Welcome to Canadian Punjabi Post
Follow us on

29

March 2020
ਸੰਪਾਦਕੀ

ਔਰਤਾਂ ਦੇ ਗੁਪਤ ਦੀ ਖੰਡਨਾ- ਸਸਕੈਚਵਨ ਤੋਂ ਸਬਕ ਲੈਣ ਦੀ ਲੋੜ

February 07, 2020 08:03 AM

ਪੰਜਾਬੀ ਪੋਸਟ ਸੰਪਾਦਕੀ

ਜੇ ਕਿਸੇ ਵਿਅਕਤੀ ਦੇ ਹੋਠ ਦਾ ਇੱਕ ਹਿੱਸਾ ਕੱਟਿਆ ਹੋਵੇ ਤਾਂ ਉਸਨੂੰ ਖਡੂੰ ਆਖ ਦਿੱਤਾ ਜਾਂਦਾ ਹੈ ਭਾਵ ਉਸਦੇ ਹੋਂਠ ਦਾ ਇੱਕ ਹਿੱਸਾ ਖੰਡਿਤ ਹੈ। ਇਸ ਮਿਸਾਲ ਤੋਂ ਸਮਝ ਪੈ ਸਕਦੀ ਹੈ ਕਿ ਔਰਤਾਂ ਦੇ ਗੁਪਤ ਅੰਗਾਂ ਨੂੰ ਗਲਤ ਸੱਭਿਆਚਾਰਕ ਧਾਰਨਾਂ ਜਾਂ ਧਾਰਮਿਕ ਮੰਨਤਾਂ ਅਨੁਸਾਰ ਕੱਟ ਦੇਣ ਦੀ ਰਿਵਾਇਤ ਨੂੰ ਅੰਗਰੇਜ਼ੀ ਵਿੱਚ  Female Genital Mutilation {FGM} (ਔਰਤ ਦੇ ਗੁਪਤ ਅੰਗਾਂ ਨੂੰ ਖੰਡਤ ਕਰਨਾ) ਆਖਿਆ ਜਾਂਦਾ ਹੈ। ਕੈਨੇਡਾ ਦੇ ਕ੍ਰਿਮੀਨਲ ਕੋਡ ਮੁਤਾਬਕ ਅਜਿਹਾ ਕਰਨਾ ਅਪਰਾਧ ਹੈ ਅਤੇ ਉਂਟੇਰੀਓ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਜੇ ਕੋਈ ਵਿਅਕਤੀ ਕਿਸੇ ਬੱਚੀ ਦੇ ਗੁਪਤ ਅੰਗਾਂ ਨੂੰ ਖੰਡਤ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਕ੍ਰਿਮੀਨਲ ਕੋਡ ਦੀ ਧਾਰਾ 268 (3) ਦੇ ਤਹਿਤ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਸੇ ਬੱਚੀ ਦੇ ਗੁਪਤ ਅੰਗਾਂ ਦੇ ਖੰਡਤ ਕੀਤੇ ਜਾਣ ਦੀ ਘਟਨਾ ਬਾਰੇ ਪਤਾ ਲੱਗਣ ਦੀ ਸੂਰਤ ਵਿੱਚ ਉਂਟੇਰੀਓ ਦੇ ਚਾਈਲਡ ਐਂਡ ਫੈਮਲੀ ਸਰਵਿਸਜ਼ ਐਕਟ ਅਤੇ ਕਾਲਜ ਆਫ਼ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਆਫ਼ ਉਂਟੇਰੀਓ ਦੀ ਪਾਲਸੀ ਤਹਿਤ ਪੁਲੀਸ ਨੂੰ ਰਿਪੋਰਟ ਕਰਨਾ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਅਤੇ ਰਿਪੋਰਟ ਨਾ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਹੋ ਸਕਦੀ ਹੈ।

ਇਸ ਸਥਿਤੀ ਦੇ ਸਨਮੁਖ ਸਸਕੈਚਵਨ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 6 ਫਰਵਰੀ ਨੂੰ ਹਰ ਸਾਲ International Day of Zero Tolerance for Female Genital Mutilation ਭਾਵ ਔਰਤਾਂ ਦੇ ਗੁਪਤ ਅੰਗਾਂ ਨੂੰ ਖੰਡਤ ਕਰਨ ਪ੍ਰਤੀ ਜ਼ੀਰੋ ਪ੍ਰਤੀਸ਼ਤ ਢਿੱਲ ਵਰਤਣ ਲਈ ਅੰਤਰਰਾਸ਼ਟਰੀ ਦਿਵਸ ਐਲਾਨਿਆ ਗਿਆ ਹੈ। ਇਸਦੀ ਲੋੜ ਬਾਰੇ End Female Genital Mutilation Network ਦਾ ਆਖਣਾ ਹੈ ਕਿ ਕੈਨੇਡਾ ਵਿੱਚ ਇਸ ਕੁਰੀਤੀ ਤੋਂ ਪੀੜਤ 1 ਲੱਖ ਤੋਂ ਵੱਧ ਔਰਤਾਂ/ਲੜਕੀਆਂ ਮੌਜੂਦ ਹਨ। ਵਰਨਣਯੋਗ ਹੈ ਕਿ ਰੱਬੀ ਸਿਧਾਂਤ ਮੰਨ ਕੇ ਇਹ ਅਪਰਾਧ ਜਿ਼ਆਦਾ ਕਰਕੇ 15 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਉੱਤੇ ਕੀਤਾ ਜਾਂਦਾ ਹੈ। ਯੂਨਾਈਟਡ ਨੇਸ਼ਨਜ਼ ਜਨਰਲ ਅਸੈਂਬਲੀ 2012 ਵਿੱਚ 6 ਫਰਵਰੀ ਨੂੰ FGM ਖਤਮ ਕਰਨ ਲਈ ਅੰਤਰਰਾਸ਼ਟਰੀ ਦਿਵਸ ਐਲਾਨ ਚੁੱਕੀ ਹੈ।

ਇਹ ਗੱਲ ਦਿਲਚਸਪ ਹੈ ਕਿ End Female Genital Mutilation Network ਦੀ ਸਥਾਪਨਾ 16 ਸਾਲਾ ਬੱਚੀ ਮਲਾਇਕਾ ਸੋਮਜੀ ਨੇ ਫਰਜ਼ਾਨਾ ਡਾਕਟਰ, ਕਲਾਰਾ ਹਿੱਲਮੈਨ ਅਤੇ ਜਿਸੈਲ ਪੋਰਟਨੀਏ ਦੇ ਸਹਿਯੋਗ ਨਾਲ ਕੀਤੀ ਸੀ। ਇਸ ਬੱਚੀ ਦਾ ਸੁਆਲ ਹੈ ਕਿ ਇਸ ਰਿਵਾਇਤ ਨੂੰ ਅਪਰਾਧ ਐਲਾਨੇ ਹੋਏ 22 ਸਾਲ ਤੋਂ ਵੱਧ ਸਮਾਂ ਗੁਜ਼ਰ ਚੁੱਕਾ ਹੈ ਪਰ ਹਾਲੇ ਤੱਕ ਕੈਨੇਡਾ ਵਿੱਚ ਕਿਸੇ ਦੋਸ਼ੀ ਉੱਤੇ ਇੱਕ ਵੀ ਕੇਸ ਵਿਰੁੱਧ ਦਰਜ਼ ਨਹੀਂ ਹੋਇਆ ਹੈ। ਕੀ ਮੰਨ ਲਿਆ ਜਾਵੇ ਕਿ ਕੈਨੇਡਾ ਵਿੱਚ ਇਹ ਬੁਰਾਈ ਹੈ ਹੀ ਨਹੀਂ ਅਤੇ ਇਸਦਾ ਮੁੱਦਾ ਉਠਾਉਣ ਵਾਲੇ ਬਿਨਾ ਤੱਥਾਂ ਤੋਂ ਝੰਡਾ ਚੁੱਕ ਘੁੰਮ ਰਹੇ ਹਨ? ਜਾਂ ਫੇਰ ਇਸ ਬੁਰਾਈ ਦੇ ਇਰਦ ਗਿਰਦ ਧਾਰਮਿਕ ਅਤੇ ਸੱਭਿਆਚਾਰਕ ਜਨੂੰਨੀਆਂ ਦੇ ਡਰ ਕਾਰਣ ਅਜਿਹਾ ਕੋਝਾ ਪਰਦਾ ਪਿਆ ਹੋਇਆ ਹੈ ਕਿ ਆਵਾਜ਼ ਚੁੱਕਣ ਦਾ ਕਿਸੇ ਵਿੱਚ ਹੀਆ ਨਹੀਂ ਪੈਂਦਾ?

ਸੋਚਣਾ ਇਹ ਵੀ ਬਣਦਾ ਹੈ ਕਿ ਉਂਟੇਰੀਓ ਸਰਕਾਰ ਨੇ 30 ਸਾਲ ਪਹਿਲਾਂ 1990 ਵਿੱਚ ਇਸ ਕੁਰੀਤੀ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਕਿਉਂ ਕਾਇਮ ਕੀਤੀ ਸੀ? ਕ੍ਰਿਮੀਨਲ ਕੋਡ ਅਤੇ ਹੋਰ ਪ੍ਰੋਵਿੰਸ਼ੀਅਲ ਅਪਰਾਧਕ ਕਾਨੂੰਨਾਂ ਵਿੱਚ ਇਸਨੂੰ ਕਿਉਂ ਸ਼ਾਮਲ ਕੀਤਾ ਗਿਆ? ਇਹ ਮੰਨਣਾ ਕਿੰਨਾ ਕੁ ਔਖਾ ਹੈ ਕਿ ਦਾਲ ਵਿੱਚ ਕੁੱਝ ਨਾ ਕੁੱਝ ਕਾਲਾ ਜਰੂਰ ਹੈ? ਕੁੱਝ ਅਰਸਾ ਪਹਿਲਾਂ ਡਾਕਟਰਾਂ ਦੀ ਸੰਸਥਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਗਾਈਨਾਕੋਲੋਜੀ ਅਤੇ ਔਬਸਟੈਟਰਿਕਸ ਮੁਤਾਬਕ ਉਂਟੇਰੀਓ ਵਿੱਚ ਡਾਕਟਰਾਂ ਨੇ ਦੋ ਕੁ ਸਾਲ ਦੇ ਅਰਸੇ ਵਿੱਚ 300 ਤੋਂ ਵੱਧ ਲੜਕੀਆਂ ਦੇ ਗੁਪਤ ਅੰਗਾਂ ਨੂੰ ਦਰੁਸਤ ਕਰਨ ਲਈ ਸਰਜਰੀਆਂ ਕੀਤੀਆਂ ਸਨ।

ਟੋਰਾਂਟੋ ਏਰੀਆ ਵਿੱਚ ਸੋਮਾਲੀਆ ਅਤੇ ਨਾਈਜੀਰੀਆ ਤੋਂ ਆਉਣ ਵਾਲੇ 1 ਲੱਖ ਦੇ ਕਰੀਬ ਪਰਵਾਸੀ ਵੱਸਦੇ ਹਨ ਅਤੇ ਉਂਟੇਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਇਹਨਾਂ ਦੇਸ਼ਾਂ ਵਿੱਚ ਇਸ ਬੁਰਾਈ ਦਾ ਬਹੁਤ ਜਿ਼ਆਦਾ ਪ੍ਰਭਾਵ ਹੈ। ਕੈਨੇਡਾ ਦੇ ਰਿਫਿਊਜੀ ਬੋਰਡ ਅਜਿਹੀਆਂ ਕਿੰਨੀਆਂ ਔਰਤਾਂ ਨੂੰ ਰਿਫਿਊਜੀ ਦਰਜਾ ਦੇ ਚੁੱਕਾ ਹੈ ਜਿਹਨਾਂ ਨੂੰ ਖਤਰਾ ਸੀ ਕਿ ਵਾਪਸ ਭੇਜੇ ਜਾਣ ਦੀ ਸੂਰਤ ਵਿੱਚ ਉਹਨਾਂ ਦੀਆਂ ਬੱਚੀਆਂ ਦੇ ਗੁਪਤ ਅੰਗਾਂ ਨੂੰ ਖੰਡਤ ਕਰ ਦਿੱਤਾ ਜਾਵੇਗਾ। ਇਸ ਕੋੜੀ ਸਥਿਤੀ ਦੇ ਸਨਮੁਖ ਸਸਕੈਚਵਨ ਸਰਕਾਰ ਵੱਲੋਂ ਲਏ ਗਏ ਫੈਸਲੇ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ। ਨਾਲ ਹੀ ਔਰਤਾਂ ਦੇ ਹੱਕਾਂ ਪ੍ਰਤੀ ਲੋੜੋਂ ਵੱਧ ਜੋਸ਼ ਵਿਖਾਉਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਾਹੀਦਾ ਹੈ ਕਿ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਲੋੜੀਂਦੇ ਕਦਮ ਚੁੱਕਣ ਵਾਸਤੇ ਸਮੂਹ ਪ੍ਰੋਵਿੰਸਾਂ ਨਾਲ ਵਾਰਤਾਲਾਪ ਕਰਕੇ ਕੈਨੇਡਾ ਪੱਧਰ ਉੱਤੇ ਇੱਕ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇ।

Have something to say? Post your comment