ਚੰਡੀਗੜ੍ਹ, 14 ਫਰਵਰੀ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਕਿਸਾਨਾਂ ਤੋਂ ਪੈਸਾ ਵਾਪਸ ਲਿਆ ਜਾਏ, ਜਿਨ੍ਹਾਂ ਨੂੰ ਖਾਤੇ ਵਿੱਚ ਪਿਛਲੇ ਸਾਲ ਕਰੀਬ ਇੱਕ ਕਰੋੜ ਰੁਪਏ ਗਲਤੀ ਨਾਲ ਪੈ ਗਏ ਸਨ। ਅਜਿਹੇ ਕਰੀਬ 1300 ਕਿਸਾਨ ਹਨ, ਜਿਨ੍ਹਾਂ ਨੂੰ ਬਿਨਾਂ ਪੜਤਾਲ ਦੇ ਪਰਾਲੀ ਨਾ ਸਾੜਨ ਦੇ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਵੱਲੋਂ ਪੈਸਾ ਮਿਲ ਗਿਆ ਸੀ। ਇਸ ਵਿੱਚ ਜ਼ਿਆਦਤਰ ਕਿਸਾਨ ਫਾਜ਼ਿਲਕਾ ਇਲਾਕੇ ਦੇ ਹਨ।
ਕੱਲ੍ਹ ਬੈਂਕਾਂ ਦੇ ਨਾਲ ਪੰਜਾਬ ਦੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਕੇਸ ਬਾਰੇ ਕਿਹਾ ਗਿਆ ਕਿ ਕਿਸਾਨਾਂ ਤੋਂ ਪੈਸਾ ਵਸੂਲ ਕੀਤਾ ਜਾਏ। ਬੈਂਕਾਂ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਦਿੱਤਾ ਗਿਆ ਸੀ, ਪਰ ਅਜੇ ਤੱਕ ਸਿਰਫ ਛੇ ਲੱਖ ਵਸੂਲ ਕੀਤਾ ਗਿਆ ਹੈ। ਬੈਂਕਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਖਾਤਿਆਂ Ḕਚੋਂ ਪੈਸਾ ਕਢਵਾ ਲਿਆ ਹੈ, ਇਸ ਕਾਰਨ ਉਹ ਬੇਵਸ ਹਨ, ਜਦ ਕਿਸਾਨ ਖਾਤਿਆਂ ਵਿੱਚ ਪੈਸਾ ਜਮ੍ਹਾ ਕਰਾਉਣਗੇ ਤਾਂ ਉਨ੍ਹਾਂ ਤੋਂ ਇਹ ਵਸੂਲ ਕਰ ਲਿਆ ਜਾਏਗਾ। ਬੈਂਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲਾ ਅਧਿਕਾਰੀਆਂ ਨੂੰ ਇਸ ਬਾਰੇ ਵਿੱਚ ਲਿਖਿਆ ਤੇ ਕਿਹਾ ਹੈ ਕਿ ਕਿਸਾਨਾਂ ਤੋਂ ਪੈਸਾ ਵਸੂਲ ਕਰਾਉਣ ਵਿੱਚ ਬੈਂਕਾਂ ਦੀ ਮਦਦ ਕਰਨ। ਪਿਛਲੇ ਸਾਲ ਪੰਜਾਬ ਸਰਕਾਰ ਨੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਸੀ, ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ, ਪਰ ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਬੜੀ ਚਲਾਕੀ ਨਾਲ ਸਰਕਾਰ ਤੋਂ ਪੈਸਾ ਬਗੈਰ ਕਿਸੇ ਪੜਤਾਲ ਦੇ ਪ੍ਰਾਪਤ ਕਰ ਲਿਆ ਸੀ।