Welcome to Canadian Punjabi Post
Follow us on

29

March 2020
ਸੰਪਾਦਕੀ

ਪਾਕਿਸਤਾਨ ਯਾਤਰਾ- ਕੱੁਝ ਚੋਣਵੇਂ ਪ੍ਰਭਾਵ-1

February 13, 2020 09:13 AM

-ਜਗਦੀਸ਼ ਗਰੇਵਾਲ
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਨੂੰ ਜਿਸ ਪੱਧਰ ਉੱਤੇ ਭਾਰਤ ਅਤੇ ਪਾਕਿਸਤਾਨ ਵਿੱਚ ਬੀਤੇ ਸਾਲ ਮਨਾਇਆ ਗਿਆ, ਉਸਦੀਆਂ ਚਰਚਾਵਾਂ ਵਿਸ਼ਵ ਭਰ ਵਿੱਚ ਹੋਈਆਂ। ਭਾਰਤ ਵਿੱਚ ਆਯੋਜਿਤ ਸਮਾਗਮਾਂ ਵਿੱਚ ਹਿੱਸਾ ਲੈਣ ਦਾ ਮੈਨੂੰ ਸੁਭਾਗ ਹਾਸਲ ਹੋਇਆ ਸੀ ਜਿਸਦਾ ਵਰਨਣ ਕਰਨ ਦੀ ਕੋਸ਼ਿਸ਼ ਸਾਡੇ ਵੱਲੋਂ ਪਿਛਲੇ ਸਾਲ ਪੰਜਾਬੀ ਪੋਸਟ ਦੇ ਕਾਲਮਾਂ ਵਿੱਚ ਕੀਤੀ ਗਈ ਸੀ। ਉਸ ਫੇਰੀ ਤੋਂ ਬਾਅਦ ਇੱਕ ਤਮੰਨਾ ਬਣ ਗਈ ਸੀ ਕਿ ਪਾਕਿਸਤਾਨ ਵਿੱਚ ਇਸ ਮਹਾਨ ਉਤਸਵ ਨੂੰ ਸਮਰਪਿਤ ਯਾਤਰਾ ਕੀਤੀ ਜਾਵੇ। ਇਸ ਤਮੰਨਾ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਜਦੋਂ ਟੋਰਾਂਟੋ ਵਿਖੇ ਪਾਕਿਸਤਾਨੀ ਅੰਬੈਸੀ ਕੋਲ ਪਹੁੰਚ ਕੀਤੀ ਗਈ ਤਾਂ ਉਹਨਾਂ ਨੇ ਸਾਡੇ ਵੀਜ਼ੇ ਮਿੰਟਾਂ ਸਕਿੰਟਾਂ ਵਿੱਚ ਪਰਵਾਨ ਕਰਕੇ ਸਾਡੀ ਪਾਕਿਸਤਾਨ ਯਾਤਰਾ ਦਾ ਰਾਹ ਪੱਧਰਾ ਕਰ ਦਿੱਤਾ। ਟੋਰਾਂਟੋ ਤੋਂ ਸਾਡਾ ਚਾਰ ਪੱਤਰਕਾਰਾਂ ਸਾਊਥ ਏਸ਼ੀਅਨ ਵਾਇਸ ਤੋਂ ਕੁਲਵਿੰਦਰ ਛੀਨਾ, ਸਰਦਾਰੀ ਟੀ ਵੀ ਅਤੇ ਨਗਾਰਾ ਟੀ ਵੀ ਤੋਂ ਰਣਧੀਰ ਰਾਣਾ, ਮਹਿਕ ਰੇਡੀਓ ਤੋਂ ਜੁਗਰਾਜ ਸਿੰਘ ਸਿੱਧੂ ਅਤੇ ਸਾਡੀ ਪਾਕਿਸਤਾਨ ਯਾਤਰਾ ਭਾਰਤ ਵਾਲੇ ਪਾਸੇ ਤੋਂ 12 ਫਰਵਰੀ ਨੂੰ ਸਵੇਰੇ ਆਰੰਭ ਹੋਈ, ਜਦੋਂ ਅਸੀਂ ਸਾਰੇ ਜਣੇ ਪਵਿੱਤਰ ਨਗਰੀ ਅੰਮ੍ਰਤਿਸਰ ਵਿਖੇ ਇੱਕਤਰ ਹੋਏ। ਵਾਹਗਾ ਬਾਰਡਰ ਉੱਤੇ ਭਾਰਤ ਅਤੇ ਪਾਕਿਸਤਾਨ ਸਾਈਡ ਦੋਵਾਂ ਪਾਸੇ ਸਾਡਾ ਅਨੁਭਵ ਬਹੁਤ ਸੁਖਦ ਰਿਹਾ। ਦੋਵਾਂ ਸਾਈਡਾਂ ਦੇ ਅਧਿਕਾਰੀ ਕਮਾਲ ਦੀ ਸ਼ਾਲੀਨਤਾ ਨਾਲ ਪੇਸ਼ ਆਏ ਅਤੇ ਖੁਸ਼ ਮਿਜਾਜੀ ਨਾਲ ਸ਼ੁਭ ਦੁਆਵਾਂ ਪੇਸ਼ ਕੀਤੀਆਂ। ਬੇਸ਼ੱਕ ਮੀਡੀਆ ਵਿੱਚ ਦੋਵਾਂ ਮੁਲਕਾਂ ਦਰਮਿਆਨ ਖੱਟਾਈ ਭਰੇ ਸਬੰਧਾਂ ਦੀਆਂ ਗੱਲਾਂ ਹਾਵੀ ਰਹਿੰਦੀਆਂ ਹਨ ਪਰ ਬਾਰਡਰ ਉੱਤੇ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਸਾਨੂੰ ਅਤੀਅੰਤ ਸੁਹਿਰਦਤਾ ਨਾਲ ਸੰਭਾਲਿਆ।

 
ਇਸ ਯਾਤਰਾ ਦੌਰਾਨ ਸਾਡੇ ਵਾਸਤੇ ਚੰਗੀ ਗੱਲ ਇਹ ਹੈ ਕਿ ਅਸੀਂ ਚਾਰੇ ਹੀ ਆਪਸ ਵਿੱਚ ਬਹੁਤ ਨਿੱਘੇ ਸਬੰਧ ਰੱਖਦੇ ਹਾਂ ਅਤੇ ਹਾਸੇ ਠੱਠੇ ਵਾਲਾ ਮਾਹੌਲ ਲਗਾਤਾਰ ਬਣਿਆ ਰਹਿੰਦਾ ਹੈ। ਕਿਸੇ ਇੱਕ ਦੀ ਹਊਮੇ ਦੂਜੇ ਨਾਲ ਨਹੀਂ ਟਕਰਾ ਰਹੀ ਸਗੋਂ ਹਲਕੀਆਂ-ਫੁਲਕੀਆਂ ਟਿੱਚਰਾਂ ਕਰਨ ਨਾਲ ਸਾਡੇ ਮਨ ਖੁਸ਼ ਰਹਿ ਰਹੇ ਹਨ। ਮਿਸਾਲ ਵਜੋਂ ਭਾਰਤ ਵਾਲੇ ਪਾਸਿਉਂ ਬਾਰਡਰ ਪਾਰ ਕਰਨ ਲਈ ਚੈਕ ਪੋਸਟ ਉਤੇ ਪਹੁੰਚੇ ਤਾਂ ਫਾਰਮ ਭਰਦੇ ਸਮੇਂ ਰਣਧੀਰ ਰਾਣਾ ਨੂੰ ਇੱਕ ਕੁਲੀ ਬੜੇ ਵਧੀਆ ਢੰਗ ਨਾਲ ਫਾਰਮ ਭਰਨ ਬਾਰੇ ਸਮਝਾ ਰਿਹਾ ਸੀ, ਉਸ ਨੂੰ ਮਖੌਲ ਕਰਦਿਆਂ ਮੈ ਕਿਹਾ ਕਿ ਬੰਦਾ ਪੜ੍ਹਿਆ ਲਿਖਿਆ ਲੱਗਦੈ। ਅੱਗੋਂ ਕੁਲੀ ਹਸ ਕੇ ਕਹਿੰਦਾ ‘ਅਸਲ ਗੱਲ ਇਹ ਹੈ ਕਿ ਕਈ ਵਾਰ ਪੜ੍ਹੇ ਲਿਖੇ ਲੋਕਾਂ ਦੀ ਆਪਣੀ ਅਕਲ ਵਰਤ ਕੇ ਮਦਦ ਕਰਨਾ ਸਾਡੀ ਮਜ਼ਬੂਰੀ ਬਣ ਜਾਂਦੀ ਹੈ’। ਭਾਰਤੀ ਚੈਕਪੋਸਟ ਦੀਆਂ ਕਰਾਵਾਈਆਂ ਪੂਰੀਆਂ ਕਰਨ ਤੋਂ ਬਾਅਦ ਪਾਕਿਸਤਾਨ ਦੀ ਇਮੀਗਰੇਸ਼ਨ ਦੀ ਚੈਕਪੋਸਟ ਉਤੇ ਪਹੁੰਚੇ ਤਾਂ ਦਫ਼ਤਰ ਵਿੱਚ ਇੱਕ ਮਹਿਲਾ ਅਫ਼ਸਰ ਨੇ ਗੋਦ ਵਿੱਚ ਬੱਚਾ ਚੁੱਕਿਆ ਹੋਇਆ ਸੀ ਅਤੇ ਕੰਮ ਕਰ ਰਹੀ ਸੀ। ਜਦੋਂ ਸਾਡੀ ਵਾਰੀ ਆਈ ਤਾਂ ਆਖਣ ਲੱਗੀ, ਸਰਦਾਰ ਜੀ ਜਲਦੀ ਕਰੋ ਕਿਤੇ ਇਹ ਨਾ ਹੋਵੇ ਸਾਡੇ ਕੰਪਿਊਟਰ ਜਵਾਬ ਦੇ ਜਾਣ ਅਤੇ ਤੁਹਾਡੇ ਕਾਗਜ਼ਾਂ ਦੀ ਕਾਰਵਾਈ ਅਧੂਰੀ ਰਹਿ ਜਾਵੇ। ਅਸੀਂ ਇੱਕ ਦੂਜੇ ਵੱਲ ਵੇਖੀਏ ਕਿ ਇਸਨੂੰ ਉਸਦੀ ਦਿਆਨਤਦਾਰੀ ਸਮਝੀਏ ਜਾਂ ਤਕਨਾਲੋਜੀ ਵੱਲੋਂ ਪੈਦਾ ਕੀਤੀ ਗੈਰਯਕੀਨੀ।

ਖੈਰ, ਜਦੋਂ ਅਸੀਂ ਪਾਕਿਸਤਾਨੀ ਇੰਮੀਗਰੇਸ਼ਨ ਲੋੜਾਂ ਪੂਰੀਆਂ ਕਰਕੇ ਬਾਹਰ ਨਿਕਲੇ ਤਾਂ ਇਧਰ ਵੀ ਸਾਡਾ ਪਹਿਲਾ ਵਾਹ-ਵਾਸਤਾ ਕੁਲੀ ਨਾਲ ਹੀ ਪਿਆ। ਉਸ ਨੇ ਭੱਜ ਭੱਜ ਕੇ ਸਾਡਾ ਸਮਾਨ ਰੇੜੀ ਉਤੇ ਟਿਕਾਉਣਾ ਸ਼ੁਰੂ ਕੀਤਾ, ਜਦੋਂ ਜੁਗਰਾਜ ਨੇ ਕਿਹਾ ਰਹਿਣ ਦਿਓ ਅਸੀਂ ਲੈ ਜਾਵਾਂਗੇ, ਤਾਂ ਕੁਲੀ ਨੇ ਕਿਹਾ ਕਿ ਸਾਡਾ ਤਾਂ ਇਹੀ ਧੰਦਾ ਹੈ, ਅਸੀਂ ਕਿਹੜਾ ਮੱਕੀ ਵੇਚ ਕੇ ਘਰ ਚਲਾਉਣੈ। ਗੱਲ ਮਜ਼ਾਕ ਵਿਚ ਪੈ ਗਈ ਤੇ ਉਹ ਸਾਡਾ ਸਮਾਨ ਚੱਕ ਕੇ ਤੁਰ ਪਿਆ।
ਟੋਰਾਂਟੋ ਵਿੱਚ 770 ਏ ਐਮ ਰੇਡੀਓ ਸਟੇਸ਼ਨ ਦੀ ਮਾਲਕ ਆਰਫਾ ਮੁਜ਼ੱਫਰ, ਜਿਸ ਨੇ ਇਹ ਸਾਰੇ ਦੌਰੇ ਦਾ ਇੰਤਜ਼ਾਮ ਕੀਤਾ, ਆਪਣੇ ਪਰਿਵਾਰ ਅਤੇ ਪਾਕਿਸਤਾਨ ਸਰਕਾਰ ਦੇ ਕਈ ਅਧਿਕਾਰੀਆਂ ਨਾਲ ਗੁਲਾਬ ਦੇ ਫੁੱਲਾਂ ਦੇ ਹਾਰ/ਗੁਲਦਸਤੇ ਲੈ ਕੇ ਮੌਜੂਦ ਸਨ। ਉਹਨਾਂ ਦੇ ਇਸ ਖਾਸ ‘ਜੀਓ ਆਇਆਂ ਨੂੰ’ ਆਖਣ ਦੇ ਵਰਤਾਰੇ ਨੇ ਸਾਡੇ ਦਿਲ ਸਤਿਕਾਰ ਨਾਲ ਭਰ ਦਿੱਤੇ। ਉਹਨਾਂ ਵੱਲੋਂ ਪੇਸ਼ ਗੁਲਾਬਾਂ ਵਿੱਚੋਂ ਅਜਿਹੀ ਮਹਿਕ ਆ ਰਹੀ ਸੀ ਜਿਸਦਾ ਸਾਡੀਆਂ ਸੰੁਘਣ ਸ਼ਕਤੀਆਂ ਨੇ ਚਿਰਾਂ ਬਾਅਦ ਸੁਆਦ ਮਾਣਿਆ। ਆਖਦੇ ਹਨ ਕਿ ਪੰਜਾਬ ਦੀ ਮਿੱਟੀ ਵਿੱਚ ਜੇ ਬੰਦਾ ਮਾਰ ਕੇ ਗੱਡ ਦਿਓ ਤਾਂ ਵੀ ਖੁਸ਼ਬੂਆਂ ਮਾਰਦੀਆਂ ਫਸਲਾਂ ਉੱਗਦੀਆਂ ਹਨ ਇਹ ਤਾਂ ਫੇਰ ਗੁਲਾਬ ਸਨ।

ਸਰਕਾਰੀ ਅਧਿਕਾਰੀਆਂ ਅਤੇ ਆਰਫਾ ਮੁੱਜ਼ਫਰ ਹੋਰਾਂ ਦੇ ਵਫਦ ਦੁਆਰਾ ਲਾਹੌਰ ਸ਼ਹਿਰ ਵਿੱਚ ਸਾਨੂੰ ਅਲ-ਅਮਾਰਾ ਸੈਂਟਰ ਲਿਜਾਇਆ ਗਿਆ ਜਿੱਥੇ ਪੰਜਾਬ ਸੂਬੇ ਦੇ ਇਨਫਰਮੇਸ਼ਨ ਤਕਨਾਲੋਜੀ ਮਹਿਕਮੇ ਦੇ ਵਜ਼ੀਰ ਫਜ਼ਲ ਉਲ ਹਸਨ ਚੌਹਾਨ ਸਮੇਤ ਸਾਨੂੰ ਮੀਡੀਆ ਦੇ ਸੀਨੀਅਰ ਕਰਮੀਆਂ ਨਾਲ ਮੁਲਾਕਾਤ ਕਰਨ ਦਾ ਅਵਸਰ ਹਾਸਲ ਹੋਇਆ। ਵਜ਼ੀਰ ਚੌਹਾਨ ਦਾ ਪਛੋਕੜ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਨਾਲ ਰਿਹਾ ਹੈ ਜਿਸ ਬਾਰੇ ਉਸਨੇ ਖੂਬ ਯਾਦਾਂ ਸਾਂਝੀਆਂ ਕੀਤੀਆਂ। ਹੁਸ਼ਿਆਰਪੁਰ ਦੇ ਹਵਾਲੇ ਨਾਲ ਹੋਈ ਸਮੁੱਚੀ ਗੱਲਬਾਤ ਵਿੱਚ ਰਣਧੀਰ ਰਾਣਾ ਨੇ ਵਜ਼ੀਰ ਚੌਹਾਨ ਨਾਲ ਖੂਬ ਰੋਚਕ ਜਾਣਕਾਰੀ ਸਾਂਝੀ ਕੀਤੀ। ਕਿਸੇ ਇਨਸਾਨ ਦੀ ਸਖ਼ਸ਼ਿਅਤ ਉਸਦੇ ਵਤੀਰੇ ਵਿੱਚੋਂ ਝਲਕ ਪੈਂਦੀ ਹੈ ਪਰ ਜਿਸ ਕਿਸਮ ਦਾ ਨਿਮਾਣਾਪਣ ਵਜ਼ੀਰ ਚੌਹਾਨ ਨੇ ਵਿਖਾਇਆ, ਉਹ ਕਾਬਲੇ ਤਾਰੀਫ ਸੀ। ਸਾਨੂੰ ਪੇਸ਼ ਕੀਤੀ ਜਾਣ ਵਾਲੀ ਚਾਹ ਉਸਨੇ ਹੱਥੀਂ ਬਣਾ ਕੇ ਤਿਆਰ ਕੀਤੀ ਅਤੇ ਬਹੁਤ ਹੀ ਸ਼ਾਲੀਨਤਾ ਨਾਲ ਪੇਸ਼ ਕੀਤੀ। ਮੀਟਿੰਗ ਤੋਂ ਬਾਅਦ ਉਹ ਚੱਲ ਕੇ ਬਾਹਰ ਗੱਡੀਆਂ ਤੱਕ ਸਾਨੂੰ ਅਲਵਿਦਾ ਆਖਣ ਲਈ ਆਇਆ ਅਤੇ ਮੁੜ ਪਾਕਿਸਤਾਨ ਆਉਣ ਲਈ ਸੱਦਾ ਦਿੱਤਾ।

ਇੱਥੇ ਸਾਡਾ ਤੁਆਰਫ ਸਰਦਾਰ ਮਹਿੰਦਰਪਾਲ ਸਿੰਘ ਨਾਲ ਕਰਵਾਇਆ ਗਿਆ ਜੋ ਪਾਕਿਸਤਾਨੀ ਪੰਜਾਬੀ ਦੀ ਅਸੈਂਬਲੀ ਲਈ ਚੁਣੇ ਗਏ ਇੱਕੋ ਇੱਕ ਸਿੱਖ ਨੁਮਾਇੰਦੇ ਹਨ, ਜਿਹਨਾਂ ਨੂੰ ਐਮ ਪੀ ਏ ਭਾਵ ਮੈਂਬਰ ਆਫ ਪ੍ਰੋਵਿੰਸ਼ੀਅਲ ਅਸੈਂਬਲੀ ਆਖਿਆ ਜਾਂਦਾ ਹੈ। ਉਹ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਤੋਂ ਤਹਿਰੀਕ-ਏ-ਪਾਕਿਸਤਾਨ ਪਾਰਟੀ ਦੇ ਟਿਕਟ ਤੋਂ ਚੁਣ ਕੇ ਅਸੈਂਬਲੀ ਪੁੱਜੇ ਹਨ। ਮਹਿੰਦਰਪਾਲ ਸਿੰਘ ਦਾ ਤਖੱਲਸ ‘ਵੀਰ ਜੀ’ ਹੈ ਜੋ ਕਿੱਤੇ ਵਜੋਂ ਵਿਉਪਾਰੀ ਹਨ। ਉਹਨਾਂ ਦੱਸਿਆ ਕਿ ਸਾਡੀ ਦੁਕਾਨ ਉੱਤੇ ਹਰ ਵਕਤ ਸੁਖਮਣੀ ਸਾਹਿਬ ਜਾਂ ਹੋਰ ਬਾਣੀਆਂ ਦਾ ਪਾਠ ਲਗਾਤਾਰ ਚੱਲਦਾ ਰਹਿੰਦਾ ਹੈ, ਉਸ ਵਕਤ ਵੀ ਜਦੋਂ ਅਸੀਂ ਮੌਜੂਦ ਨਾ ਹੋਈਏ। ਮਹਿੰਦਰਪਾਲ ਸਿੰਘ ਮੁਤਾਬਕ ਉਹਨਾਂ ਦੇ ਮੁਸਲਮਾਨ ਮੁਲਾਜ਼ਮ ਗੁਰਬਾਣੀ ਦੀਆਂ ਕੈਸਟਾਂ ਲਾਉਣ ਵਿੱਚ ਹਿਚਕਚਾਹਟ ਮਹਿਸੂਸ ਨਹੀਂ ਕਰਦੇ। ਇਸ ਮੀਟਿੰਗ ਤੋਂ ਬਾਅਦ ਸਾਡਾ ਆਰਫਾ ਮੁਜੱਫਰ ਦੇ ਭਰਾ ਦੀ ਡੀਂਫੈਂਸ ਏਰੀਆ ਵਿੱਚ ਵਾਕਿਆ ਕੋਠੀ ਵਿੱਚ ਜਾਣਾ ਹੋਇਆ। ਬੇਹੱਦ ਖੂਬਸੂਰਤ ਡੀਜ਼ਾਈਨ ਨਾਲ ਉਸਾਰੀ ਇਸ ਕਾਲੋਨੀ ਵਿੱਚ ਫੁੱਲ ਅਜਿਹੀਆਂ ਖੁਸ਼ਬੋਆਂ ਬਿਖੇਰ ਰਹੇ ਸਨ ਕਿ ਮਨ ਆਨੰਦ ਨਾਲ ਭਰ ਗਿਆ।

ਲਾਹੌਰ ਤੋਂ ਬਾਅਦ ਸਾਡਾ ਅਗਲਾ ਮੁਕਾਮ ਇਸਲਾਮਾਬਾਦ ਸੀ ਜਿੱਥੇ ਅਸੀਂ ਲਾਹੌਰ ਤੋਂ ਚਾਰ ਘੰਟੇ ਦਾ ਸਫ਼ਰ ਕਰਕੇ ਪੁੱਜੇ। ਲਾਹੌਰ ਅਤੇ ਇਸਲਮਾਬਾਦ ਨੂੰ ਜੋੜਨ ਵਾਲੀ ਹਾਈਵੇਅ ਉੱਤਮ ਕਿਸਮ ਦੀ ਮਲਟੀਲੇਨ ਸੜਕ ਹੈ ਜਿਸਨੂੰ ਮੋਟਰਵੇਅ ਆਖਿਆ ਜਾਂਦਾ ਹੈ। ਇਸ ਮੋਟਰਵੇਅ ਨੂੰ ਆਧਨਿਕ ਸੜਕ ਨਿਰਮਾਣ ਦਾ ਨਮੂਨਾ ਆਖਿਆ ਜਾ ਸਕਦਾ ਹੈ ਜਿਸ ਉੱਤੇ ਸਾਡੀ ਗੱਡੀ ਘੱਟੋ ਘੱਟ 120 ਕਿਲੋਮੀਟਰ ਦੀ ਸਪੀਡ ਨਾਲ ਦੌੜਦੀ ਰਹੀ। ਇਸ ਸੜਕ ਦਾ ਮਿਆਰ ਐਨਾ ਆਹਲਾ ਹੈ ਕਿ ਤੁਹਾਨੂੰ ਟੋਰਾਂਟੋ ਦੀ 407 ‘ਈ ਟੀ ਆਰ’ ਵੀ ਇਸਦੇ ਸਾਹਮਣੇ ਫਿੱਕੀ ਜਾਪੇਗੀ।

ਬਾਕੀ ਕੱਲ੍ਹ...

 

 

Have something to say? Post your comment