ਨਵੀਂ ਦਿੱਲੀ, 11 ਫਰਵਰੀ, (ਪੋਸਟ ਬਿਊਰੋ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਇਸ ਸਾਲ ਦੇ ਨਤੀਜਿਆਂ ਨੇ ਤੀਸਰੀ ਵਾਰ ਭਾਜਪਾ ਨੂੰ ਬੁਰੀ ਤਰ੍ਹਾਂ ਪਛਾੜ ਕੇ ਸੱਤਾ ਦੀ ਕੁੰਜੀ ਫਿਰ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਨਤੀਜਿਆਂ ਨਾਲ ਭਾਜਪਾ ਲੀਡਰਸਿ਼ਪ ਦਾ ਫਿਕਰ ਵਧ ਗਿਆ ਹੈ। 70 ਸੀਟਾਂ ਵਾਲੀ ਅਸੈਂਬਲੀ ਵਿਚ ਭਾਜਪਾ 10 ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੀ ਅਤੇ ਸਿਰਫ 8 ਉੱਤੇ ਰੁਕ ਗਈ ਹੈ। ਉਂਜ ਉਹ ਪਿਛਲੇ ਦੋ ਸਾਲਾਂ ਵਿੱਚ ਆਪਣੀ ਸਰਕਾਰ ਵਾਲੇ ਛੇ ਰਾਜਾਂ ਨੂੰ ਆਪਣੇ ਹੱਥੋਂ ਗੁਆ ਚੁੱਕੀ ਹੈ ਤੇ ਦਿੱਲੀ ਵਿੱਚ ਵੀ ਉਸ ਨੂੰ ਵੱਡਾ ਝਟਕਾ ਲੱਗ ਗਿਆ ਹੈ।
ਵਰਨਣ ਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਛੇ ਰਾਜ ਭਾਜਪਾ ਅਤੇ ਐੱਨ ਡੀ ਏ ਗੱਠਜੋੜ ਦੇ ਹੱਥੋਂ ਖਿਸਕਦੇ ਗਏ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਰ ਰਾਜਾਂ ਦੀਆਂ ਚੋਣਾਂ ਮੌਕੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਮਿਜੋਰਮ ਵਿੱਚੋਂ ਪਹਿਲੇ ਤਿੰਨ ਰਾਜ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੇ ਹੱਥੋਂ ਨਿਕਲ ਗਏ ਸਨ ਅਤੇ ਲੋਕ ਸਭਾ ਚੋਣਾਂ ਵੇਲੇ ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸਮ ਨਾਲ ਸਮਝੌਤਾ ਨਾ ਹੋਣ ਕਾਰਨ ਉਹ ਰਾਜ ਵੀ ਛੱਡਣਾ ਪੈ ਗਿਆ ਸੀ। ਇਸ ਦੇ ਬਾਅਦ ਮਹਾਰਾਸ਼ਟਰ ਅਤੇ ਹਰਿਆਣਾ ਵਿਚੋਂ ਭਾਜਪਾ ਨੇ ਕਿਸੇ ਤਰ੍ਹਾਂ ਹਰਿਆਣਾ ਦੀ ਸਰਕਾਰ ਨਵੇਂ ਗੱਠਜੋੜ ਕਰ ਕੇ ਬਚਾ ਲਈ, ਪਰ ਮਹਾਰਾਸ਼ਟਰ ਹੱਥੋਂ ਨਿਕਲ ਗਿਆ ਤੇ ਝਾਰਖੰਡ ਵਿਚ ਸੱਤਾ ਗੁਆ ਲਈ ਸੀ। ਦਿੱਲੀ ਵਿੱਚ ਭਾਜਪਾ ਨੂੰ ਫਿਰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੇਸ਼ ਦੀ ਰਾਜਧਾਨੀ ਹੋਣ ਕਰਕੇ ਇਸ ਦੀ ਹਾਰ ਦਾ ਅਸਰ ਬਹੁਤ ਵੱਡਾ ਹੈ। ਇਹ ਗੱਲ ਸਮਝਦੀ ਹੋਣ ਕਰ ਕੇ ਆਮ ਆਦਮੀ ਪਾਰਟੀ ਦੇ ਚੋਣਾਂ ਵਿੱਚ ਮਜ਼ਬੂਤ ਹੋਣ ਦੇ ਬਾਵਜੂਦ ਭਾਜਪਾ ਨੇ ਸਾਰੀ ਤਾਕਤ ਲਾ ਦਿੱਤੀ, ਪਰ ਦਿੱਲੀ ਨੇ ਫਿਰ ਆਮ ਆਦਮੀ ਪਾਰਟੀ ਨੂੰ 62 ਸੀਟਾਂ ਸੌਂਪ ਦਿੱਤੀਆਂ ਹਨ।