Welcome to Canadian Punjabi Post
Follow us on

21

February 2020
ਕੈਨੇਡਾ

ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰਿਆ, 70 ਵਿੱਚੋਂ 62 ਸੀਟਾਂ ਉੱਤੇ ਕਾਬਜ਼

February 12, 2020 09:49 AM

* ਭਾਜਪਾ ਨੂੰ ਸਿਰਫ਼ 8 ਸੀਟਾਂ ਮਿਲੀਆਂ, ਕਾਂਗਰਸ ਦਾ ਖਾਤਾ ਖਾਲੀ


ਨਵੀਂ ਦਿੱਲੀ, 11 ਫਰਵਰੀ, (ਪੋਸਟ ਬਿਊਰੋ)- ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਅੱਜ ਮੰਗਲਵਾਰ ਆਏ ਨਤੀਜੇ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਜਿੱਤ ਲਈਆਂ ਹਨ ਤੇ ਇਸ ਵਾਰ ਫਿਰ ਅਰਵਿੰਦ ਕੇਜਰੀਵਾਲ ਦਾ ਝਾੜੂ ਹੂੰਝਾ ਫੇਰਦਾ ਨਿਕਲ ਗਿਆ ਹੈ। ਗਿਣਤੀ ਦੇ ਸ਼ੁਰੂ ਦੇ ਕੁਝ ਘੰਟਿਆਂ ਵਿੱਚ ਭਾਜਪਾ 24 ਸੀਟਾਂ ਉੱਤੇ ਅੱਗੇ ਸੀ, ਪਰ ਆਖਰ ਵਿੱਚ ਉਹ ਸਿਰਫ 8 ਉੱਤੇ ਸੁੰਗੜ ਗਈ। ਆਮ ਆਦਮੀ ਪਾਰਟੀ ਨੇ ਜਿੱਥੇ ਕਾਂਗਰਸ ਨੂੰ ਦਿੱਲੀ ਵਿੱਚ ਕੁਸਕਣ ਜੋਗੀ ਨਹੀਂ ਰਹਿਣ ਦਿੱਤਾ, ਓਥੇ ਦਿੱਲੀ ਵਿੱਚ ਸਿਰਫ ਨੌਂ ਮਹੀਨੇ ਪਹਿਲਾਂ ਪਾਰਲੀਮੈਂਟ ਚੋਣਾਂ ਦੌਰਾਨ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਵੀ ਇੱਕ ਵਾਰ ਫਿਰ ਕਾਫ਼ੀ ਪਿੱਛੇ ਧੱਕੀ ਰੱਖਿਆ ਹੈ।
ਭਾਜਪਾ ਨੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਬਹੁਤ ਤਿੱਖੀ ਚੁਣੌਤੀ ਦਿੱਤੀ ਅਤੇ ਇਸ ਸੀਟ ਉੱਤੇ ਸ਼ੁਰੂ ਤੋਂ ਭਾਜਪਾ ਉਮੀਦਵਾਰ ਅੱਗੇ ਰਿਹਾ, ਪਰ ਆਖਰ ਵਿੱਚ ਸਿਸੋਦੀਆ ਨੇ 3207 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਲਈ। ਸ਼ਾਹਦਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਜਿੱਤ ਗਏ ਹਨ, ਪਰ ਉਨ੍ਹਾਂ ਨੂੰ ਵੀ ਭਾਜਪਾ ਉਮੀਦਵਾਰ ਨੇ ਤਿੱਖੀ ਟੱਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਵਿੱਚ ਹਾਰ ਚੁੱਕੇ ਉਮੀਦਵਾਰ ਆਤਿਸ਼ੀ, ਰਾਘਵ ਚੱਢਾ ਅਤੇ ਦਲੀਪ ਪਾਂਡੇ ਇਸ ਵਾਰੀ ਵਿਧਾਨ ਸਭਾ ਚੋਣ ਜਿੱਤ ਗਏ ਹਨ। ਕਾਂਗਰਸ ਦਾ ਫਿਰ ਸਫ਼ਾਇਆ ਹੋ ਗਿਆ ਹੈ। ਸਾਲ 1998 ਤੋਂ 2013 ਤਕ ਲਗਾਤਾਰ 15 ਸਾਲ ਦਿੱਲੀ ਦੀ ਸਰਕਾਰ ਚਲਾ ਚੁੱਕੀ ਕਾਂਗਰਸ ਦਾ ਇਸ ਵਾਰ ਫਿਰ ਖਾਤਾ ਨਹੀਂ ਖੁੱਲ੍ਹ ਸਕਿਆ। ਇਸੇ ਤਰ੍ਹਾਂ ਦਿੱਲੀ ਵਿੱਚ ਸਥਿਰ ਸਰਕਾਰ ਬਣਾਉਣ ਦੇ ਦਾਅਵਾ ਕਰਨ ਵਾਲੀ ਭਾਜਪਾ ਇਸ ਵਾਰ ਫਿਰ ਮਜ਼ਬੂਤ ਵਿਰੋਧੀ ਧਿਰ ਬਣਨ ਜੋਗੀ ਨਹੀਂ ਹੋ ਸਕੀ ਅਤੇ ਉਸ ਦੀ ਲੀਡਰਸਿ਼ਪ ਨੂੰ ਬੇਇੱਜ਼ਤੀ ਸਹਾਰਨੀ ਪਈ ਹੈ।
ਅੰਤਮ ਨਤੀਜਿਆਂ ਅਨੁਸਾਰ ਨਵੀਂ ਦਿੱਲੀ ਸੀਟ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21697 ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ਚੋਣ ਜਿੱਤ ਗਏ ਹਨ। ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਵੀਹ ਹਜ਼ਾਰ ਤੋਂ ਵੱਧ ਸੀਟਾਂ ਦੇ ਫਰਕ ਨਾਲ ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੂੰ ਹਰਾਇਆ ਅਤੇ ਆਮ ਆਦਮੀ ਪਾਰਟੀ ਦੀ ਭਾਵਨਾ ਗੌੜ ਨੇ ਪਾਲਮ ਸੀਟ ਤੋਂ ਭਾਜਪਾ ਦੇ ਵਿਜੈ ਪੰਡਤ ਨੂੰ 32765 ਵੋਟਾਂ ਨਾਲ ਹਰਾ ਦਿੱਤਾ ਹੈ। ਇਸੇ ਪਾਰਟੀ ਵੱਲੋਂ ਹਵਾਈ ਫ਼ੌਜ ਦੇ ਸਾਬਕਾ ਅਫਸਰ ਵੀਰੇਂਦਰ ਸਿੰਘ ਕਾਦਿਆਨ ਦੇ ਭਾਜਪਾ ਨੇ ਮਨੀਸ਼ ਸਿੰਘ ਨੂੰ 10590 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਰੋਹਿਣੀ ਤੋਂ ਭਾਜਪਾ ਦੇ ਵਿਜੇਂਦਰ ਗੁਪਤਾ 12,648 ਵੋਟਾਂ ਨਾਲ ਜਿੱਤ ਗਏ ਹਨ ਤੇ ਕਰਾਵਲ ਨਗਰ ਤੋਂ ਭਾਜਪਾ ਉਮੀਦਵਾਰ ਮੋਹਨ ਸਿੰਘ ਬਿਸ਼ਟ 8223 ਵੋਟਾਂ ਨਾਲ ਜਿੱਤ ਗਏ ਹਨ। ਘੌਂਡਾ ਤੋਂ ਇਸੇ ਪਾਰਟੀ ਦੇ ਅਜੈ ਮਹਾਵਰ ਨੇ 28 ਹਜ਼ਾਰ ਤੋਂ ਵੱਧ ਫਰਕ ਨਾਲ ਸੀਟ ਜਿੱਤੀ ਹੈ।
ਦਿੱਲੀ ਵਿਧਾਨ ਸਭਾ ਦੀ ਸ਼ਕੂਰ ਬਸਤੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਸਤਿੰਦਰ ਜੈਨ 7 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਉਨ੍ਹਾਂ ਨੇ ਦੂਸਰੀ ਵਾਰ ਭਾਜਪਾ ਦੇ ਡਾਕਟਰ ਐੱਸ ਸੀ ਵਤਸ ਨੂੰ ਹਰਾਇਆ ਹੈ। ਮੰਗੋਲਪੁਰੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਖੀ ਬਿਰਲਾ 30,116 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਹੈ। ਅੰਬੇਡਕਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਅਜੈ ਦੱਤ 28,327 ਵੋਟਾਂ ਦੇ ਫਰਕ ਨਾਲ ਜਿੱਤੇ ਹਨ, ਪਰ ਵਿਸ਼ਵਾਸ ਨਗਰ ਸੀਟ ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਨੇ ਕਰੀਬ 16 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਰੋਹਿਣੀ ਤੋਂ ਭਾਜਪਾ ਦੇ ਵਿਜੇਂਦਰ ਗੁਪਤਾ 12,900 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਉਹ ਪਿਛਲੀ ਵਿਧਾਨ ਸਭਾ ਦੇ ਦੌਰਾਨ ਭਾਜਪਾ ਤੇ ਤਿੰਨ ਵਿਧਾਇਕਾਂ ਵਾਲੇ ਗਰੁੱਪ ਦੇ ਆਗੂ ਸਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ