲਤ ਨੇ 18 ਮਹੀਨੇ ਕੈਦ ਅਤੇ ਦੋ ਸਾਲ ਲਈ ਡਰਾਈਵਿੰਗ ਕਰਨ 'ਤੇ ਪਾਬੰਦੀ ਦੇ ਨਾਲ-ਨਾਲ ਦੁਬਾਰਾ ਟੈਸਟ ਪਾਸ ਕਰਨ ਅਤੇ 149 ਪੌਂਡ ਪੀਵਤ ਸਰਚਾਰਜ ਅਦਾ ਕਰਨ ਦੇ ਆਦੇਸ਼ ਵੀ ਸੁਣਾਏ ਹਨ।